ਲੁਧਿਆਣਾ, (ਸਰਬਜੀਤ ਸਿੱਧੂ)- ਭਾਵੇਂ ਕਿ ਕੋਰੋਨਾ ਵਾਇਰਸ ਮਹਾਮਾਰੀ ਕੁੱਲ ਦੁਨੀਆਂ 'ਚ ਵਸਦੀ ਇਨਸਾਨੀ ਆਬਾਦੀ ਨੂੰ ਖੌਫਨਾਕ ਮੰਜਰ ਦਿਖਾ ਰਹੀ ਹੈ ਪਰ ਸਰਕਾਰਾਂ ਵੱਲੋਂ ਕੀਤੀ ਤਾਲਾਬੰਦੀ ਨਾਲ ਵਾਤਾਵਰਨ 'ਤੇ ਕਾਫੀ ਸਾਰਥਕ ਅਸਰ ਵੀ ਵੇਖਣ ਨੂੰ ਮਿਲੇ ਹਨ। ਪਿਛਲੇ ਸਾਲ ਨਾਲ ਤੁਲਣਾ ਕਰੀਏ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ, ਜਲੰਧਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਅਤੇ ਰੂਪਨਗਰ 'ਚ ਹਵਾ ਗੁਣਵੱਤਾ ਸੂਚਕਾਂਤ ਕ੍ਰਮਵਾਰ 86, 118, 60, 55, 138, 111 ਅਤੇ 93 ਰਹੀ ਸੀ । ਜੇ ਇਸ ਦੀ ਅੱਜ ਦੇ ਦਿਨ ਨਾਲ ਤੁਲਣਾ ਕਰੀਏ ਤਾਂ ਅਮ੍ਰਿਤਸਰ ਵਿਚ ਹਵਾ ਦੀ ਗੁਣਵੱਤਾ 86 ਦੇ ਮੁਕਾਬਲੇ 74, ਜਲੰਧਰ 'ਚ 118 ਦੇ ਮੁਕਾਬਲੇ 45, ਖੰਨਾ ਵਿਚ 60 ਦੇ ਮੁਕਾਬਲੇ 40, ਲੁਧਿਆਣਾ ਵਿਚ 55 ਦੇ ਮੁਕਾਬਲੇ 36, ਮੰਡੀ ਗੋਬਿੰਦਗੜ੍ਹ ਵਿਚ 138 ਦੇ ਮੁਕਾਬਲੇ 53, ਪਟਿਆਲਾ ਵਿਚ 111 ਦੇ ਮੁਕਾਬਲੇ 54 ਅਤੇ ਰੂਪਨਗਰ ਵਿਚ 93 ਦੇ ਮੁਕਾਬਲੇ 46 ਤੱਕ ਘੱਟ ਗਿਆ ਹੈ।
ਇਸ ਬਾਰੇ 'ਜਗ ਬਾਣੀ' ਨਾਲ ਗੱਲ ਕਰਦਿਆਂ ਵਾਤਾਵਰਨ ਇੰਜੀਨੀਅਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਆਵਾਜਾਈ ਘੱਟ ਹੋਣ ਕਾਰਨ ਪੀ. ਐੱਮ. 10 ਅਤੇ ਪੀ. ਐੱਮ. 2.5 ਹਵਾ 'ਚੋਂ ਘਟਿਆ ਹੈ, ਜਿਸ ਨਾਲ ਹਵਾ ਸਾਫ ਹੋਈ ਹੈ। ਇਸ ਬਾਰੇ ਵਾਤਾਵਰਨ ਇੰਜੀਨੀਅਰ ਗੁਲਸ਼ਨ ਰਾਏ ਨੇ ਕਿਹਾ ਕਿ ਹਵਾ ਨੂੰ ਮੋਟਰ ਵਹੀਕਲਾਂ ਦਾ ਧੂੰਆਂ, ਵਹੀਕਲਾਂ ਜਾਂ ਕਿਸੇ ਵੀ ਕਾਰਨ ਉੱਡਦੀ ਧੂੜ ਅਤੇ ਫੈਕਟਰੀਆਂ ਦਾ ਧੂੰਆਂ ਆਦਿ ਪ੍ਰਵਾਭਿਤ ਕਰਦੇ ਹਨ। ਇਹਨਾਂ ਸਭ ਨੂੰ ਭਾਰੀ ਠੱਲ ਪੈਣ ਨਾਲ ਹਵਾ ਦੀ ਗੁਣਵੱਤਾ ਵੱਧ ਰਹੀ ਹੈ । ਮਾਹਿਰ ਦੱਸ ਰਹੇ ਹਨ ਕਿ ਲਗਾਤਾਰ ਤਾਲਾਬੰਦੀ ਨਾਲ ਵਾਤਾਵਰਨ ਹੋਰ ਵੀ ਸੁਥਰਾ ਹੋਵੇਗਾ ਅਤੇ ਮੌਸਮ ਵਿਚ ਵੀ ਤਬਦੀਲੀਆਂ ਆ ਸਕਦੀਆਂ ਹਨ।
ਦੁਨੀਆ ਭਰ ਵਿਚ ਇਸ ਬਾਰੇ ਚਰਚਾਵਾਂ ਚੱਲ ਰਹੀਆਂ ਹਨ। ਇਟਲੀ ਦੀ ਇਕ ਰਿਪੋਰਟ ਅਨੁਸਾਰ ਵੇਨਿਸ ਸ਼ਹਿਰ ਦੀ ਹਵਾ ਅਤੇ ਨਹਿਰਾਂ ਦਾ ਪਾਣੀ ਆਵਾਜਾਈ ਨਾ ਹੋਣ ਕਰ ਕੇ ਸਾਫ-ਸੁਥਰਾ ਹੋ ਗਿਆ ਹੈ। ਇਸ ਕਾਰਨ ਡੋਲਫਿਨ ਮੱਛੀਆਂ ਦੀ ਤਾਦਾਦ ਵੱਧ ਗਈ ਹੈ ਅਤੇ ਉਹ ਵਾਪਿਸ ਕਿਨਾਰੇ ਉੱਤੇ ਆ ਗਈਆਂ ਹਨ। ਨਿਊ ਯਾਰਕ ਦੇ ਖੋਜਕਰਮੀਆਂ ਦਾ ਕਹਿਣਾ ਹੈ ਕਿ ਮੋਟਰ ਵਹੀਕਲਾਂ ਵਿਚੋਂ ਕਾਰਬਨ ਮੋਨੋਆਕਸਾਈਡ ਗੈਸ ਮੁੱਖ ਤੌਰ 'ਤੇ ਨਿਕਲਦੀ ਹੈ। ਪਿਛਲੇ ਸਾਲ ਦੀ ਤੁਲਣਾ ਵਿਚ ਇਹ 50 ਪ੍ਰਤੀਸ਼ਤ ਘੱਟ ਗਈ ਹੈ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਇਸਨ ਕੇਮੇਨ ਦਾ ਕਹਿਣਾ ਹੈ ਕਿ ਮੇਰੇ ਹੁਣ ਤੱਕ ਦੇ ਤਜ਼ਰਬੇ ਦੁਰਾਨ ਮਾਰਚ ਮਹੀਨੇ ਵਿੱਚ ਇਸ ਵਾਰ ਹਵਾ ਸਭ ਤੋਂ ਵੱਧ ਸਾਫ ਹੈ। ਚੀਨ ਦੇ ਸਬੰਧ ਵਿਚ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਕਾਰਬਨ ਇੱਕ ਪ੍ਰਤੀਸ਼ਤ ਤੱਕ ਘਟੇਗਾ। ਜਿੱਥੇ ਕੋਰੋਨਾ ਵਾਇਰਸ ਕਰ ਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਇਹ ਗੱਲ ਸਾਰਿਆਂ ਲਈ ਰਾਹਤ ਵਾਲੀ ਹੈ ਕਿ ਵਾਤਾਵਰਨ ਵਿਚ ਚੰਗੇ ਪੱਧਰ 'ਤੇ ਤਬਦੀਲੀਆਂ ਹੋ ਰਹੀਆਂ ਹਨ। ਸਮਾਜ ਸ਼ਾਸਤਰੀ ਮਹਾਂਵਾਰੀ ਦਾ ਇਕ ਵੱਡਾ ਕਾਰਨ ਇਨਸਾਨ ਦੀਆਂ ਬੇਕਾਬੂ ਲਾਲਸਾਵਾਂ ਵੀ ਦੱਸ ਰਹੇ ਹਨ। ਵਾਤਾਵਰਨ ਵਿਚ ਆਏ ਇਨ੍ਹਾਂ ਬਦਲਾਵਾਂ ਤੋਂ ਅੱਜ ਇਹ ਸਿੱਖਣ ਦੀ ਲੋੜ ਹੈ ਕਿ ਇਨਸਾਨ ਤਰੱਕੀ ਅਤੇ ਵਾਤਾਵਰਨ ਵਿਚ ਤਵਾਜ਼ਨ ਬਣਾ ਕੇ ਚੱਲੇ ਤਾਂ ਮਹਾਮਾਰੀਆਂ ਅਤੇ ਆਫਤਾਂ ਤੋਂ ਬੱਚਿਆ ਜਾ ਸਕਦਾ ਹੈ।
ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮ੍ਰਿਤਕ ਬਲਦੇਵ ਸਿੰਘ ਦੇ ਪੋਤੇ ਦੀ ਰਿਪੋਰਟ ਪਾਜ਼ੇਟਿਵ
NEXT STORY