ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਤਬਾਹੀ ਮਚੀ ਹੋਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨੂੰ ਦੇਖਦਿਆਂ ਸ਼ਹਿਰ ਦੇ 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ 'ਚ ਛਾਉਣੀ ਮੁਹੱਲਾ, ਇਸਲਾਮਗੰਜ, ਸਾਂਸੀ ਮੁਹੱਲਾ ਅਤੇ ਹਬੀਬਗੰਜ ਸ਼ਾਮਲ ਹਨ। 'ਜਗਬਾਣੀ' ਦੀ ਟੀਮ ਵੱਲੋਂ ਵੀ ਲੁਧਿਆਣਾ ਦੇ ਸਭ ਤੋਂ ਪਹਿਲਾਂ ਐਲਾਨੇ ਗਏ ਕੰਟੇਨਮੈਂਟ ਜ਼ੋਨ ਛਾਉਣੀ ਮੁਹੱਲੇ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਨੇ ਮਚਾਇਆ ਤਾਂਡਵ, 8 ਨਵੇਂ ਮਰੀਜ਼ਾਂ ਦੀ ਪੁਸ਼ਟੀ
'ਇਸ ਦੌਰਾਨ ਇਲਾਕੇ ਦੇ ਬਾਹਰ ਪੁਲਸ ਵੱਲੋਂ ਵਿਸ਼ੇਸ਼ ਤੌਰ 'ਤੇ ਨਾਕਾ ਲਾਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਡਾਕਟਰਾਂ ਦੀ ਇੱਕ ਟੀਮ ਵੀ ਤਾਇਨਾਤ ਕੀਤੀ ਗਈ ਸੀ, ਜੋ ਰੋਜ਼ਾਨਾ ਆਉਣ-ਜਾਣ ਵਾਲਿਆਂ ਦਾ ਪਾਰਾ ਚੈੱਕ ਕਰ ਰਹੀ ਸੀ। ਇਲਾਕੇ 'ਚ ਸਿਰਫ਼ ਕਰਿਆਨੇ ਦੀਆਂ ਅਤੇ ਮੈਡੀਕਲ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਲਾਕਾ ਪੂਰੀ ਤਰ੍ਹਾਂ ਸੀਲ ਹੈ। ਹਰ ਆਉਣ-ਜਾਣ ਵਾਲੇ ਨੂੰ ਉਸ ਦਾ ਕਾਰਨ ਵੀ ਪੁੱਛਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਵੱਲੋਂ ਰਾਹਗੀਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਇਸ ਇਲਾਕੇ 'ਚ 20 ਤੋਂ ਵੱਧ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਸਨ, ਜਿਸ ਤੋਂ ਬਾਅਦ ਇਸ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਚੜ੍ਹਦਿਆਂ ਹੀ 'ਕੋਰੋਨਾ' ਨਾਲ ਹੋਈ ਇਕ ਹੋਰ ਮੌਤ (ਵੀਡੀਓ)
ਇੱਥੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਇਲਾਕਾ ਪੂਰੀ ਤਰ੍ਹਾਂ ਸੀਲ ਹੈ। ਸਿਹਤ ਮਹਿਕਮੇ ਦੇ ਮੁਲਾਜ਼ਮ ਬਲਤੇਜ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੌਕੇ 'ਤੇ ਤਾਇਨਾਤ ਏ. ਐੱਸ. ਆਈ. ਲਲਿਤ ਕੁਮਾਰ ਨੇ ਵਿਸ਼ੇਸ਼ ਗੱਲਬਾਤ ਕਰਕੇ ਦੱਸਿਆ ਕਿ ਪੁਲਸ ਵੱਲੋਂ ਪੂਰੀ ਸਖ਼ਤੀ ਕੀਤੀ ਗਈ ਹੈ। ਦੱਸ ਦੇਈਏ ਕਿ ਲੁਧਿਆਣਾ 'ਚ 342 ਕੋਰੋਨਾ ਪਾਜ਼ੇਟਿਵ ਕੇਸ ਹਨ, ਜਿਨ੍ਹਾਂ 'ਚੋਂ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਵਜੋਂ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 157
ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼
NEXT STORY