ਮਾਛੀਵਾੜਾ ਸਾਹਿਬ (ਟੱਕਰ) : ਹਜ਼ੂਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਹੋਣ ਤੋਂ ਬਾਅਦ ਲਗਾਤਾਰ ਉਨ੍ਹਾਂ 'ਚ ਇਸ ਬਿਮਾਰੀ ਤੋਂ ਪੀੜਤ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਅਤੇ ਹੁਣ ਮਾਛੀਵਾੜਾ ਇਲਾਕੇ 'ਚ ਇਕ ਹੋਰ ਪਰਤਿਆ ਸ਼ਰਧਾਲੂ ਅੰਗਰੇਜ਼ ਸਿੰਘ ਦਾ ਟੈਸਟ ਵੀ ਪਾਜ਼ੇਟਿਵ ਆਇਆ ਜੋ ਕਿ ਉਹ ਵੀ ਪਹਿਲੇ ਮਰੀਜ਼ ਨਾਲ ਸਬੰਧਿਤ ਮੁਬਾਰਕਪੁਰ ਦਾ ਦੱਸਿਆ ਜਾ ਰਿਹਾ ਹੈ। ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਦੇ 2 ਵਿਅਕਤੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦਾ ਵਾਸੀ ਅੰਗਰੇਜ਼ ਸਿੰਘ ਵੀ ਤੇਲੰਗਾਨਾ ਪ੍ਰਦੇਸ਼ ਵਿਖੇ ਕੰਬਾਇਨਾਂ ਦੇ ਕੰਮ 'ਤੇ ਗਿਆ ਸੀ ਜਿੱਥੋਂ ਉਹ ਲਾਕਡਾਊਨ ਹੋਣ ਕਾਰਨ ਸ੍ਰੀ ਹਜ਼ੂਰ ਸਾਹਿਬ ਚਲਾ ਗਿਆ। ਪਿੰਡ ਮੁਬਾਰਕਪੁਰ ਦੇ ਕੰਬਾਇਨਾਂ ਦਾ ਕੰਮ ਕਰਨ ਵਾਲੇ ਕਰੀਬ 6 ਵਿਅਕਤੀ ਹਜ਼ੂਰ ਸਾਹਿਬ ਤੋਂ ਬੱਸਾਂ ਰਾਹੀਂ ਪੰਜਾਬ ਪਰਤੇ ਸਨ ਜਿਨ੍ਹਾਂ ਨੂੰ ਲੁਧਿਆਣਾ ਵਿਖੇ ਆਈਸੋਲੇਟ ਕੀਤਾ ਗਿਆ ਸੀ ਅਤੇ ਕੋਰੋਨਾ ਦੇ ਸੈਂਪਲ ਲਏ ਗਏ ਸਨ। ਕੋਰੋਨਾ ਸੈਂਪਲਾਂ ਦੀ ਜਾਂਚ ਦੌਰਾਨ ਪਿੰਡ ਮੁਬਾਰਕਪੁਰ ਦੇ ਨੌਜਵਾਨ ਮਿੱਤਰ ਸਿੰਘ ਦੀ ਰਿਪੋਰਟ ਕੱਲ ਪਾਜ਼ੇਟਿਵ ਆ ਗਈ ਸੀ ਜਦਕਿ ਉਸਦੇ ਦੂਜੇ ਸਾਥੀ ਅੰਗਰੇਜ਼ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ, ਜਿਸ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਇਹ ਦੋਵੇਂ ਹੀ ਕੋਰੋਨਾ ਪੀੜਤ ਮਾਛੀਵਾੜਾ ਵਿਖੇ ਆਪਣੇ ਪਿੰਡ ਨਹੀਂ ਆਏ ਸਨ ਜਿਸ ਕਾਰਨ ਇਸ ਬਿਮਾਰੀ ਦਾ ਫੈਲਾਅ ਹੋਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ 'ਚ, ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਪੀੜਤ ਮਰੀਜ਼ ਹੈਰਾਨ, ਬਿਮਾਰੀ ਦੇ ਨਹੀਂ ਕੋਈ ਲੱਛਣ
ਪਿੰਡ ਮੁਬਾਰਕਪੁਰ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਮਿੱਤਰ ਸਿੰਘ ਤੇ ਅੰਗਰੇਜ਼ ਸਿੰਘ ਜੋ ਲੁਧਿਆਣਾ ਹਸਪਤਾਲ ਵਿਖੇ ਇਲਾਜ ਅਧੀਨ ਹਨ ਨਾਲ ਪੱਤਰਕਾਰ ਨੇ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਹੈਰਾਨੀ ਭਰੇ ਲਹਿਜ਼ੇ 'ਚ ਕਿਹਾ ਕਿ ਬੇਸ਼ੱਕ ਉਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਪਰ ਉਨ੍ਹਾਂ 'ਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ। 25 ਸਾਲਾ ਮਿੱਤਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਿਛਲੇ 2 ਸਾਲਾਂ ਤੋਂ ਨਾ ਕਦੇ ਬੁਖ਼ਾਰ ਹੋਇਆ ਨਾ ਹੀ ਖੰਘ ਤੇ ਜ਼ੁਕਾਮ ਹੈ ਅਤੇ ਜਦੋਂ ਉਸਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਕੋਰੋਨਾ ਬਿਮਾਰੀ ਤੋਂ ਪੀੜ੍ਹਤ ਹੈ ਤਾਂ ਉਸ ਨੂੰ ਬੜੀ ਹੈਰਾਨੀ ਹੋਈ। ਉਸਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੋਰ ਵੀ ਕਈ ਟੈਸਟ ਲਏ ਜਾ ਰਹੇ ਹਨ। ਮਿੱਤਰ ਸਿੰਘ ਅਨੁਸਾਰ ਇਸ ਸਮੇਂ ਹਸਪਤਾਲ 'ਚ ਕਈ ਅਜਿਹੇ ਮਰੀਜ਼ ਹਨ ਜਿਨ੍ਹਾਂ 'ਚ ਬਿਮਾਰੀ ਦੇ ਕੋਈ ਵੀ ਲੱਛਣ ਨਹੀਂ ਪਰ ਫਿਰ ਵੀ ਕੋਰੋਨਾ ਪਾਜ਼ੇਟਿਵ ਹਨ ਜੋ ਕਿ ਹਜ਼ੂਰ ਸਾਹਿਬ ਤੋਂ ਪਰਤੇ ਹਨ। ਦੂਸਰੇ ਪਾਸੇ ਇਸ ਸਬੰਧੀ ਡਾ. ਸੁਨੀਲ ਦੱਤ ਨੇ ਦੱਸਿਆ ਕਿ ਕਈ ਵਿਅਕਤੀਆਂ 'ਚ ਬਿਮਾਰੀ ਦੇ ਕਈ ਲੱਛਣ ਨਹੀਂ ਹੁੰਦੀ ਪਰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਰੋਨਾ ਪਾਜ਼ੇਟਿਵ ਵਿਅਕਤੀ ਜੇਕਰ ਘਰ ਜਾਂ ਬਾਹਰ ਰਹਿ ਕੇ ਬੱਚਿਆਂ ਤੇ ਬਜ਼ੁਰਗਾਂ ਦੇ ਸੰਪਰਕ 'ਚ ਆਉਣਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਦਾਅ 'ਤੇ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ', 39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ
ਦੁਕਾਨਾਂ ਖੋਲ੍ਹਣ ਸਬੰਧੀ ਕਪੂਰਥਲਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ
NEXT STORY