ਜਲੰਧਰ(ਮਨੋਜ)— ਲੋਹੜੀ ਵਾਲੇ ਦਿਨ ਪੰਜਾਬ ਦੇ ਠੇਕਾ ਮੁਲਾਜ਼ਮ ਕਾਫੀ ਭੜਕੇ ਹੋਏ ਨਜ਼ਰ ਆਏ। ਦਰਅਸਲ ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਹ ਕਾਫੀ ਗੁੱਸੇ 'ਚ ਹਨ। ਕੈਪਟਨ ਦੇ ਨਾਲ ਮਿਲਣ ਦੇ ਸਮੇਂ ਦੀ ਗੁਜ਼ਾਰਿਸ਼ ਕਰਨ ਲਈ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਅਨੋਖਾ ਤਰੀਕਾ ਅਪਣਾ ਕੇ ਪ੍ਰਦਰਸ਼ਨ ਕੀਤਾ।

ਲੋਹੜੀ ਵਾਲੇ ਦਿਨ ਇਹ ਠੇਕਾ ਮੁਲਾਜ਼ਮ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਕੋਲ ਟੀਨ ਵਜਾਉਂਦੇ ਹੋਏ ਪਹੁੰਚੇ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਰਸਤੇ 'ਚ ਘੇਰ ਲਿਆ, ਜਿਸ ਨਾਲ ਉਹ ਭੜਕ ਗਏ। ਇਸ ਦੌਰਾਨ ਵਿਧਾਇਕ ਰਿੰਕੂ ਮੌਕੇ 'ਤੇ ਆ ਕੇ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ। ਪੀਪੇ ਖੜਕਾ ਕੇ ਮੁਲਾਜ਼ਮਾਂ ਨੇ ਸੁਸ਼ੀਲ ਰਿੰਕੂ ਦੇ ਸਾਹਮਣੇ, ''ਐੱਮ. ਐੱਲ. ਏ. ਸਾਬ੍ਹ ਸਾਨੂੰ ਲੋਹੜੀ ਪਾਓ, ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਓ'' ਦੇ ਨਾਅਰੇ ਲਗਾਏ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਨੇ ਠੇਕੇ ਦੇ ਆਧਾਰ 'ਤੇ ਕੰਮ ਰੱਖਿਆ ਹੈ ਅਤੇ ਪੱਕੇ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ ਨੇ ਮੰਗ ਪੱਤਰ ਲੈ ਕੇ ਉਨ੍ਹਾਂ ਨੂੰ ਕੈਪਟਨ ਨਾਲ ਮੁਲਾਕਾਤ ਕਰਵਾਉਣ ਦੀ ਗਾਰੰਟੀ ਤਾਂ ਨਹੀਂ ਦਿੱਤੀ, ਜਿਸ 'ਤੇ ਇਨ੍ਹਾਂ ਮੁਲਾਜ਼ਮਾਂ ਨੇ 'ਹੁੱਕਾ ਵੀ ਹੁੱਕਾ' ਕਾਂਗਰਸ ਦਾ ਪ੍ਰਸ਼ਾਸਨ ਭੁੱਖਾ ਵਰਗੇ ਨਾਅਰੇ ਲਗਾਏ। ਹਾਲਾਂਕਿ ਸੁਸ਼ੀਲ ਰਿੰਕੂ ਨੇ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਜ਼ਰੂਰ ਦਿੱਤਾ।

ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਗਗਨ ਸ਼ਰਮਾ, ਰਮੇਸ਼ ਕੁਮਾਰ, ਸ਼ੋਭਿਤ ਭਗਤ, ਗੋਰਵ, ਸਰਵਨ ਸਿੰਘ ਨੇ ਦੱਸਿਆ ਕਿ 10 ਜਨਵਰੀ ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਭਵਨ ਚੰਡੀਗੜ੍ਹ ਭਵਨ ਵਿਖੇ ਮਿਲਿਆ ਅਤੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੇ ਵਾਅਦਿਆਂ ਦੀ ਯਾਦਗਾਰੀ ਤਸਵੀਰ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਦੀ ਸਰਕਾਰ ਜਾਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਕੋਈ ਠੋਸ ਹੁੰਗਾਰਾ ਨਹੀਂ ਭਰਿਆ ਗਿਆ, ਜਿਸ ਤੋਂ ਬਾਅਦ ਲੱਗਦਾ ਹੈ ਕਿ ਸਰਕਾਰ ਨੌਜਵਾਨ ਮੁਲਾਜ਼ਮਾਂ ਪ੍ਰਤੀ ਗੰਭੀਰ ਨਹੀਂ ਹਨ ਅਤੇ ਸਰਕਾਰ ਕਿਸੇ ਅਣਹੋਣੀ ਨੂੰ ਉਡੀਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਸੂਬੇ ਦੇ ਕਿਸਾਨ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਵੀ ਇਹੋ ਜਿਹਾ ਰਿਹਾ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਮੁਲਾਜ਼ਮ ਵੀ ਖੁਦਕੁਸ਼ੀ ਕਰਨ ਨੂੰ ਮਜਬੂਰ ਹੋਣਗੇ।
ਮੋਗਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
NEXT STORY