ਜਲੰਧਰ, (ਪ੍ਰੀਤ, ਸੁਧੀਰ)- ਨੂੰਹ ਵਲੋਂ ਦਰਜ ਕਰਵਾਏ ਗਏ ਕੇਸ ਵਿਚ ਸਮਝੌਤਾ ਨਾ ਹੋਣ 'ਤੇ ਸਹੁਰੇ ਤੇ ਪਤੀ ਨੇ ਲੁੱਟ ਦੀ ਝੂਠੀ ਕਹਾਣੀ ਰਚੀ ਤੇ ਦੋਸ਼ ਨੂੰਹ ਦੇ ਭਰਾ 'ਤੇ ਮੜ੍ਹ ਦਿੱਤੇ। ਸ਼ਾਤਰ ਪਿਓ-ਪੁੱਤ ਨੇ ਝੂਠਾ ਕੇਸ ਦਰਜ ਕਰਵਾਉਣ ਦੀ ਯੋਜਨਾ ਫੁਲ ਪਰੂਫ ਤਿਆਰ ਕੀਤੀ ਸੀ ਪਰ ਇੰਸ. ਨਵਦੀਪ ਸਿੰਘ ਵਲੋਂ ਸਾਇੰਟੀਫਿਕ ਢੰਗ ਨਾਲ ਕੀਤੀ ਗਈ ਜਾਂਚ ਵਿਚ ਇਹ ਯੋਜਨਾ ਧਰੀ-ਧਰਾਈ ਰਹਿ ਗਈ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੋਲਡਨ ਐਵੇਨਿਊ ਵਾਸੀ ਜਸਪਾਲ ਸਿੰਘ ਭਾਟੀਆ ਨੇ 25 ਮਈ ਨੂੰ ਥਾਣਾ ਨੰਬਰ 1 ਵਿਚ ਸ਼ਿਕਾਇਤ ਦਰਜ ਕਰਵਾਈ ਕਿ ਮੋਟਰਸਾਈਕਲ ਨੰਬਰ ਪੀ ਬੀ 07 ਬੀ ਏ 5875 'ਤੇ ਸਵਾਰ ਲੁਟੇਰਿਆਂ ਨੇ ਉਸ ਕੋਲੋਂ ਚਾਕੂ ਦੀ ਨੋਕ 'ਤੇ 16 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਚੇਨ, ਅੰਗੂਠੀ ਲੁੱਟ ਲਈ ਤੇ ਫਰਾਰ ਹੋ ਗਏ। ਜਸਪਾਲ ਸਿੰਘ ਨੇ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਨੂੰ ਦੇ ਦਿੱਤੀ।
ਥਾਣਾ ਨੰਬਰ 1 ਦੇ ਇੰਸ. ਨਵਦੀਪ ਸਿੰਘ ਨੇ ਏ. ਸੀ. ਪੀ. ਨਾਰਥ ਨਵਦੀਪ ਸਿੰਘ ਮਾਹਲ ਦੇ ਨਿਰਦੇਸ਼ਾਂ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਲੁੱਟ ਦੀ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਪਰਮਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਦਾ ਹੈ। ਪੁਲਸ ਨੇ ਜਦੋਂ ਪਰਮਿੰਦਰ ਸਿੰਘ ਨੂੰ ਜਾਂਚ ਵਿਚ ਸ਼ਾਮਲ ਕੀਤਾ ਤਾਂ ਵਾਰਦਾਤ ਦੀਆਂ ਪਰਤਾਂ ਖੁੱਲ੍ਹ ਗਈਆਂ।
ਮੋਟਰਸਾਈਕਲ ਮਾਲਕ ਪਰਮਿੰਦਰ ਸਿੰਘ ਦੀ ਭੈਣ ਜਸਮੀਤ ਕੌਰ ਸ਼ਿਕਾਇਤ ਦੇਣ ਵਾਲੇ ਜਸਪਾਲ ਸਿੰਘ ਦੇ ਬੇਟੇ ਹਰਨੂਰ ਸਿੰਘ ਨਾਲ ਵਿਆਹੀ ਹੋਈ ਹੈ ਤੇ ਉਸ ਨੇ ਜਸਪਾਲ ਸਿੰਘ ਤੇ ਹੋਰਨਾਂ ਦੇ ਖਿਲਾਫ ਅਪ੍ਰੈਲ 2016 ਵਿਚ ਫਰਾਡ ਦਾ ਕੇਸ ਦਰਜ ਕਰਵਾਇਆ ਸੀ।
ਉਕਤ ਕੇਸ ਵਿਚ ਸਮਝੌਤੇ ਦਾ ਦਬਾਅ ਬਣਾਉਣ ਲਈ ਲੁੱਟ ਦੇ ਝੂਠੇ ਮਾਮਲੇ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇੰਸ. ਨਵਦੀਪ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਰਨੂਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਹਰਨੂਰ ਨੇ ਹਾਇਰ ਕੀਤੇ ਸਨ ਲੁਟੇਰੇ
ਇੰਸ. ਨਵਦੀਪ ਸਿੰਘ ਨੇ ਦੱਸਿਆ ਕਿ ਜਸਪਾਲ ਤੇ ਹਰਨੂਰ ਨੇ ਲੁੱਟ ਦੀ ਵਾਰਦਾਤ ਵਿਚ ਪਰਮਿੰਦਰ ਨੂੰ ਫਸਾਉਣ ਦੀ ਯੋਜਨਾ ਬਣਾਈ ਸੀ। ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਹਰਨੂਰ ਨੇ ਦੋ ਲੁਟੇਰਿਆਂ ਨੂੰ ਹਾਇਰ ਕੀਤਾ ਤੇ ਇਕ ਹੋਰ ਮੋਟਰਸਾਈਕਲ 'ਤੇ ਪਰਮਿੰਦਰ ਦੇ ਮੋਟਰਸਾਈਕਲ ਦਾ ਨੰਬਰ ਲਗਾ ਦਿੱਤਾ ਤੇ ਇਸ ਤੋਂ ਬਾਅਦ ਵਾਰਦਾਤ ਵਾਲੀ ਥਾਂ 'ਤੇ ਰੱਖਿਆ ਗਿਆ, ਜਿਥੇ ਸੀ. ਸੀ. ਟੀ. ਵੀ. ਫੁਟੇਜ 'ਚ ਸਪੱਸ਼ਟ ਨਜ਼ਰ ਆ ਜਾਵੇ। ਹੋਇਆ ਵੀ ਅਜਿਹਾ ਹੀ, ਫੁਟੇਜ ਦੇਖਣ 'ਤੇ ਇਕ ਵਾਰ ਤਾਂ ਅਜਿਹਾ ਹੀ ਲੱਗਦਾ ਸੀ ਕਿ ਅਸਲੀਅਤ ਵਿਚ ਵਾਰਦਾਤ ਹੋਈ ਹੈ ਪਰ ਮੋਟਰਸਾਈਕਲ ਦਾ ਨੰਬਰ ਸਪੱਸ਼ਟ ਨਜ਼ਰ ਆਉਣ ਤੇ ਸ਼ਿਕਾਇਤਕਰਤਾ ਵਲੋਂ ਦੱਸੇ ਜਾਣ 'ਤੇ ਮਾਮਲਾ ਸ਼ੱਕੀ ਜਾਪਿਆ। ਇੰਸ. ਨਵਦੀਪ ਸਿੰਘ ਨੇ ਕਿਹਾ ਕਿ ਹਰਨੂਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗੇਗਾ ਕਿ ਲੁੱਟ ਦੀ ਵਾਰਦਾਤ ਵਿਚ ਕਿਨ੍ਹਾਂ ਲੋਕਾਂ ਨੂੰ ਲੁਟੇਰੇ ਬਣਨ ਲਈ ਹਾਇਰ ਕੀਤਾ ਗਿਆ ਸੀ।
30 ਗ੍ਰਾਮ ਹੈਰੋਇਨ ਸਣੇ 3 ਕਾਬੂ
NEXT STORY