ਚੰਡੀਗੜ੍ਹ, (ਪਾਲ)- ਸ਼ਹਿਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ। ਪੀ. ਜੀ. ਆਈ. ਦੀ ਲਾਪਰਵਾਹੀ ਕਾਰਣ ਸੋਮਵਾਰ ਨੂੰ ਆਈਸੋਲੇਟ ਕੀਤੇ ਗਏ 31 ਲੋਕਾਂ ਦੇ ਸਟਾਫ਼ 'ਚੋਂ ਇਕ ਨਰਸਿੰਗ ਸਟਾਫ਼ ਦੇ ਮੈਂਬਰ ਨੂੰ ਮੰਗਲਵਾਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। 31 ਸਾਲ ਦਾ ਮਰੀਜ਼ ਸੈਕਟਰ-37 'ਚ ਰਹਿੰਦਾ ਹੈ। ਉਸਦੀ ਪੀ. ਜੀ. ਆਈ. 'ਚ ਸਾਲ 2015 'ਚ ਬਤੌਰ ਮੇਲ ਨਰਸਿੰਗ ਸਟਾਫ਼ ਦੀ ਜੁਆਇਨਿੰਗ ਰਹੀ ਹੈ। ਉਸ ਨੂੰ ਇਲਾਜ ਲਈ ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ 'ਚ ਦਾਖਲ ਕੀਤਾ ਗਿਆ ਹੈ। ਇਕ ਹੋਰ ਨਰਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਵਧਾਨੀ ਦੇ ਤੌਰ 'ਤੇ ਉਸ ਸਟਾਫ਼ ਨੂੰ ਵੀ ਦਾਖਲ ਕੀਤਾ ਗਿਆ ਹੈ। ਉਥੇ ਹੀ, ਸੈਕਟਰ-49 ਡੀ 'ਚ ਵੀ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। 40 ਸਾਲ ਦੇ ਡਾਕਟਰ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ ਇਹ ਡਾਕਟਰ ਸੈਕਟਰ-33 ਏ ਦੇ ਪਾਜ਼ੇਟਿਵ ਐੱਨ. ਆਰ. ਆਈ. ਜੋੜੇ ਦੇ ਸੰਪਰਕ 'ਚ ਆਏ ਸਨ। ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 15 ਤੱਕ ਪਹੁੰਚ ਗਈ ਹੈ। ਏਰੀਆ ਨੂੰ ਸੈਨੇਟਾਈਜ਼ ਕਰਨ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੰਪਰਕ 'ਚ ਆਏ 5 ਲੋਕਾਂ ਨੂੰ ਵੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਹਾਈਡ੍ਰੋਸਾਲਿਊਸ਼ਨ ਲਾ ਕੇ ਦਿੱਤੀ ਬਾਡੀ :
ਸ਼ੁਕਰਵਾਰ ਨੂੰ ਨਵਾਂਗਰਾਓਂ ਦੇ 65 ਸਾਲ ਦੇ ਜਿਸ ਬਜ਼ੁਰਗ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਸ ਦੀ ਮੌਤ ਮੰਗਲਵਾਰ ਦੁਪਹਿਰ 12 ਵਜੇ ਹੋ ਗਈ। ਇਸ ਮਰੀਜ਼ ਦੇ ਸੰਪਰਕ 'ਚ ਪੀ. ਜੀ. ਆਈ. ਦਾ ਇਹ ਸਟਾਫ਼ ਆਇਆ ਸੀ, ਜਿਸ ਤੋਂ ਬਾਅਦ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। 65 ਸਾਲ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਉਸਦੀ ਬਾਡੀ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੀ. ਜੀ. ਆਈ. ਬੁਲਾਰੇ ਡਾ. ਅਸ਼ੋਕ ਕੁਮਾਰ ਮੁਤਾਬਿਕ ਕੋਰੋਨਾ ਮਰੀਜ਼ਾਂ ਦੀ ਜੇਕਰ ਮੌਤ ਹੋ ਜਾਵੇ ਤਾਂ ਬਾਡੀ ਦੇਣ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਮੁਤਾਬਿਕ ਬਾਡੀ ਨੂੰ ਡਿਸਇੰਫੈਕਟ ਕਰ ਕੇ ਪਰਿਵਾਰ ਨੂੰ ਦਿੱਤੀ ਗਈ ਹੈ।
ਨਰਸਿੰਗ ਸਟਾਫ ਨੇ ਪੀ. ਜੀ. ਆਈ. ਨੂੰ ਲਿਖੀ ਚਿੱਠੀ :
ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸਿੱਧੇ ਸੰਪਰਕ 'ਚ ਆਉਣ ਤੋਂ ਬਾਅਦ ਸਟਾਫ਼ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਟਾਫ਼ ਨੇ ਐਡਮਿਨਿਸਟ੍ਰੇਸ਼ਨ ਨੂੰ ਪੱਤਰ ਲਿਖਿਆ ਹੈ ਜਿਸ 'ਚ ਸਟਾਫ਼ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪੀ. ਈ. ਪੀ. ਕਿੱਟਸ ਨਹੀਂ ਮਿਲ ਰਹੀਆਂ ਹਨ। ਨਾਲ ਹੀ ਐੱਨ 95 ਮਾਸਕ ਉਨ੍ਹਾਂ ਨੂੰ ਪ੍ਰੋਵਾਈਡ ਨਹੀਂ ਕਰਵਾਏ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਰਿਸਕ ਫੈਕਟਰ ਬਹੁਤ ਜ਼ਿਆਦਾ ਹੈ। ਨਾਲ ਹੀ ਉਨ੍ਹਾਂ ਨੂੰ ਆਨ ਡਿਊਟੀ 'ਤੇ ਰਹਿਣ ਵਾਲੇ ਸਟਾਫ਼ ਲਈ ਹਾਸਪਤਾਲ 'ਚ ਰਹਿਣ ਦਾ ਇੰਤਜ਼ਾਮ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਾਇਰਸ ਦਾ ਖ਼ਤਰਾ ਨਾ ਹੋਵੇ।
ਸੰਪਰਕ 'ਚ ਆਉਣ ਵਾਲੇ ਕੀਤੇ ਹੋਮ ਆਈਸੋਲੇਟ :
ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰਿਸ਼ ਦਿਆਲਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਵਾਂਗਰਾਓਂ ਦੇ ਜਿਸ ਬਜ਼ੁਰਗ ਦੀ ਮੌਤ ਹੋਈ ਹੈ, ਉਸ ਦੇ ਸੰਪਰਕ 'ਚ ਆਏ 31 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਨਾਲ ਹੀ ਚੰਡੀਗੜ੍ਹ ਸੈਕਟਰ-30 ਨਿਵਾਸੀ, ਜੋ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਉਸ ਦੇ ਸੰਪਰਕ 'ਚ ਆਉਣ ਵਾਲੇ ਮੋਹਾਲੀ ਦੇ 18 ਲੋਕਾਂ ਨੂੰ ਵੀ ਹੋਮ ਆਈਸੋਲੇਟ ਕੀਤਾ ਗਿਆ ਹੈ।
ਰਾਜਸਥਾਨ 'ਚ ਫਸੇ 29 ਲੋਕਾਂ ਨੂੰ ਫਾਜ਼ਿਲਕਾ ਬਾਰਡਰ ਪਾਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ
NEXT STORY