ਜਲੰਧਰ/ਫਗਵਾੜਾ (ਮ੍ਰਿਦੁਲ)— ਕਾਊਂਟਰ ਇੰਟੈਲੀਜੈਂਸ ਵੱਲੋਂ ਅੱਜ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਦੇ ਹੋਏ 2.5 ਕੁਇੰਟਲ ਭੁੱਕੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਭੁੱਕੀ ਮੋਹਿੰਦਰਾ ਦੇ ਜੰਬੋਂ ਟਰੱਕ 'ਚ ਫਗਵਾੜਾ ਦੇ ਸਤਨਾਮਪੁਰਾ 'ਚ ਬਰਾਮਦ ਕੀਤੀ ਗਈ। ਦੱਸ ਦੇਈਏ ਕਿ ਇਸ ਟਰੱਕ ਦੀ ਆਮਤੌਰ 'ਤੇ ਦੁੱਧ ਦੀ ਢੁਆਈ ਲਈ ਵਰਤੋਂ ਕੀਤੀ ਜਾਂਦੀ ਹੈ। ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਐੱਚ. ਪੀ. ਐੱਸ. ਖੱਖ ਨੇ ਦੱਸਿਆ ਕਿ ਟੀਮ ਵੱਲੋਂ ਨਸ਼ਾ ਤਸਕਰਾਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੱਡੀ ਮਾਤਰਾ 'ਚ ਨਸ਼ਾ ਸਪਲਾਈ ਲਈ ਮੋਹਿੰਦਰਾ ਜੰਬੋਂ (ਪੀ.ਬੀ.-ਸੀਜੇ-2083) 'ਚ ਮੱਧ ਪ੍ਰਦੇਸ਼ 'ਚ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਕਪੂਰਥਲਾ ਦੇ ਐੱਸ. ਐੱਸ. ਪੀ.ਸਤਿੰਦਰ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਟੀਮ ਅਤੇ ਪੁਲਸ ਸਟੇਸ਼ਨ ਸਤਨਾਮਪੁਰਾ, ਫਗਵਾੜਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਉੱਚਾ ਪਿੰਡ ਤੋਂ ਦਰਵੇਸ਼ ਪਿੰਡ ਦੀ ਸੜਕ 'ਤੇ ਨਾਕਾ ਲਗਾਇਆ ਗਿਆ ਅਤੇ ਚੈਕਿੰਗ ਦੌਰਾਨ ਟਰੱਕ 'ਚੋਂ ਭੁੱਕੀ ਬਰਾਮਦ ਕੀਤੀ। ਟਰੱਕ ਨੂੰ ਕਰਮ ਸਿੰਘ ਵਾਸੀ ਅਲੌਟ ਫਤਿਹਗੜ ਸਾਹਿਬ ਚਲਾ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਟਰੱਕ ਦੀ ਜਾਂਚ ਦੌਰਾਨ ਪੁਲਸ ਟੀਮ ਨੂੰ ਇਕ ਵਿਸ਼ੇਸ਼ ਦਰਾਜ ਮਿਲਿਆ, ਜਿਸ ਨੂੰ ਨਸ਼ਾ ਤਸਕਰੀ ਲਈ ਬਣਾਇਆ ਗਿਆ ਸੀ। ਇਸ ਨੂੰ ਪਲਾਈ ਬੋਰਡ ਅਤੇ ਲੋਹੇ ਦੀਆਂ ਚਾਦਰਾਂ ਨਾਲ ਢਕਿਆ ਹੋਇਆ, ਜਿਸ ਨਾਲ ਤਸਕਰੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ। ਦਰਾਜ ਅੰਦਰੋਂ 2.5 ਕੁਇੰਟਲ ਭੁੱਕੀ ਹਾਸਲ ਕੀਤੀ, ਜੋ ਕਿ 12 ਬੋਰੀਆਂ 'ਚ ਪੈਕ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਪੁਲਸ ਸਟੇਸ਼ਨ ਸਤਾਨਪੁਰਾ, ਫਗਵਾੜਾ 'ਚ 15-16 ਅਤੇ 85 ਐੱਡ. ਡੀ. ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ 'ਚ ਪੇਸ਼ ਕਰਕੇ ਕਾਬੂ ਵਿਅਕਤੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।

ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਸਾਲ 2016 'ਚ ਪੁਲਸ ਸਟੇਸ਼ਨ ਅਮਲੋਹ ਵੱਲੋਂ ਵੀ 400 ਕਿਲੋ ਭੁੱਕੀ ਦੀ ਤਸਕਰੀ ਦੇ ਮਾਮਲੇ 'ਚ ਉਕਤ ਵਿਅਕਤੀ ਫੜਿਆ ਗਿਆ ਸੀ ਅਤੇ ਇਸ ਸਮੇਂ ਉਹ ਜ਼ਮਾਨਤ 'ਤੇ ਚਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਅਮੂਲ ਦੁੱਧ ਦੀ ਸਪਲਾਈ ਫਤਿਹਗੜ ਸਾਹਿਬ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਕਰਦਾ ਸੀ। ਇਹ ਟਰੱਕ ਉਸ ਨੇ ਦੁੱਧ ਦੀ ਸਪਲਾਈ ਲਈ ਹੀ ਖਰੀਦਿਆ ਸੀ, ਜਿਸ ਦੀ ਵਰਤੋਂ ਉਹ ਹੁਣ ਨਸ਼ਾ ਸਪਲਾਈ ਕਰਨ ਲਈ ਕਰਨ ਲੱਗਾ ਸੀ।

ਆਈਸ ਡਰਗ ਤੇ ਹੈਰੋਇਨ ਸਮੇਤ ਨਾਈਜੀਰੀਆ ਮੂਲ ਦੇ 2 ਵਿਅਕਤੀ ਕਾਬੂ
NEXT STORY