ਜਲੰਧਰ (ਖੁਰਾਣਾ)– ਅੱਜ ਤੋਂ 5 ਸਾਲ ਪਹਿਲਾਂ 17 ਦਸੰਬਰ 2017 ਨੂੰ ਜਲੰਧਰ ਨਿਗਮ ਦਾ ਨਵਾਂ ਹਾਊਸ ਚੁਣਨ ਲਈ ਵੋਟਾਂ ਪਾਈਆਂ ਗਈਆਂ ਸਨ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਵੀ ਐਲਾਨੇ ਗਏ ਸਨ। ਇਹ ਵੱਖ ਗੱਲ ਹੈ ਕਿ ਇਨ੍ਹਾਂ ਕੌਂਸਲਰਾਂ ਨੇ ਆਪਣੇ ਅਹੁਦੇ ਦੀ ਸਹੁੰ 25 ਜਨਵਰੀ 2018 ਨੂੰ ਚੁੱਕੀ ਸੀ। ਉਦੋਂ 8 ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰ ਚੁੱਕੀ ਕਾਂਗਰਸ ਪਾਰਟੀ ਨੇ ਜਲੰਧਰ ਨਿਗਮ ਵਿਚ ਭਾਰੀ ਬਹੁਮਤ ਪ੍ਰਾਪਤ ਕਰਦੇ ਹੋਏ 80 ਵਿਚੋਂ 65 ਸੀਟਾਂ ਜਿੱਤੀਆਂ ਸਨ। ਇੰਨੀ ਵੱਡੀ ਜਿੱਤ ਵੀ ਕਾਂਗਰਸ ਕੋਲੋਂ ਹਜ਼ਮ ਨਹੀਂ ਹੋਈ ਅਤੇ ਇਨ੍ਹਾਂ ਦੇ 5 ਸਾਲ ਆਪਸੀ ਲੜਾਈ ਵਿਚ ਹੀ ਬੀਤ ਗਏ। ਆਪਸੀ ਫੁੱਟ ਕਾਰਨ ਕਾਂਗਰਸ ਪੰਜਾਬ ਦੀ ਸੱਤਾ ਤਾਂ ਹੱਥੋਂ ਗੁਆ ਚੁੱਕੀ ਹੈ ਅਤੇ ਹੁਣ ਕੁਝ ਮਹੀਨੇ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਲਈ ਵੀ ਕਾਂਗਰਸ ਵਿਚ ਦਮਖਮ ਨਜ਼ਰ ਨਹੀਂ ਆ ਰਿਹਾ। 5 ਸਾਲ ਪਹਿਲਾਂ ਸਿਰਫ਼ 8 ਸੀਟਾਂ ਭਾਜਪਾ ਅਤੇ 5 ਸੀਟਾਂ ਉਸ ਦੇ ਸਹਿਯੋਗੀ ਅਕਾਲੀ ਦਲ ਦੇ ਹਿੱਸੇ ਵਿਚ ਆਈਆਂ ਸਨ, ਉਦੋਂ ਆਜ਼ਾਦ ਰੂਪ ਵਿਚ 2 ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। 5 ਸਾਲਾਂ ਦੌਰਾਨ ਨਾਮਾਤਰ ਵਿਰੋਧੀ ਧਿਰ ਹੋਣ ਦੇ ਬਾਵਜੂਦ ਕਾਂਗਰਸ ਕੁਝ ਨਹੀਂ ਕਰ ਸਕੀ।
ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ
ਪੰਜਾਬ ਦੇ ਨਾਲ-ਨਾਲ ਜਲੰਧਰ ਵਿਚ ਵੀ ਲੜਦੇ-ਭਿੜਦੇ ਰਹੇ ਕਾਂਗਰਸੀ
2017 ਵਿਚ ਪੂਰੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਜ਼ਬਰਦਸਤ ਲਹਿਰ ਦੇਖਣ ਨੂੰ ਮਿਲੀ। ਸਾਲ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 117 ਵਿਚੋਂ 77 ਸੀਟਾਂ ਪ੍ਰਾਪਤ ਕਰ ਕੇ ਜਿੱਤ ਦਾ ਝੰਡਾ ਲਹਿਰਾਇਆ ਅਤੇ 8 ਮਹੀਨਿਆਂ ਬਾਅਦ ਦਸੰਬਰ ਵਿਚ ਹੋਈਆਂ ਚੋਣਾਂ ਵਿਚ ਜਲੰਧਰ ਨਿਗਮ ਦੀਆਂ 80 ਵਿਚੋਂ 65 ਸੀਟਾਂ ਜਿੱਤ ਕੇ ਭਾਰੀ-ਭਰਕਮ ਜਿੱਤ ਪ੍ਰਾਪਤ ਕੀਤੀ। ਪੰਜਾਬ ਪੱਧਰ ’ਤੇ ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਧੜਿਆਂ ਵਿਚਕਾਰ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ, ਜਿਸ ਕਾਰਨ ਚਰਨਜੀਤ ਸਿੰਘ ਚੰਨੀ ਵਰਗੇ ਵਿਧਾਇਕ ਦੇ ਹੱਥ ਵਿਚ ਮੁੱਖ ਮੰਤਰੀ ਅਹੁਦਾ ਆ ਗਿਆ, ਜਿਨ੍ਹਾਂ ਕਦੀ ਇਸ ਬਾਰੇ ਸੁਪਨੇ ਵਿਚ ਵੀ ਸੋਚਿਆ ਹੋਵੇਗਾ। ਉਦੋਂ ਜਲੰਧਰ ਵਿਚ ਵੀ ਚਾਰੋਂ ਵਿਧਾਇਕ ਕਾਂਗਰਸ ਵੱਲੋਂ ਜਿੱਤੇ। ਸੰਸਦ ਮੈਂਬਰ ਪਹਿਲਾਂ ਤੋਂ ਹੀ ਇਨ੍ਹਾਂ ਦੀ ਪਾਰਟੀ ਵਿਚੋਂ ਸਨ ਅਤੇ 65 ਕੌਂਸਲਰ ਆਉਣ ਤੋਂ ਬਾਅਦ ਹਰ ਪਾਸੇ ਕਾਂਗਰਸ ਦਾ ਬੋਲਬਾਲਾ ਹੋ ਗਿਆ। ਕਾਂਗਰਸ ਵਿਚ ਪੰਜਾਬ ਪੱਧਰ ਦੀ ਫੁੱਟ ਦੇ ਨਾਲ-ਨਾਲ ਜਲੰਧਰ ਵਿਚ ਵੀ ਹਾਲਾਤ ਵਿਗੜਦੇ ਚਲੇ ਗਏ। ਪਰਗਟ ਸਿੰਘ ਅਤੇ ਸੁਸ਼ੀਲ ਰਿੰਕੂ ਵਰਗੇ ਕਾਂਗਰਸੀ ਵਿਧਾਇਕ ਖੁੱਲ੍ਹ ਕੇ ਮੇਅਰ ਖਿਲਾਫ ਬੋਲਦੇ ਰਹੇ ਅਤੇ ਕੌਂਸਲਰਾਂ ਦਾ ਇਕ ਦਲ ਮੇਅਰ ਤੋਂ ਬਾਗੀ ਹੋ ਗਿਆ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਕੌਂਸਲਰ ਹਾਊਸ ਅਤੇ ਹੋਰ ਮੀਟਿੰਗਾਂ ਵਿਚ ਕਾਂਗਰਸੀ ਹੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲੱਗੇ ਅਤੇ ਇਕ-ਦੂਜੇ ਦੀ ਲੱਤ ਖਿੱਚਣ ਵਿਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ। ਪੰਜਾਬ ਅਤੇ ਜਲੰਧਰ ਵਿਚ ਕਾਂਗਰਸੀਆਂ ਦੀ ਆਪਸੀ ਲੜਾਈ ਕਾਰਨ ਸ਼ਹਿਰ ਦਾ ਕਾਫੀ ਨੁਕਸਾਨ ਹੋਇਆ ਅਤੇ ਵਿਕਾਸ ਪ੍ਰਭਾਵਿਤ ਹੋਇਆ। ਇਸ ਦੌਰਾਨ ਕਾਂਗਰਸੀਆਂ ’ਤੇ ਅਫਸਰਸ਼ਾਹੀ ਹਾਵੀ ਹੋ ਗਈ ਅਤੇ ਆਪਣੀ ਸਰਕਾਰ ਦੇ ਹੁੰਦੇ ਹੋਏ ਵੀ ਕਾਂਗਰਸੀਆਂ ਦੇ ਕੰਮ ਹੋਣੇ ਬੰਦ ਹੋ ਗਏ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ 80 ਵਿਚੋਂ 65 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਕਈ ਵਾਰ ਫਜ਼ੀਹਤ ਦਾ ਸਾਹਮਣਾ ਕਰਨਾ ਪਿਆ। ਇਹੀ ਉਹ ਕਾਰਜਕਾਲ ਸੀ, ਜਿਸ ਦੌਰਾਨ ਕੌਂਸਲਰਾਂ ਦੀ ਵੈਲਿਊ ਅਚਾਨਕ ਕਾਫੀ ਘੱਟ ਗਈ।
ਇਹ ਵੀ ਪੜ੍ਹੋ : ਸੰਸਦ ਮੈਂਬਰ ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ, ਕੇਜਰੀਵਾਲ ਨੂੰ ਟਾਹਲੀ ’ਤੇ ਲਟਕਾ ਕੇ ਲਾਵਾਂਗੇ ਫਾਹਾ
5 ਸਾਲਾਂ ਦੌਰਾਨ ਕੌਂਸਲਰਾਂ ਨਾਲ ਜੁੜੇ ਕਈ ਵਿਵਾਦ
ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਦੇ ਕੌਂਸਲਰਾਂ ਨਾਲ ਕਈ ਵਿਵਾਦ ਜੁੜੇ। ਇਕ ਦਰਜਨ ਤੋਂ ਵੱਧ ਕੌਂਸਲਰ ਅਜਿਹੇ ਸਨ, ਜਿਨ੍ਹਾਂ ਨੇ ਇਸ ਕਾਰਜਕਾਲ ਦੌਰਾਨ ਖੂਬ ਨਾਜਾਇਜ਼ ਕਾਲੋਨੀਆਂ ਕੱਟੀਆਂ, ਕਰੋੜਾਂ ਰੁਪਏ ਕਮਾਏ ਅਤੇ ਜਲੰਧਰ ਨਿਗਮ ਨੂੰ ਅਰਬਾਂ ਰੁਪਏ ਦਾ ਚੂਨਾ ਵੀ ਲਾਇਆ। ਵਧੇਰੇ ਕੌਂਸਲਰਾਂ ਨੇ ਨਾਜਾਇਜ਼ ਬਿਲਡਿੰਗਾਂ ਨੂੰ ਖੁੱਲ੍ਹ ਕੇ ਸਰਪ੍ਰਸਤੀ ਦਿੱਤੀ। ਇਕ ਕੌਂਸਲਰ ਤਾਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੇ ਟੈਂਡਰ ਜਾਰੀ ਕਰਵਾਉਣ ਦੇ ਮਾਮਲੇ ਵਿਚ ਦੇਰ ਤੱਕ ਵਿਵਾਦਾਂ ਵਿਚ ਫਸਿਆ ਰਿਹਾ। ਇਕ ਕਾਂਗਰਸੀ ਕੌਂਸਲਰ ’ਤੇ ਨਿਗਮ ਦੇ ਹੀ ਇਕ ਅਫਸਰ ਨੇ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਇਕ ਕੌਂਸਲਰ ਨੂੰ ਰੇਤ ਮਾਫੀਆ ਦੇ ਲਿੰਕ ਵਿਚ ਹੋਣ ਨਾਲ ਸਬੰਧਤ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਇਕ ਕੌਂਸਲਰ ਦੀ ਆਪਣੀ ਬਿਲਡਿੰਗ ਨੂੰ ਹੀ ਨਿਗਮ ਨੇ ਸੀਲ ਕਰ ਦਿੱਤਾ। ਇਕ ਕਾਂਗਰਸੀ ਕੌਂਸਲਰ ਨੇ ਨਿਗਮ ਦੀ ਗ੍ਰਹਿ ਦਸ਼ਾ ਠੀਕ ਕਰਨ ਲਈ ਨਿਗਮ ਆ ਕੇ ਹਵਨ ਯੱਗ ਕੀਤਾ। ਇਕ ਕਾਂਗਰਸੀ ਕੌਂਸਲਰ ਨੇ ਡੁਪਲੀਕੇਟ ਮੇਅਰ ਬਣਨ ਦਾ ਮਜ਼ਾ ਲਿਆ। ਕੁਝ ਕੌਂਸਲਰਾਂ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਤੱਕ ਲੱਗੇ। ਕਈ ਕਾਂਗਰਸੀ ਕੌਂਸਲਰਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੁੱਲ੍ਹ ਕੇ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਹਰਵਾਇਆ। ਇਸੇ ਕਾਰਜਕਾਲ ਦੌਰਾਨ 2 ਕਾਂਗਰਸੀ ਕੌਂਸਲਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ 60 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਵਿਚ ਗਬਨ ਕਰਨ ਦੇ ਦੋਸ਼ ਲੱਗੇ ਅਤੇ 6 ਐੱਫ. ਆਈ. ਆਰਜ਼ ਦਰਜ ਹੋਈਆਂ।
ਕਾਂਗਰਸੀਆਂ ਵੱਲੋਂ ਲਿਆਂਦੇ ਗਏ ਸਾਰੇ ਪ੍ਰਾਜੈਕਟ ਫੇਲ ਸਾਬਿਤ ਹੋਏ
10 ਸਾਲ ਪੰਜਾਬ ਵਿਚ ਰਹੀ ਅਕਾਲੀ-ਭਾਜਪਾ ਸਰਕਾਰ ਨੇ ਜਲੰਧਰ ਨਿਗਮ ਲਈ ਆਟੋਮੇਟਿਡ ਸਵੀਪਿੰਗ ਮਸ਼ੀਨ ਅਤੇ ਐੱਲ. ਈ. ਡੀ. ਸਟਰੀਟ ਲਾਈਟ ਨਾਲ ਸਬੰਧਤ ਪ੍ਰਾਜੈਕਟ ਸ਼ੁਰੂ ਕੀਤੇ ਪਰ ਕਾਂਗਰਸ ਸਰਕਾਰ ਨੇ ਆਉਂਦੇ ਹੀ ਇਨ੍ਹਾਂ ਪ੍ਰਾਜੈਕਟਾਂ ਨੂੰ ਭਾਰੀ ਘਪਲਾ ਦੱਸਿਆ ਅਤੇ ਇਨ੍ਹਾਂ ਦੀ ਥਾਂ ’ਤੇ ਆਪਣੇ ਦੋਵੇਂ ਪ੍ਰਾਜੈਕਟ ਲਾਗੂ ਕਰ ਦਿੱਤੇ। ਇਨ੍ਹਾਂ 5 ਸਾਲਾਂ ਦੌਰਾਨ ਕਾਂਗਰਸ ਵੱਲੋਂ ਲਿਆਂਦਾ ਗਿਆ ਸਵੀਪਿੰਗ ਮਸ਼ੀਨ ਪ੍ਰਾਜੈਕਟ ਅਤੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਅਤੇ ਖੁਦ ਕਾਂਗਰਸੀ ਹੀ ਇਸਨੂੰ ਘਪਲਾ ਦੱਸਣ ਲੱਗੇ। ਇਸ ਦਾ ਖਮਿਆਜ਼ਾ ਸ਼ਹਿਰ ਨੂੰ ਭੁਗਤਣਾ ਪਿਆ ਅਤੇ ਅੱਜ ਜਲੰਧਰ ਸਾਫ਼-ਸਫ਼ਾਈ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ ਅੱਧੇ ਤੋਂ ਵੱਧ ਸ਼ਹਿਰ ਵਿਚ ਹਨੇਰਾ ਪਸਰਿਆ ਹੋਇਆ ਹੈ। ਕਾਂਗਰਸ ਨੇ ਸਰਕਾਰ ਸੰਭਾਲਦੇ ਹੀ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਪਰ ਉਹ ਵੀ ਵਿਵਾਦਾਂ ਦੀ ਭੇਟ ਚੜ੍ਹਦਾ ਰਿਹਾ ਅਤੇ ਅੱਜ ਉਸਨੂੰ ਵੀ ਇਕ ਫਲਾਪ ਪ੍ਰਾਜੈਕਟ ਦੱਿਸਆ ਜਾ ਰਿਹਾ ਹੈ। ਇਸ ਸਰਕਾਰ ਤੋਂ 5 ਸਾਲ ਤੱਕ ਇਕਹਿਰੀ ਪੁਲੀ ਦੀ ਸਮੱਸਿਆ ਦੂਰ ਨਹੀਂ ਹੋਈ ਅਤੇ ਅੱਜ ਜਲੰਧਰ ਨੂੰ ਟੁੱਟੀਆਂ ਸੜਕਾਂ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਕਪੂਰਥਲਾ ਦੇ ਇਸ ਸ਼ਖ਼ਸ ਨੂੰ ਮਿਲੀ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ, ਮੰਗੇ 40 ਲੱਖ
ਇਨ੍ਹਾਂ 5 ਸਾਲਾਂ ਦੌਰਾਨ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਹੋਇਆ ਬੇੜਾ ਗਰਕ
ਮੋਦੀ ਸਰਕਾਰ ਨੇ ਵਿਕਾਸ ਲਈ ਦਿੱਤੇ ਅਰਬਾਂ ਰੁਪਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਤਾਂ ਉਦੋਂ ਜਲੰਧਰ ਦਾ ਨਾਂ ਵੀ ਇਸ ਵਿਚ ਸ਼ਾਮਲ ਹੋਇਆ। ਉਸ ਸਮੇਂ ਪੰਜਾਬ ’ਤੇ ਅਕਾਲੀ-ਭਾਜਪਾ ਦਾ ਰਾਜ ਸੀ। ਜਦੋਂ ਜਲੰਧਰ ਵਿਚ ਸਮਾਰਟ ਸਿਟੀ ਦੇ ਕੰਮ ਸ਼ੁਰੂ ਹੋਏ, ਉਦੋਂ ਤੱਕ ਕਾਂਗਰਸ ਸੱਤਾ ਵਿਚ ਆ ਚੁੱਕੀ ਸੀ ਪਰ ਪਿਛਲੇ 5 ਸਾਲਾਂ ਦੌਰਾਨ ਕਾਂਗਰਸੀਆਂ ਨੇ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟਾ ਦਾ ਬੇੜਾ ਗਰਕ ਕਰ ਦਿੱਤਾ। ਕਰੋੜਾਂ ਰੁਪਿਆ ਖਰਚ ਹੋਣ ਦੇ ਬਾਅਦ ਅੱਜ ਸ਼ਹਿਰ ਜ਼ਰਾ ਜਿੰਨਾ ਵੀ ਸਮਾਰਟ ਨਹੀਂ ਦਿਸ ਰਿਹਾ। ਸਾਰੇ 64 ਪ੍ਰਾਜੈਕਟ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਜਲੰਧਰ ਸ਼ਹਿਰ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਕਾਂਗਰਸੀਆਂ ਦੀ ਨਾਲਾਇਕੀ ਅਤੇ ਭ੍ਰਿਸ਼ਟਤੰਤਰ ਨੇ ਪੈਸੇ ਦੀ ਜੰਮ ਕੇ ਬਾਂਦਰ-ਵੰਡ ਕੀਤੀ।
ਪਿਛਲੇ 5 ਸਾਲਾਂ ਦੌਰਾਨ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਵਿਚ ਭਾਰੀ ਰਿਸ਼ਵਤਖੋਰੀ ਅਤੇ ਕਮੀਸ਼ਨਬਾਜ਼ੀ ਹੋਈ ਅਤੇ ਕਰੋੜਾਂ ਰੁਪਿਆ ਅਫ਼ਸਰਾਂ ਦੀ ਜੇਬ ਵਿਚ ਦਲਾਲੀ ਦੇ ਰੂਪ ਵਿਚ ਚਲਾ ਗਿਆ। ਅਫ਼ਸਰਾਂ ਨੇ ਜਲੰਧਰ ਦੇ ਕਾਂਗਰਸੀਆਂ ਨੂੰ ਸਮਾਰਟ ਸਿਟੀ ਦੇ ਦਫ਼ਤਰ ਦੇ ਨੇੜੇ ਵੀ ਫਟਕਣ ਨਹੀਂ ਦਿੱਤਾ ਅਤੇ ਇਨ੍ਹਾਂ ਨੂੰ ਸਿਰਫ਼ ਉਦਘਾਟਨਾਂ ਵਿਚ ਹੀ ਉਲਝਾਈ ਰੱਖਿਆ। ਚੌਂਕਾਂ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ 8-10 ਕਰੋੜ ਰੁਪਏ ਕਿੱਥੇ ਖ਼ਰਚ ਕੀਤੇ ਗਏ, ਕਿਸੇ ਨੂੰ ਪਤਾ ਨਹੀਂ ਲੱਗਾ। 1-1 ਪਾਰਕ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਸਵਾ-ਸਵਾ ਕਰੋੜ ਰੁਪਏ ਖਰਚ ਕਰ ਦਿੱਤੇ ਗਏ ਪਰ ਅੱਜ ਉਨ੍ਹਾਂ ਪਾਰਕਾਂ ਦੀ ਹਾਲਤ ਪਹਿਲਾਂ ਤੋਂ ਵੀ ਜ਼ਿਆਦਾ ਬੁਰੀ ਹੈ। ਅਜਿਹੇ ਕਈ ਕਾਰਨ ਰਹੇ, ਜਿਸ ਕਾਰਨ ਸ਼ਹਿਰ ਦੇ ਲੋਕਾਂ ਦੇ ਮਨੋਂ ਕਾਂਗਰਸ ਉਤਰਦੀ ਚਲੀ ਗਈ। ਕਾਂਗਰਸ ਦੀ ਇਸ ਨਾਕਾਮੀ ਨੂੰ ਆਮ ਆਦਮੀ ਪਾਰਟੀ ਨੇ ਭੁਨਾਇਆ ਅਤੇ ਸੂਬੇ ਦੀ ਸੱਤਾ ’ਤੇ ਕਬਜ਼ਾ ਕਰ ਲਿਆ।
ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਖੰਨਾ 'ਚ ਧੁੰਦ ਕਾਰਨ ਸ਼ਰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
NEXT STORY