ਮਮਦੋਟ (ਸ਼ਰਮਾ, ਜਸਵੰਤ) - ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋੜ ਹੈ ਵਿਭਾਗ ਦੀਆਂ ਲੋਕ-ਪੱਖੀ ਸਕੀਮਾਂ ਨੂੰ ਆਮ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਦੀ, ਤਾਂ ਜੋ ਆਮ ਲੋਕ ਤੰਦਰੁਸਤ ਰਹਿ ਕੇ ਜ਼ਿੰਦਗੀ ਬਿਤਾ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਹਰਪ੍ਰਤਾਪ ਸਿੰਘ ਨੇ ਸੀ. ਐੱਚ. ਸੀ. ਮਮਦੋਟ ਵਿਖੇ ਐੱਸ. ਐੱਮ. ਓ. ਦਾ ਚਾਰਜ ਸੰਭਾਲਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ ਜਾਂਦੀਆਂ ਸਕੀਮਾਂ ਨੂੰ ਇਨ-ਬਿਨ ਲਾਗੂ ਕਰਨ ਦੇ ਨਾਲ-ਨਾਲ ਮਰੀਜ਼ਾਂ ਦਾ ਇਲਾਜ ਵਧੀਆ ਤਰੀਕੇ ਨਾਲ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਸਮੂਹ ਡਾਕਟਰਾਂ, ਸਟਾਫ ਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਵੀ ਕੀਤੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਤਾਂ ਹੀ ਦਿੱਤੀਆਂ ਜਾ ਸਕਦੀਆਂ ਹਨ, ਜੇਕਰ ਅਸੀਂ ਸਮੇਂ ਸਿਰ ਡਿਊਟੀ 'ਤੇ ਹਾਜ਼ਰ ਹੋ ਕੇ ਲੋਕ ਹਿੱੱਤ ਵਿਚ ਕੰਮ ਕਰਨ ਨੂੰ ਪਹਿਲ ਦੇਈਏ। ਹਰ ਇਨਸਾਨ ਦੇ ਦੋ ਘਰ ਹੋਣ ਦੀ ਗੱਲ ਕਰਦਿਆਂ ਡਾ. ਹਰਪ੍ਰਤਾਪ ਸਿੰਘ ਨੇ ਕਿਹਾ ਕਿ ਇਕ ਘਰ ਉਹ ਜਿਥੇ ਸਾਡਾ ਪਰਿਵਾਰ ਵਸਦਾ ਹੈ ਅਤੇ ਇਕ ਘਰ ਉਹ ਜਿਥੇ ਅਸੀਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰਾਂ ਵੱਲੋਂ ਗਰੀਬਾਂ ਤੇ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵਿਸਥਾਰਤ ਜਾਣਕਾਰੀ ਦੇਣ ਦੇ ਨਾਲ-ਨਾਲ ਮਰੀਜ਼ਾਂ ਨੂੰ ਬੀਮਾਰੀ ਤੋਂ ਮੁਕਤ ਕਰਨ ਲਈ ਹਰ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਬੀਮਾਰੀ ਦੇ ਇਲਾਜ ਲਈ ਜਿੰਨੀ ਜ਼ਰੂਰਤ ਦਵਾਈ ਦੀ ਹੁੰਦੀ ਹੈ, ਓਨੀ ਹੀ ਜ਼ਰੂਰਤ ਹੌਸਲੇ ਦੀ ਹੁੰਦੀ, ਜੋ ਅਸੀਂ ਹਸਪਤਾਲ ਵਿਚ ਆਏ ਮਰੀਜ਼ ਨੂੰ ਦੇ ਸਕਦੇ ਹਾਂ।
ਇਸ ਮੌਕੇ ਸਮੂਹ ਸਟਾਫ ਨੂੰ ਸਮੇਂ ਸਿਰ ਡਿਊਟੀ 'ਤੇ ਆਉਣ ਦੀ ਹਦਾਇਤ ਦਿੰਦਿਆਂ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਕਿਹਾ ਗਿਆ। ਸਮੂਹ ਸਟਾਫ ਨੇ ਆਪਣੀ ਡਿਊਟੀ ਲੋਕ ਹਿੱਤ ਵਿਚ ਕਰਨ ਦੇ ਨਾਲ-ਨਾਲ ਐੱਸ. ਐੱਮ. ਓ. ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਹਸਪਤਾਲ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਉਨ੍ਹਾਂ ਨਾਲ ਮਿਲ ਕੇ ਗੱਲਬਾਤ ਕਰ ਸਕਦਾ ਹੈ ਅਤੇ ਉਸ ਦੀ ਮੁਸ਼ਕਿਲ ਦਾ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਟਾਰਗੇਟ ਕਿਲਿੰਗ : ਜੌਹਲ ਤੇ ਜਿੰਮੀ ਦਾ 4 ਦਿਨ ਦਾ ਰਿਮਾਂਡ ਵਧਿਆ
NEXT STORY