ਮੋਗਾ,(ਆਜ਼ਾਦ)- ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਆਲੂਆਂ ਦੇ ਇਕ ਵਪਾਰੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ 1 ਲੱਖ 46 ਹਜ਼ਾਰ ਰੁਪਏ ਲੁੱਟ ਕੇ ਲੈ ਜਾਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ। ਹਰੀਸ਼ ਕੁਮਾਰ ਨਿਵਾਸੀ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਜੋ ਆਲੂਆਂ ਦਾ ਕਾਰੋਬਾਰ ਕਰਦਾ ਹੈ ਅਤੇ ਉਸਨੇ ਬਾਘਾਪੁਰਾਣਾ ਦੇ ਕੋਲਡ ਸਟੋਰ ਨੂੰ ਕਿਰਾਏ ’ਤੇ ਲਿਆ ਹੋਇਆ ਹੈ, ਜਿਥੇ ਉਹ ਕਿਸਾਨਾਂ ਕੋਲੋਂ ਆਲੂ ਖਰੀਦਣ ਤੋਂ ਬਾਅਦ ਸਟੋਰ ਕਰਦਾ ਹੈ। ਅੱਜ ਜਦੋਂ ਉਹ ਬਾਅਦ ਦੁਪਹਿਰ ਆਪਣੀ ਪਤਨੀ ਨੂੰ ਮੋਗਾ ਵਿਖੇ ਇਕ ਪ੍ਰਾਈਵੇਟ ਡਾਕਟਰ ਕੋਲੋਂ ਦਵਾਈ ਦਿਵਾਉਣ ਦੇ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਬਾਘਾਪੁਰਾਣਾ ਵੱਲ ਜਾ ਰਿਹਾ ਸੀ ਤਾਂ ਉਹ ਮੋਗਾ-ਕੋਟਕਪੂਰਾ ਰੋਡ ’ਤੇ ਸਿੰਘਾਵਾਲਾ ਦੇ ਨੇੜੇ ਬਿਜਲੀ ਘਰ ਦੇ ਪਾਵਰ ਗਰਿੱਡ ਕੋਲ ਪੁੱਜਾ ।
ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਜਿਨ੍ਹਾਂ ਕੋਲ 12 ਬੋਰ ਬੰਦੂਕ ਸੀ, ਨੇ ਉਸਨੂੰ ਘੇਰ ਲਿਆ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ ਇਕ ਲੱਖ 46 ਹਜ਼ਾਰ ਰੁਪਏ ਖੋਹ ਲਏ ਅਤੇ ਮੋਗਾ ਵੱਲ ਚੱਲੇ ਗਏ, ਜਿਸ ’ਤੇ ਹਰੀਸ਼ ਕੁਮਾਰ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੁਟੇਰਿਆ ਦਾ ਕੋਈ ਸੁਰਾਗ ਮਿਲ ਸਕੇ। ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਇਸ ਸਬੰਧ ’ਚ ਲੁਟੇਰਿਆਂ ਖਿਲਾਫ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਿਰਫ ਖਾਂਸੀ ਅਤੇ ਬੁਖਾਰ ਹੀ ਨਹੀਂ ਸਗੋਂ ਇਹ ਵੀ ਹਨ 'ਕੋਰੋਨਾ' ਦੇ ਲੱਛਣ
NEXT STORY