ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਿਹਤ ਕਾਮਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਚਲਾਈ ਕੋਵਿਡ ਟੀਕਾਕਰਣ ਮੁਹਿੰਮ ਤਹਿਤ ਉਨ੍ਹਾਂ ਨੂੰ ਕਈ ਵਾਰ ਮੌਕਾ ਦਿੱਤਾ ਗਿਆ ਹੈ। ਇੰਨੇ ਮੌਕਿਆਂ ਦੇ ਬਾਵਜੂਦ ਵੀ ਜਿਨ੍ਹਾਂ ਸਿਹਤ ਕਾਮਿਆਂ ਨੇ ਅਜੇ ਤੱਕ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਘਾਟਾ ਪੈਣ ਵਾਲਾ ਹੈ। ਅਜਿਹੇ ਕਾਮੇ ਜੇਕਰ ਕੋਰੋਨਾ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਸਾਰੇ ਇਲਾਜ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਚੁੱਕਣਾ ਹੋਵੇਗਾ ਅਤੇ ਅਜਿਹੇ ਮੁਲਾਜ਼ਮ ਇਕਾਂਤਵਾਸ ਛੁੱਟੀ ਦਾ ਲਾਭ ਲੈਣ ਦੇ ਵੀ ਯੋਗ ਨਹੀਂ ਹੋਣਗੇ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ 'ਚ ਕੀਤਾ। ਸਿਹਤ ਮੰਤਰੀ ਨੇ ਪੰਜਾਬ 'ਚ ਪਿਛਲੇ ਕੁੱਝ ਦਿਨਾਂ ਦੌਰਾਨ ਕੋਵਿਡ-19 ਦੇ ਮਾਮਲਿਆਂ 'ਚ ਹੋਏ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ 20 ਫਰਵਰੀ, 2021 ਨੂੰ 358 ਕੇਸ ਸਾਹਮਣੇ ਆਏ ਸਨ ਅਤੇ ਸੂਬੇ 'ਚ 3000 ਦੇ ਕਰੀਬ ਕੋਵਿਡ ਦੇ ਸਰਗਰਮ ਮਾਮਲੇ ਹੋ ਗਏ ਹਨ, ਜਦੋਂ ਕਿ 3 ਹਫ਼ਤੇ ਪਹਿਲਾਂ ਸਿਰਫ 2000 ਮਾਮਲੇ (33 ਫ਼ੀਸਦੀ ਵਾਧਾ) ਹੀ ਸਨ।
ਇਹ ਵੀ ਪੜ੍ਹੋ : 'ਆਪ' ਆਗੂ ਦੀ ਗੱਡੀ ਹੇਠੋਂ ਮਿਲਿਆ 'ਪੈਟਰੋਲ ਬੰਬ', ਕੁੱਝ ਦੇਰ ਪਹਿਲਾਂ ਹੀ ਚਾਹ ਪੀ ਕੇ ਗਏ ਸੀ ਹਰਪਾਲ ਚੀਮਾ
ਉਨ੍ਹਾਂ ਕਿਹਾ ਕਿ ਕਿਸੇ ਵੀ ਅਣ-ਕਿਆਸੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਣ ਹੋਣਾ ਲਾਜ਼ਮੀ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦੇ ਉਨ੍ਹਾਂ 6 ਸੂਬਿਆਂ 'ਚੋਂ ਇੱਕ ਹੈ, ਜਿੱਥੇ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਨੂੰ ਕੋਰੋਨਾ ਦੀ ਦੂਜੀ ਲਹਿਰ ਦੀ ਤਰ੍ਹਾਂ ਮੰਨਦਿਆਂ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ 'ਚ ਕੋਵਿਡ ਦਾ ਪ੍ਰਭਾਵ ਹਾਲੇ ਪੂਰੀ ਤਰਾਂ ਖ਼ਤਮ ਨਹੀਂ ਹੋਇਆ ਅਤੇ ਕੇਸਾਂ 'ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਇਸ ਲਈ ਕੋਵਿਡ ਤੋਂ ਬਚਾਅ ਲਈ ਢੁੱਕਵੀਆਂ ਸਿਹਤ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਆਦਿ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ
ਸਿਹਤ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਆਪਣੀ, ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸਕੇ ਸਬੰਧੀਆਂ ਦੀ ਸਿਹਤ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਛੇਤੀ ਤੋਂ ਛੇਤੀ ਟੀਕਾ ਲਗਵਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਅਤੇ ਮੋਹਰਲੀ ਕਤਾਰ ਵਾਲੇ ਯੋਧਿਆਂ ਦੀ ਘੱਟ ਟੀਕਾਕਰਣ ਦਰ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਸੂਬੇ 'ਚ 2.06 ਲੱਖ ਸਿਹਤ ਸੰਭਾਲ ਵਰਕਰਾਂ ਅਤੇ 1.82 ਲੱਖ ਮੋਹਰਲੀ ਕਤਾਰ ਵਾਲੇ ਵਰਕਰਾਂ ਨੇ ਕੋਵਿਡ-19 ਦੇ ਟੀਕਾਕਰਨ ਲਈ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਲਗਭਗ 79,000 (38%) ਸਿਹਤ ਸੰਭਾਲ ਕਾਮਿਆਂ ਅਤੇ 4,000 ਮੋਹਰਲੀ ਕਤਾਰ ਵਾਲੇ ਵਰਕਰਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜੋ ਕਾਫੀ ਘੱਟ ਹੈ।
ਇਹ ਵੀ ਪੜ੍ਹੋ : ਹੁਣ ਆਸਟ੍ਰੇਲੀਆ 'ਚ ਨੀਲਾਮ ਹੋਵੇਗਾ ਚੰਡੀਗੜ੍ਹ ਦਾ 'ਹੈਰੀਟੇਜ ਫਰਨੀਚਰ'
ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਹੁਣ ਤੱਕ ਪੰਜਾਬ 'ਚ ਇਸ ਨਾਲ ਸਬੰਧਿਤ ਇੱਕ ਵੀ ਮੌਤ ਦਾ ਮਾਮਲਾ ਜਾਂ ਇਸ ਦੇ ਮਾਰੂ ਪ੍ਰਭਾਵ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਫ਼ਵਾਹਾਂ ਜਾਂ ਗਲਤ ਜਾਣਕਾਰੀ ਦੇ ਅਧਾਰ ’ਤੇ ਗੁੰਮਰਾਹ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਲਈ ਟੀਕਾਕਰਣ ਦੀ ਪਹਿਲੀ ਖ਼ੁਰਾਕ ਲੈਣ ਦੀ ਆਖ਼ਰੀ ਮਿਤੀ 19 ਫਰਵਰੀ ਤੋਂ ਵਧਾ ਕੇ 25 ਫਰਵਰੀ ਕਰ ਦਿੱਤੀ ਗਈ ਹੈ। ਹਰ ਸਿਹਤ ਸੰਭਾਲ ਵਰਕਰ ਅਤੇ ਮੋਹਰਲੀ ਕਤਾਰ ਵਾਲੇ ਵਰਕਰ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਸਾਨੂੰ ਸਾਰਿਆਂ ਨੂੰ ਲਾਗ ਲੱਗਣ ਦਾ ਖ਼ਤਰਾ ਹੈ ਪਰ ਸਿਹਤ ਕਾਮਿਆਂ ਨੂੰ ਮਰੀਜ਼ਾਂ ਤੋਂ ਇਨਫੈਕਸ਼ਨ ਹੋਣ ਦਾ ਖ਼ਤਰਾ ਹੋਰ ਵੀ ਵਧੇਰੇ ਹੁੰਦਾ ਹੈ।
ਨੋਟ : ਪੰਜਾਬ 'ਚ ਚੱਲ ਰਹੇ ਕੋਵਿਡ ਟੀਕਾਕਰਣ ਬਾਰੇ ਦਿਓ ਆਪਣੀ ਰਾਏ
'ਆਪ' ਆਗੂ ਦੀ ਗੱਡੀ ਹੇਠੋਂ ਮਿਲਿਆ 'ਪੈਟਰੋਲ ਬੰਬ', ਕੁੱਝ ਦੇਰ ਪਹਿਲਾਂ ਹੀ ਚਾਹ ਪੀ ਕੇ ਗਏ ਸੀ ਹਰਪਾਲ ਚੀਮਾ
NEXT STORY