ਡੇਰਾ ਬਾਬਾ ਨਾਨਕ (ਵਤਨ, ਕੰਵਲਜੀਤ): ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਸਬੇ ਦੇ ਸਰਕਾਰੀ ਰੈਸਟ ਹਾਊਸ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਪ੍ਰਸ਼ਾਸਨਿਕ, ਪੁਲਸ ਅਧਿਕਾਰੀ ਅਤੇ ਕੁਝ ਹਲਕੇ ਦੇ ਮੋਹਤਬਰਾਂ ਨਾਲ ਮੀਟਿੰਗ ਕੀਤੀ।ਇਸ ਮੌਕੇ ਮੰਤਰੀ ਰੰਧਾਵਾ ਨੇ ਕਿਹਾ ਕਿ ਲੋਕ ਕੋਰੋਨਾ ਦਾ ਫਿਕਰ ਕਰਨ ਦੀ ਬਜਾਏ ਰਾਸ਼ਨ ਦਾ ਫਿਕਰ ਕਰਨ 'ਚ ਲੱਗ ਗਏ ਹਨ ਅਤੇ ਕਰਫਿਊ ਦੀ ਪਾਲਣਾ ਕਰਨ ਦੀ ਬਜਾਏ ਖੁੱਲ੍ਹੇਆਮ ਘੁੰਮ ਰਹੇ ਹਨ। ਉਹ ਇਸ ਬੀਮਾਰੀ ਦੀ ਭਿਆਨਕਤਾ ਨੂੰ ਸਮਝ ਹੀ ਨਹੀਂ ਪਾ ਰਹੇ ਹਨ, ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਕੋਲ ਘਰਾਂ ਵਿਚ ਪਹਿਲਾਂ ਹੀ ਜ਼ਰੂਰਤ ਤੋਂ ਵੱਧ ਰਾਸ਼ਨ ਪਿਆ ਹੋਇਆ ਹੈ, ਉਹ ਸੋਸ਼ਲ ਮੀਡੀਆ ਰਾਹੀਂ ਝੂਠਾ ਪ੍ਰਚਾਰ ਕਰ ਕੇ ਸਰਕਾਰ, ਸਮਾਜਕ ਅਤੇ ਧਾਰਮਕ ਜਥੇਬੰਦੀਆਂ ਦਾ ਹੌਸਲਾ ਤੋੜਣ ਦਾ ਯਤਨ ਕਰ ਰਹੇ ਹਨ।
ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਤੋਂ ਵਾਂਝਿਆ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਵਾਈਆਂ ਦੇ ਪ੍ਰਬੰਧਾਂ ਨੂੰ ਪੁਖਤਾ ਕੀਤਾ ਗਿਆ ਹੈ ਅਤੇ ਹਲਕੇ ਦੇ ਲੋਕਾਂ ਵਲੋਂ ਬਣਾਈ ਗਈ ਸੇਵਾ ਸੰਮਤੀ ਹਲਕਾ ਡੇਰਾ ਬਾਬਾ ਨਾਨਕ ਨੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਨੂੰ 1 ਲੱਖ ਰੁਪਏ ਦੀਆਂ ਦਵਾਈਆਂ ਭੇਜਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਅਤੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਲੋਕ ਕਰਫਿਊ ਦੀ ਉਲੰਘਣਾ ਅਤੇ ਔਖੀ ਘੜੀ 'ਚ ਜਮ੍ਹਾਖੋਰੀ ਕਰਦੇ ਹਨ, ਖਿਲਾਫ ਸਖ਼ਤ ਧਾਰਾਵਾਂ ਲਗਾਈਆਂ ਜਾਣਗੀਆਂ। ਉਨ੍ਹਾਂ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਮ੍ਹਾਖੋਰੀ ਰੋਕਣ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਵਾਈਆਂ ਦੀ ਸਪਲਾਈ ਨੂੰ ਹਰ ਹਾਲਤ 'ਚ ਯਕੀਨੀ ਬਣਾ ਰਿਹਾ ਹੈ ਅਤੇ ਇਹ ਦਵਾਈਆਂ ਪ੍ਰਿੰਟ ਰੇਟ ਤੋਂ ਅੱਧੇ ਤੋਂ ਵੀ ਘੱਟ ਦੇ ਰੇਟਾਂ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਡਾ. ਸਤਨਾਮ ਸਿੰਘ ਨਿੱਝਰ ਚੇਅਰਮੈਨ ਜ਼ਿਲਾ ਪਲਾਨਿੰਗ ਬੋਰਡ, ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਸੀਲਦਾਰ, ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਤਲਵੰਡੀ ਗੋਰਾਇਆ, ਸੁਖਜਿੰਦਰ ਸਿੰਘ ਸਰਪੰਚ, ਪਾਲੀ ਬੇਦੀ ਆਦਿ ਹਾਜ਼ਰ ਸਨ।
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 8 ਸ਼ਰਾਧਲੂਆਂ ਨੂੰ 14 ਦਿਨ ਘਰਾਂ 'ਚ ਰਹਿਣ ਦੇ ਨਿਰਦੇਸ਼
NEXT STORY