ਜਲੰਧਰ (ਖੁਰਾਣਾ)– ਪੰਜਾਬ ਸਰਕਾਰ ਨੇ ਮੰਗਲਵਾਰ ਸੀਨੀਅਰ ਅਧਿਕਾਰੀਆਂ ਦੇ ਜਿਹੜੇ ਤਬਾਦਲੇ ਕੀਤੇ ਹਨ, ਉਨ੍ਹਾਂ ਵਿਚ ਜਲੰਧਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੂੰ ਵੀ ਬਦਲ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਪਣੇ ਤਬਾਦਲੇ ਤੋਂ ਕੁਝ ਘੰਟੇ ਪਹਿਲਾਂ ਕਮਿਸ਼ਨਰ ਦਵਿੰਦਰ ਸਿੰਘ ਨੇ ਲਾਡੋਵਾਲੀ ਰੋਡ ਦੀ ਉਸ ਨਾਜਾਇਜ਼ ਬਿਲਡਿੰਗ ’ਤੇ ਬੁਲਡੋਜ਼ਰ ਚਲਵਾ ਦਿੱਤਾ, ਜਿਸ ਦਾ ਨਿਰਮਾਣ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਬਤੌਰ ਕਮਿਸ਼ਨਰ ਉਨ੍ਹਾਂ ਬੀਤੇ ਦਿਨੀਂ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਬਣ ਚੁੱਕੀਆਂ 5 ਕਮਰਸ਼ੀਅਲ ਬਿਲਡਿੰਗਾਂ ਦਾ ਮੌਕਾ ਵੇਖਿਆ ਸੀ ਅਤੇ ਉਨ੍ਹਾਂ ਬਿਲਡਿੰਗਾਂ ਦੇ ਨਾਜਾਇਜ਼ ਹਿੱਸੇ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
ਉਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਨਿਗਮ ਦੀ ਟੀਮ ਨੇ ਮੰਗਲਵਾਰ ਲਾਡੋਵਾਲੀ ਰੋਡ ਸੰਤ ਨਗਰ ਵਿਚ ਧਾਵਾ ਬੋਲਿਆ ਅਤੇ ਚਰਚਾ ’ਚ ਚੱਲ ਰਹੀ ਨਾਜਾਇਜ਼ ਬਿਲਡਿੰਗ ਦੇ ਪਾਰਕਿੰਗ ਏਰੀਆ ਵਿਚ ਬਣੇ ਉਸ ਟਾਵਰ ਨੂੰ ਤੋੜ ਦਿੱਤਾ, ਜਿੱਥੇ ਉਪਰ ਜਾਣ ਲਈ ਪੌੜੀਆਂ ਬਣਾਈਆਂ ਗਈਆਂ ਸਨ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਉਸ ਬਿਲਡਿੰਗ ਦੀ ਬੇਸਮੈਂਟ ਵੀ ਪਾਸ ਨਹੀਂ ਸੀ ਅਤੇ ਉਪਰਲਾ ਫਲੋਰ ਵੀ ਨਾਜਾਇਜ਼ ਢੰਗ ਨਾਲ ਹੀ ਬਣਾਇਆ ਗਿਆ ਸੀ। ਨਿਗਮ ਦੀ ਟੀਮ ਨੇ ਉਸ ਬਿਲਡਿੰਗ ਦਾ ਕਾਫ਼ੀ ਹਿੱਸਾ ਤੋੜਨਾ ਸੀ ਪਰ ਡਿੱਚ ਮਸ਼ੀਨ ਖ਼ਰਾਬ ਹੋ ਜਾਣ ਕਾਰਨ ਨਿਗਮ ਨੂੰ ਬਾਕੀ ਦਾ ਕੰਮ ਰੋਕਣਾ ਪਿਆ।
ਇਹ ਵੀ ਪੜ੍ਹੋ: ਪੰਚਾਇਤ ਮਹਿਕਮੇ ’ਚ ਚੋਰ-ਮੋਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ
ਕਈ ਦਿਨਾਂ ਤੋਂ ਚੱਲ ਰਹੀ ਸੀ ਤਬਾਦਲੇ ਦੀ ਚਰਚਾ
ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਲਗਭਗ 4 ਮਹੀਨੇ ਜਲੰਧਰ ਨਿਗਮ ਦੇ ਕਮਿਸ਼ਨਰ ਅਹੁਦੇ ’ਤੇ ਰਹੇ ਪਰ ਇਸ ਦੌਰਾਨ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਇਸ ਦੌਰਾਨ ਉਨ੍ਹਾਂ ’ਤੇ ਵਿਧਾਇਕਾਂ ਤੋਂ ਇਲਾਵਾ ਮੇਅਰ ਅਤੇ ਕੌਂਸਲਰਾਂ ਤੱਕ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੇ ਦਬਾਅ ਵਿਚ ਆ ਕੇ ਕੰਮ ਨਹੀਂ ਕੀਤਾ। ਉਨ੍ਹਾਂ ’ਤੇ ਇਹ ਦੋਸ਼ ਲੱਗਦੇ ਰਹੇ ਕਿ ਉਨ੍ਹਾਂ ਕਿਸੇ ਫਾਈਲ ’ਤੇ ਦਸਤਖ਼ਤ ਨਹੀਂ ਕੀਤੇ ਪਰ ਚਰਚਾ ਇਹ ਵੀ ਹੈ ਕਿ ਜਦੋਂ ਉਨ੍ਹਾਂ ਅਹੁਦਾ ਸੰਭਾਲਿਆ, ਉਦੋਂ ਨਗਰ ਨਿਗਮ ਦੇ ਨਾਲ-ਨਾਲ ਸਮਾਰਟ ਸਿਟੀ ਦਾ ਢਾਂਚਾ ਵੀ ਇੰਨਾ ਭ੍ਰਿਸ਼ਟ ਅਤੇ ਖਰਾਬ ਹੋ ਚੁੱਕਾ ਸੀ ਕਿ ਨਵੇਂ ਅਧਿਕਾਰੀ ਲਈ ਉਸ ਵਿਚ ਐਡਜਸਟ ਹੋ ਸਕਣਾ ਬਹੁਤ ਵੱਡੀ ਗੱਲ ਸੀ। ਉਨ੍ਹਾਂ ਦੇ ਤਬਾਦਲੇ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ, ਜਿਹੜੀ ਅੱਜ ਸੂਚੀ ਆਉਣ ਦੇ ਬਾਅਦ ਹੀ ਸ਼ਾਂਤ ਹੋਈ।
ਨੌਜਵਾਨ ਆਈ. ਏ. ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਅੱਜ ਸੰਭਾਲਣਗੇ ਨਿਗਮ ਕਮਿਸ਼ਨਰ ਦਾ ਚਾਰਜ
ਪੰਜਾਬ ਸਰਕਾਰ ਨੇ ਨੌਜਵਾਨ ਆਈ. ਏ. ਐੱਸ. ਅਧਿਕਾਰੀ ਅਭਿਜੀਤ ਕਪਲਿਸ਼ (2015 ਬੈਚ) ਨੂੰ ਜਲੰਧਰ ਨਿਗਮ ਦਾ ਨਵਾਂ ਕਮਿਸ਼ਨਰ ਬਣਾਇਆ ਹੈ, ਜਿਹੜੇ ਬੁੱਧਵਾਰ ਨੂੰ ਆਪਣਾ ਚਾਰਜ ਸੰਭਾਲ ਸਕਦੇ ਹਨ। ਇਸ ਸਮੇਂ ਉਹ ਲੋਕਲ ਬਾਡੀਜ਼ ਵਿਭਾਗ ਵਿਚ ਐਡੀਸ਼ਨਲ ਸੈਕਟਰੀ ਦੇ ਅਹੁਦੇ ’ਤੇ ਹਨ।
ਜ਼ਿਕਰਯੋਗ ਹੈ ਕਿ ਕਪਲਿਸ਼ ਨੂੰ ਪਠਾਨਕੋਟ ਨਗਰ ਨਿਗਮ ਅਤੇ ਅਬੋਹਰ ਨਗਰ ਨਿਗਮ ਵਿਚ ਬਤੌਰ ਕਮਿਸ਼ਨਰ ਕੰਮ ਕਰਨ ਦਾ ਕਾਫੀ ਤਜਰਬਾ ਹੈ। ਇਸ ਤੋਂ ਇਲਾਵਾ ਉਹ ਏ. ਡੀ. ਸੀ. ਅਤੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ’ਚ ਵੀ ਉੱਚ ਅਹੁਦੇ ’ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਇਕ ਤੇਜ਼ਤਰਾਰ ਅਤੇ ਵਧੀਆ ਐਡਮਨਿਸਟ੍ਰੇਟਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ 'ਚ 550 ਤੱਕ ਪੁੱਜੇ ਡੇਂਗੂ ਦੇ ਕੇਸ, 2 ਮਰੀਜ਼ਾਂ 'ਚ ਚਿਕਨਗੁਨੀਆ ਦੀ ਪੁਸ਼ਟੀ
NEXT STORY