ਜਲੰਧਰ (ਵਰੁਣ)— ਇਥੋਂ ਦੇ ਗੜ੍ਹਾ ਇਲਾਕੇ 'ਚ ਰਾਸ਼ਨ ਨਾ ਮਿਲਣ ਤੋਂ ਖਫਾ ਹੋ ਕੇ ਇਕ ਵਿਅਕਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਇਲਾਕੇ ਦੇ ਕੌਂਸਲਰ ਤੋਂ ਰਾਸ਼ਨ ਮੰਗਿਆ ਪਰ ਉਸ ਨੂੰ ਕਿਸੇ ਨੇ ਵੀ ਰਾਸ਼ਨ ਮੁਹੱਈਆ ਨਹੀਂ ਕਰਵਾ ਕੇ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਹਲਵਾਈਆਂ ਦੇ ਕੋਲ ਕੰਮ ਕਰਦਾ ਹੈ ਅਤੇ ਹੁਣ ਲਾਕ ਡਾਊਨ ਹੋਣ ਕਰਕੇ ਪੂਰੀ ਤਰ੍ਹਾਂ ਬੇਰੋਜ਼ਗਾਰ ਚੱਲ ਰਿਹਾ ਹੈ। ਅੱਜ ਦੁਪਹਿਰ ਕਰੀਬ 12 ਵਜੇ ਉਕਤ ਵਿਅਕਤੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਟੈਂਕੀ 'ਤੇ ਚੜ੍ਹਿਆ ਅਤੇ ਤਿੰਨ ਘੰਟਿਆਂ ਤੱਕ ਟੈਂਕੀ 'ਤੇ ਹੀ ਬੈਠਾ ਰਿਹਾ। ਟੈਂਕੀ 'ਤੇ ਚੜ੍ਹੇ ਵਿਅਕਤੀ ਨੂੰ ਦੇਖ ਕੇ ਇਸ ਦੌਰਾਨ ਪੁਲਸ ਦੇ ਵੀ ਸਾਹ ਸੁੱਕੇ ਰਹਿ ਗਏ ਅਤੇ ਉਸ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੇ ਗੋਲੀਆਂ ਨਾਲ ਭੁੰਨਿਆ ਕੌਮਾਂਤਰੀ ਕਬੱਡੀ ਖਿਡਾਰੀ (ਵੀਡੀਓ)
ਭੁੱਖੇ ਮਰਨ ਦੀ ਜਗ੍ਹਾ ਟੈਂਕੀ 'ਤੇ ਚੜ੍ਹ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ
ਇਸ ਦੌਰਾਨ ਉਕਤ ਵਿਅਕਤੀ ਨੇ ਟੈਂਕੀ 'ਤੇ ਚੜ੍ਹ ਕੇ ਭੁੱਖੇ ਮਰਨ ਦੀ ਜਗ੍ਹਾ ਟੈਂਕੀ ਤੋਂ ਛਾਲ ਮਾਰ ਕੇ ਸੁਸਾਈਡ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ। ਵਿਅਕਤੀ ਦਾ ਡਰਾਮਾ ਦੇਖ ਜਿਵੇਂ ਹੀ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਮੌਕੇ 'ਤੇ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਉਕਤ ਵਿਅਕਤੀ ਨੇ ਕਿਹਾ ਕਿ ਜਦੋਂ ਦਾ ਲਾਕ ਡਾਊਨ ਹੋਇਆ ਹੈ, ਉਦੋਂ ਤੋਂ ਉਹ ਆਪਣੇ ਘਰ 'ਚ ਹੀ ਬੈਠਾ ਹੈ ਅਤੇ ਲਾਕ ਡਾਊਨ ਦੇ ਨਿਯਮਾਂ ਦਾ ਪਾਲਣ ਕਰ ਰਿਹਾ ਹੈ।
ਉਸ ਨੇ ਕਿਹਾ ਕਿ ਇਕ ਵਾਰੀ ਵੀ ਸਾਡੇ ਕੋਲ ਕਿਸੇ ਨੇ ਆ ਕੇ ਹਾਲ ਤੱਕ ਨਹੀਂ ਪੁੱਛਿਆ। ਜਿਹੜੇ ਵੀ ਲੀਡਰ ਕੋਲ ਜਾਂਦੇ ਹਾਂ ਉਹ ਇਹੀ ਕਹਿ ਦਿੰਦਾ ਹੈ ਕਿ ਇਹ ਇਲਾਕਾ ਸਾਡਾ ਨਹੀਂ ਹੈ। ਉਸ ਨੇ ਕਿਹਾ ਕਿ ਮੈਂ ਬਿਲਕੁਲ ਇਕੱਲਾ ਰਹਿ ਰਿਹਾ ਹਾਂ। ਉਸ ਨੇ ਕਿਹਾ ਕੌਂਸਲਰ ਮਿੰਟੂ ਜਨੇਜਾ ਅਤੇ ਪ੍ਰਭਦਿਆਲ ਕੋਲ ਰਾਸ਼ਨ ਲਈ ਗਿਆ ਸੀ ਪਰ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਇਲਾਕਾ ਸਾਡਾ ਨਹੀਂ ਆਉਂਦਾ ਹੈ।
ਮੌਕੇ 'ਤੇ ਪਹੁੰਚੇ ਇੰਸਪੈਕਟਰ ਨਵੀਨ ਪਾਲ ਨੇ ਇਸ ਵਿਅਕਤੀ ਨੂੰ ਕਾਫੀ ਸਮਝਾਉਣ ਤੋਂ ਬਾਅਦ ਹੇਠਾਂ ਉਤਾਰਿਆ ਅਤੇ ਉਸ ਨੂੰ ਰਾਸ਼ਨ ਦੇ ਕੇ ਘਰ ਭੇਜ ਦਿੱਤਾ। ਹਾਲਾਂਕਿ ਪੁਲਸ ਨੇ ਉਸ ਨੂੰ ਇਹ ਵੀ ਕਿਹਾ ਕਿ ਜੇਕਰ ਭਵਿੱਖ 'ਚ ਵੀ ਉਸ ਦਾ ਰਾਸ਼ਨ ਖਤਮ ਹੁੰਦਾ ਹੈ ਤਾਂ ਉਹ ਤੁਰੰਤ ਥਾਣਾ ਡਿਵੀਜ਼ਨ ਨੰਬਰ 7 'ਚ ਆ ਕੇ ਰਾਸ਼ਨ ਲੈ ਕੇ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਇਕ ਹੋਰ ਮਰੀਜ਼ ਦੀ ਮੌਤ, ਪਾਜ਼ੇਟਿਵ ਕੇਸਾਂ ਦਾ ਅੰਕੜਾ 90 ਤੱਕ ਪੁੱਜਾ
ਹਥਿਆਰਬੰਦ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਵਪਾਰੀ ਤੋਂ ਲੁੱਟੇ ਲੱਖਾਂ ਰੁਪਏ
NEXT STORY