ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਦੇ ਪਿੰਡ ਗੈਂਦਰ 'ਚ ਕਰੀਬ 22 ਸਾਲ ਦੇ ਨੌਜਵਾਨ ਸੁਰਜੀਤ ਸਿੰਘ ਦੇ ਹੋਏ ਕਤਲ ਨੂੰ ਲੈ ਕੇ ਉਸਦਾ ਪਰਿਵਾਰ ਲਾਸ਼ ਪੋਸਟਮਾਰਟਮ ਕਰਵਾਉਣ ਲਈ ਲਗਾਤਾਰ 72 ਘੰਟੇ ਤੱਕ ਕਦੇ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਕਦੇ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਰੁਲਦਾ ਰਿਹਾ ਅਤੇ ਜਦ ਉੱਥੇ ਵੀ ਪੋਸਟਮਾਰਟਮ ਨਹੀਂ ਹੋਇਆ ਤਾਂ ਮ੍ਰਿਤਕ ਸੁਰਜੀਤ ਦੇ ਪਰਿਵਾਰ ਨੇ ਫਿਰੋਜ਼ਪੁਰ ਸ਼ਹਿਰ ਦੇ ਭਗਵਾਨ ਅਗਰਸੇਨ ਚੌਕ 'ਚ ਲਾਸ਼ ਰੱਖ ਕੇ ਰੋਸ ਧਰਨਾ ਦਿੱਤਾ ਅਤੇ ਟ੍ਰੈਫਿਕ ਜਾਮ ਕਰਦੇ ਹੋਏ ਸਿਵਲ ਹਸਪਤਾਲ ਫਿਰੋਜ਼ਪੁਰ ਤੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਦਾ ਕੁੱਝ ਲੋਕਾਂ ਵਲੋਂ ਪਿੰਡ 'ਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪਰਿਵਾਰ ਪੋਸਟਮਾਰਟਮ ਲਈ ਜਦ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਫਰੀਦਕੋਟ ਮੈਡੀਕਲ ਭੇਜ ਦਿੱਤਾ ਕਿ ਲਾਸ਼ ਦਾ ਪੋਸਟਮਾਰਟਮ ਫਰੀਦਕੋਟ ਮੈਡੀਕਲ ਕਾਲਜ 'ਚ ਹੋਵੇਗਾ।
ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ 'ਚ ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਅਰਜ਼ੀ ਰੱਦ
ਉਨ੍ਹਾਂ ਦੱਸਿਆ ਕਿ ਫਰੀਦਕੋਟ ਮੈਡੀਕਲ ਕਾਲਜ ਨੇ ਅੱਜ ਲਾਸ਼ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਭੇਜ ਦਿੱਤੀ, ਜਿੱਥੇ ਪੋਸਟਮਾਰਟਮ 'ਚ ਆਨਾਕਾਨੀ ਹੋਣ ਲੱਗੀ ਅਤੇ ਮਜਬੂਰ ਹੋ ਕੇ ਪਰਿਵਾਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਅਗਰਸੇਨ ਚੌਕ 'ਚ ਲਾਸ਼ ਨੂੰ ਰੱਖ ਕੇ ਪੋਸਟਮਾਰਟਮ ਲਈ ਗੁਹਾਰ ਲਗਾਉਣੀ ਪਈ। ਪਰਿਵਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਦੁਖੀ ਲੋਕਾਂ ਨਾਲ ਇਹ ਸਭ ਹੋ ਰਿਹਾ ਹੈ। ਧਰਨੇ ਕਾਰਨ ਟ੍ਰੈਫਿਕ ਜਾਮ ਰਿਹਾ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਧਰਨੇ ਦਾ ਪਤਾ ਚੱਲਦੇ ਹੀ ਡੀ.ਐੱਸ.ਪੀ. ਕੇਸਰ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾਕਟਰਾਂ ਨੂੰ ਪੋਸਟਮਾਰਟਮ ਲਈ ਕਿਹਾ।
ਇਹ ਵੀ ਪੜ੍ਹੋ: ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ 'ਤੇ ਸਾਧੇ ਤਿੱਖੇ ਨਿਸ਼ਾਨੇ
ਕੀ ਕਹਿੰਦੇ ਹਨ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਅਧਿਕਾਰੀ
ਸੰਪਰਕ ਕਰਨ 'ਤੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਕੋਵਿਡ-19' ਦੇ ਚੱਲਦੇ ਵਿਸ਼ੇਸ਼ ਡਾਕਟਰ ਅਤੇ ਸਟਾਫ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਤੇ ਉਨ੍ਹਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ ਅਤੇ ਕਤਲ ਦਾ ਮਾਮਲਾ ਹੋਣ ਕਾਰਣ ਵਿਸ਼ੇਸ਼ ਡਾਕਟਰ ਵਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਡਾਕਟਰ ਤੋਂ ਪੋਸਟਮਾਰਟਮ ਕਰਵਾਉਣ ਲਈ ਲਾਸ਼ ਫਰੀਦਕੋਟ ਮੈਡੀਕਲ ਕਾਲਜ 'ਚ ਭੇਜਣੀ ਪਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਡੀ.ਐੱਸ.ਪੀ. ਕੇਸਰ ਸਿੰਘ ਦੇ ਆਉਣ 'ਤੇ ਪੋਸਟਮਾਰਟਮ ਹੋਣ ਦੇ ਬਾਅਦ ਲੋਕਾਂ ਨੇ ਰੋਸ ਧਰਨਾ ਹਟਾ ਲਿਆ।
ਕੁੜੀ ਨਾਲ ਹਵਸ ਮਿਟਾਉਣ ਮਗਰੋਂ ਮੰਗੇਤਰ ਤੱਕ ਪਹੁੰਚਾਈਆਂ ਸੀ ਅਸ਼ਲੀਲ ਤਸਵੀਰਾਂ, ਮਾਮਲੇ 'ਚ ਆਇਆ ਨਵਾਂ ਮੋੜ
NEXT STORY