ਜਲੰਧਰ (ਧਵਨ) - ਹਿਮਾਚਲ ਪ੍ਰਦੇਸ਼ 'ਚ ਵੀਰਭੱਦਰ ਸਿੰਘ ਨੂੰ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਫਿਰ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਗੁਜਰਾਤ ਦੇ ਕਾਂਗਰਸੀਆਂ ਨੇ ਵੀ ਮੰਗ ਉਠਾਈ ਹੈ ਕਿ ਉੱਥੇ ਵੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਜਨਤਾ ਸਾਹਮਣੇ ਲਿਆਂਦਾ ਜਾਵੇ। ਪੰਜਾਬ 'ਚ ਵੀ ਰਾਹੁਲ ਨੇ ਇਸੇ ਤਰ੍ਹਾਂ ਦੀ ਪਹਿਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਗੁਜਰਾਤ ਦੇ ਕਾਂਗਰਸੀ ਵੀ ਸਮਝਦੇ ਹਨ ਕਿ ਮੁੱਖ ਮੰਤਰੀ ਦੇ ਅਹੁਦੇ ਬਾਰੇ ਸਪਸ਼ਟ ਸਥਿਤੀ ਹੋਣ ਨਾਲ ਪਾਰਟੀ ਨੂੰ ਲਾਭ ਮਿਲੇਗਾ ਕਿਉਂਕਿ ਇਕ ਤਾਂ ਜਨਤਾ ਨੂੰ ਪਤਾ ਲੱਗ ਜਾਏਗਾ ਕਿ ਉਨ੍ਹਾਂ ਦਾ ਮੁੱਖ ਮੰਤਰੀ ਕਿਹੜਾ ਨੇਤਾ ਹੋ ਸਕਦਾ ਹੈ ਅਤੇ ਦੂਜਾ ਪਾਰਟੀ ਅੰਦਰ ਵੀ ਵੱਖ-ਵੱਖ ਧੜਿਆਂ 'ਚ ਚੱਲਣ ਵਾਲੀ ਲੜਾਈ 'ਤੇ ਰੋਕ ਲੱਗ ਜਾਏਗੀ। ਕਾਂਗਰਸ 'ਚ ਹੁਣ ਖੇਤਰੀ ਨੇਤਾਵਾਂ ਨੂੰ ਮਜ਼ਬੂਤੀ ਦੇਣ ਦੀ ਗੱਲ ਚਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੇ ਦਿਨੀਂ ਕੇਂਦਰੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਸੀ ਕਿ ਖੇਤਰੀ ਨੇਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਇਕ ਤਾਂ ਉਹ ਸੂਬੇ ਦੇ ਮਸਲਿਆਂ ਨੂੰ ਬਿਹਤਰ ਢੰਗ ਨਾਲ ਜਾਣਦੇ ਹਨ ਅਤੇ ਦੂਜਾ ਪਾਰਟੀ ਅੰਦਰ ਸਪੱਸ਼ਟਤਾ ਬਣੀ ਰਹਿੰਦੀ ਹੈ।
ਗੁਜਰਾਤ ਦੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਉੱਥੇ ਭਾਜਪਾ ਨੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ 'ਚ ਵਿਜੇ ਰੂਪਾਨੀ ਬਨਾਮ ਕੌਣ ਕਿਹੜਾ ਲਿਖਿਆ ਜਾ ਰਿਹਾ ਹੈ। ਕਾਂਗਰਸੀਆਂ ਨੇ ਕਿਹਾ ਕਿ ਜੇਕਰ ਪਾਰਟੀ ਲੀਡਰਸ਼ਿਪ ਮੁੱਖ ਮੰਤਰੀ ਅਹੁਦੇ ਬਾਰੇ ਸਥਿਤੀ ਸਪਸ਼ਟ ਕਰ ਦਿੰਦੀ ਹੈ ਤਾਂ ਭਾਜਪਾ ਨੂੰ ਵੀ ਜਵਾਬ ਮਿਲ ਜਾਵੇਗਾ।
ਕੁਝ ਲੋਕ ਕਹਿੰਦੇ ਹਨ ਕਿ ਭਾਜਪਾ ਨੇ ਵੀ ਹਰਿਆਣਾ ਅਤੇ ਮਹਾਰਾਸ਼ਟਰ 'ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦਾ ਐਲਾਨ ਨਹੀਂ ਕੀਤਾ ਸੀ। ਹਿਮਾਚਲ 'ਚ ਵੀ ਅਜੇ ਸੀ. ਐੱਮ. ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਪਰ ਕਾਂਗਰਸੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਭਾਜਪਾ ਰਾਸ਼ਟਰੀ ਪੱਧਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ 'ਚ ਇਕਜੁੱਟ ਹੈ। ਭਾਜਪਾ ਕੇਂਦਰ 'ਚ ਸੱਤਾ 'ਚ ਹੈ ਜਦਕਿ ਕਾਂਗਰਸ ਸੰਘਰਸ਼ ਦੇ ਦੌਰ 'ਚੋਂ ਲੰਘ ਰਹੀ ਹੈ ਇਸ ਲਈ ਉਸ ਨੂੰ ਆਪਣੇ ਖੇਤਰੀ ਨੇਤਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ।
ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
NEXT STORY