ਰੂਪਨਗਰ, (ਵਿਜੇ)- ਅੱਜ ਸਵੇਰ ਤੋਂ ਦੁਪਹਿਰ ਤੱਕ ਲਗਾਤਾਰ ਪਏ ਤੇਜ਼ ਮੀਂਹ ਕਾਰਨ ਸ਼ਹਿਰ 'ਚ ਬੰਦ ਨਾਲਿਆਂ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪਿਆ। ਬਰਸਾਤੀ ਪਾਣੀ ਸੜਕਾਂ 'ਤੇ ਗੋਡਿਆਂ ਤੱਕ ਭਰ ਗਿਆ, ਜਦਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਂਸਲ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ 'ਚ ਰੋਸ ਹੈ। ਕੁਝ ਦਿਨਾਂ ਤੋਂ ਸ਼ਹਿਰ 'ਚ ਗੰਦਗੀ ਦੇ ਢੇਰਾਂ ਨੂੰ ਨਾ ਹਟਾਉਣ ਕਾਰਨ ਅੱਜ ਗੰਦਗੀ ਸ਼ਹਿਰ ਦੀਆਂ ਸੜਕਾਂ, ਗਲੀਆਂ, ਮੁਹੱਲਿਆਂ 'ਚ ਫੈਲ ਗਈ ਤੇ ਰੂਪਨਗਰ ਇਕ ਵਾਰ ਕਰੂਪਨਗਰ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ। ਮਲਹੋਤਰਾ ਕਾਲੋਨੀ, ਦਸਮੇਸ਼ ਕਾਲੋਨੀ, ਬੇਲਾ ਚੌਕ, ਡੀ. ਏ. ਵੀ. ਸਕੂਲ ਮਾਰਗ, ਪ੍ਰੀਤ ਕਾਲੋਨੀ, ਗਾਂਧੀ ਸਕੂਲ ਮਾਰਗ, ਹਰਗੋਬਿੰਦ ਨਗਰ ਸਮੇਤ ਹੋਰ ਹਿੱਸਿਆਂ 'ਚ ਸੜਕਾਂ ਬੁਰੀ ਤਰ੍ਹਾਂ ਪਾਣੀ ਨਾਲ ਭਰ ਜਾਣ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦਸਮੇਸ਼ ਕਾਲੋਨੀ ਮਾਰਗ 'ਤੇ ਗ੍ਰੀਨ ਪੈਲੇਸ ਨੇੜੇ ਪੂਰਾ ਰਸਤਾ ਤਲਾਬ 'ਚ ਬਦਲ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ। ਸਿੱਟੇ ਵਜੋਂ ਅੱਜ ਲੋਕਾਂ ਨੂੰ ਆਈਆਂ ਮੁਸ਼ਕਿਲਾਂ ਕਰਕੇ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਦੂਜੇ ਪਾਸੇ, ਗਿਆਨੀ ਜ਼ੈਲ ਸਿੰਘ ਨਗਰ 'ਚ ਬਲਾਕੇਜ ਦੀ ਸਮੱਸਿਆ ਕਾਰਨ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਗਿਆਨੀ ਜ਼ੈਲ ਸਿੰਘ ਨਗਰ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਨੇੜੇ ਸੜਕਾਂ ਨੱਕੋ-ਨੱਕ ਪਾਣੀ ਨਾਲ ਭਰ ਗਈਆਂ, ਜਦੋਂਕਿ ਜਿਸ ਸਥਾਨ 'ਤੇ ਸਬਜ਼ੀ ਮੰਡੀ ਲੱਗਦੀ ਹੈ, ਉਹ ਜਗ੍ਹਾ ਨਹਿਰ 'ਚ ਬਦਲ ਗਈ।
ਕਾਲਜ ਰੋਡ ਮਾਰਗ 'ਤੇ ਬਰਸਾਤੀ ਪਾਣੀ ਨੇ ਵਾਹਨ ਚਾਲਕਾਂ ਦੀਆਂ ਸਮੱਸਿਆਵਾਂ ਨੂੰ ਵਧਾਇਆ। ਇਸੇ ਤਰ੍ਹਾਂ ਹਸਪਤਾਲ ਮਾਰਗ ਤੋਂ ਰੈਲੋ ਰੋਡ ਨੇੜੇ ਵੱਡੀ ਮਾਤਰਾ 'ਚ ਪਾਣੀ ਜਮ੍ਹਾ ਹੋ ਜਾਣ ਕਾਰਨ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਦਵਾਈ ਵਿਕਰੇਤਾਵਾਂ ਨੂੰ ਦੁਕਾਨਾਂ 'ਚੋਂ ਬਾਲਟੀਆਂ ਨਾਲ ਪਾਣੀ ਕੱਢਦੇ ਦੇਖਿਆ ਗਿਆ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਪਿਸਤੌਲ ਦੀ ਨੋਕ 'ਤੇ ਦੋ ਅਣਪਛਾਤੇ ਨੌਜਵਾਨਾਂ ਨੇ ਖੋਹੀ ਇਨੋਵਾ
NEXT STORY