ਮਾਛੀਵਾੜਾ ਸਾਹਿਬ (ਟੱਕਰ) : ਐਸ. ਡੀ. ਐਮ. ਸਮਰਾਲਾ ਗੀਤਿਕਾ ਸਿੰਘ ਵਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੇੜ੍ਹਲੇ ਪਿੰਡ ਮਾਛੀਵਾੜਾ ਖਾਮ ਦਾ ਕਿਸਾਨ ਜੋ ਨੱਕ ਦਾ ਆਪ੍ਰੇਸ਼ਨ ਕਰਵਾਉਣ ਲਈ ਨਵਾਂਸ਼ਹਿਰ ਡਾਕਟਰ ਕੋਲ ਗਿਆ ਸੀ ਪਰ ਉਸ ਤੋਂ ਪਹਿਲਾਂ ਕੋਰੋਨਾ ਟੈਸਟ ਦੌਰਾਨ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਕੋਰੋਨਾ ਟੈਸਟ ਦੇਣ ਤੋਂ ਬਾਅਦ ਇਹ ਕਿਸਾਨ ਮਾਛੀਵਾੜਾ ਸ਼ਹਿਰ ਤੇ ਆਪਣੇ ਪਿੰਡ ’ਚ ਘੁੰਮਦਾ ਰਿਹਾ ਅਤੇ ਕਈ ਵਿਅਕਤੀਆਂ ਦੇ ਸੰਪਰਕ ’ਚ ਆਇਆ। ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਸ ਮਰੀਜ਼ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਵੀ ਵਿਅਕਤੀ ਉਸ ਦੇ ਸੰਪਰਕ ’ਚ ਆਏ, ਉਹ ਤੁਰੰਤ ਸਿਵਲ ਹਸਪਤਾਲ ਮਾਛੀਵਾੜਾ ਵਿਖੇ ਆਪਣੀ ਸੂਚਨਾ ਦੇਣ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ।
ਉਨ੍ਹਾਂ ਕਿਹਾ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੰਪਰਕ ’ਚ ਆਉਣ ਵਾਲੇ ਵਿਅਕਤੀ ਆਪਣੇ ਪਰਿਵਾਰਾਂ ਦੀ ਰੱਖਿਆ ਲਈ ਫ਼ਰਜ਼ ਨਿਭਾਉਂਦੇ ਹੋਏ ਬਿਨ੍ਹਾਂ ਕਿਸੇ ਭੈਅ ਤੋਂ ਸਿਵਲ ਹਸਪਤਾਲ ਸੂਚਨਾ ਦੇਣ ਤਾਂ ਜੋ ਉਨ੍ਹਾਂ ’ਚ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਟੈਸਟ ਕਰਵਾਏ ਜਾ ਸਕਣ। ਐਸ.ਡੀ.ਐਮ. ਗੀਤਿਕਾ ਸਿੰਘ ਨੇ ਕਿਹਾ ਕਿ ਇਹ ਕੋਰੋਨਾ ਪੀੜਤ ਮਰੀਜ਼ ਜਿਸ ਬੈਂਕ ਅੰਦਰ ਗਿਆ ਅਤੇ ਕਰਿਆਨੇ ਵਾਲਿਆਂ ਨੂੰ ਮਿਲਿਆ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਘਰਾਂ ’ਚ ਰਹਿਣ ਅਤੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਆਉਣ। ਐਸ.ਡੀ.ਐਮ. ਗੀਤਿਕਾ ਸਿੰਘ ਨੇ ਕਿਹਾ ਕਿ ਕੇਵਲ ਕਰਿਆਨਾ, ਮੈਡੀਕਲ ਸਟੋਰ ਅਤੇ ਖੇਤੀਬਾੜੀ ਨਾਲ ਸਬੰਧਿਤ ਦੁਕਾਨਾਂ ਨੂੰ ਹੀ ਸਵੇਰੇ 7 ਤੋਂ 3 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ ਪਰ ਇਸ ਦੌਰਾਨ ਦੁਕਾਨਦਾਰ ਮਾਸਕ ਪਹਿਨ ਕੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਦੁਕਾਨਾਂ ਦੇ ਬਾਹਰ ਸੈਨੀਟਾਈਜ਼ ਰੱਖਣ ਤਾਂ ਜੋ ਹਰੇਕ ਵਿਅਕਤੀ ਹੱਥ ਧੋ ਕੇ ਦੁਕਾਨ ਅੰਦਰ ਦਾਖਲ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਦੁਕਾਨਦਾਰ ਚੋਰੀ ਛੁਪੇ ਦੁਕਾਨ ਦੇ ਬਾਹਰ ਬੈਠ ਕੇ ਸਮਾਨ ਵੇਚਦਾ ਕਾਬੂ ਆਇਆ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅਣਪਛਾਤੇ ਵਿਅਕਤੀਆਂ ਵਲੋਂ ਦੇਰ ਰਾਤ ਮੰਦਰ ਦੇ ਪੁਜਾਰੀ 'ਤੇ ਹਮਲਾ
NEXT STORY