ਪਟਿਆਲਾ(ਜੋਸਨ)-ਅੱਜ ਇਥੇ ਬਿਜਲੀ ਨਿਗਮ ਦੇ ਮੁੱਖ ਦਫਤਰ ਦੀ ਆਡਿਟ ਸ਼ਾਖਾ ਵਿਚ ਬਿਜਲੀ ਨਿਗਮ ਦੇ ਇਕ ਸੇਵਾਮੁਕਤ ਕਰਮਚਾਰੀ ਨੇ ਮਹਿਲਾ ਕਰਮਚਾਰਨ ਦੇ ਥੱਪੜ ਮਾਰ ਦਿੱਤਾ। ਇਸ ਨੂੰ ਲੈ ਕੇ ਉਥੇ ਜ਼ਬਰਦਸਤ ਹੰਗਾਮਾ ਹੋ ਗਿਆ। ਇੰਪਲਾਈਜ਼ ਫੈੱਡਰੇਸ਼ਨ ਨੇ ਥੱਪੜ ਮਾਰਨ ਵਾਲੇ ਸੇਵਾਮੁਕਤ ਮੁਲਾਜ਼ਮ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਮਹਿਲਾ ਕਰਮਚਾਰਨ ਨੇ ਦੱਸਿਆ ਕਿ ਉਕਤ ਸੇਵਾਮੁਕਤ ਕਰਮਚਾਰੀ ਦੀ ਸੇਵਾ-ਪੱਤਰੀ ਇਸ ਦਫਤਰ ਕੋਲ ਪੜਤਾਲ ਵਾਸਤੇ ਆਈ ਸੀ, ਜਿਸ ਦੀ ਆਡਿਟ ਕੀਤੀ ਜਾਣੀ ਸੀ। ਇਸ ਕਰਮਚਾਰੀ ਨੇ ਇਸ ਕੰਮ ਨੂੰ ਜਲਦੀ ਨਿਪਟਾਉਣ ਦੀ ਮੰਗ ਕੀਤੀ। ਕਰਮਚਾਰਨ ਨੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਕੰਮ ਜ਼ਿਆਦਾ ਹੁੰਦਾ ਹੈ। ਇਸ ਕਰ ਕੇ ਸਮਾਂ ਲੱਗ ਰਿਹਾ ਹੈ। ਉਸ ਨੇ ਤੈਸ਼ ਵਿਚ ਆ ਕੇ ਮੇਰੇ ਨਾਲ ਬਦਤਮੀਜ਼ੀ ਕੀਤੀ। ਇੰਪਲਾਈਜ਼ ਫੈੱਡਰੇਸ਼ਨ ਦੇ ਨੋਟਿਸ ਵਿਚ ਆਉਣ 'ਤੇ ਬਿਜਲੀ ਮੁਲਾਜ਼ਮਾਂ ਨੇ ਮੁੱਖ ਦਫਤਰ ਸਾਹਮਣੇ ਇਕੱਤਰ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਮਾਮਲਾ ਡਾਇਰੈਕਟਰ ਪ੍ਰਬੰਧਕੀ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਮੰਗ ਕੀਤੀ ਕਿ ਗਲਤ ਹਰਕਤ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ। ਜਥੇਬੰਦੀ ਦੇ ਆਗੂਆਂ ਮਨਜੀਤ ਸਿੰਘ ਚਾਹਲ, ਰਣਬੀਰ ਕੌਰ, ਪਰਮਜੀਤ ਕੌਰ, ਅਵਤਾਰ ਸਿੰਘ ਕੈਂਥ, ਮੱਖਣ ਸਿੰਘ, ਕੁਲਜੀਤ ਸਿੰਘ, ਰਣਜੀਤ ਸਿੰਘ ਭਿੰਡਰ, ਸੁਰਿੰਦਰ ਪਾਲ ਸਿੰਘ, ਦਲਬੀਰ ਸਿੰਘ, ਮਨਜੀਤ ਕੌਰ ਤੇ ਸੁਰਿੰਦਰ ਕੰਬੋਜ ਆਦਿ ਆਗੂਆਂ ਨੇ ਮੰਗ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਲਈ ਮੁੱਖ ਦਫਤਰ ਦੇ ਮੇਨ ਗੇਟ 'ਤੇ ਇਕ ਕਾਊਂਟਰ ਖੋਲ੍ਹਿਆ ਜਾਵੇ, ਜਿਥੇ ਉਹ ਆਪਣੀਆਂ ਸਮੱਸਿਆਵਾ ਦੱਸ ਸਕਣ।
ਸ਼ਾਰਟ ਸਰਕਟ ਨੇ ਸੁਆਹ ਕੀਤੇ ਲੱਖਾਂ ਦੇ ਟਾਇਰ
NEXT STORY