ਗੁਰਾਇਆ(ਮੁਨੀਸ਼)-ਗੁਰਾਇਆ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨੇੜਲੇ ਪਿੰਡ ਪੱਦੀ ਖਾਲਸਾ ਵਿਖੇ ਵੀਰਵਾਰ ਨੂੰ ਇਕ ਐੱਨ. ਆਰ. ਆਈ. ਨੇ ਸਾਥੀਆਂ ਨਾਲ ਮਿਲ ਕੇ ਤਿੰਨ ਵਿਅਕਤੀਆਂ 'ਤੇ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤੇ। ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਵਿਚ ਹੀ ਇਕ ਪਲਾਟ ਸਬੰਧੀ ਬਲਵੀਰ ਸਿੰਘ ਅਤੇ ਉਸ ਦੇ ਭਰਾ ਅਮਰੀਕ ਸਿੰਘ ਵੱਲੋਂ ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਉਤਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਦੀ ਖਾਲਸਾ 'ਤੇ ਕੇਸ ਕੀਤਾ ਹੋਇਆ ਸੀ, ਜਿਸ ਦਾ ਫੈਸਲਾ ਅਦਾਲਤ ਨੇ ਭੁਪਿੰਦਰ ਸਿੰਘ ਅਤੇ ਉਤਮਜੀਤ ਸਿੰਘ ਦੇ ਹੱਕ 'ਚ ਦਿੱਤਾ ਸੀ। ਇਸੇ ਕਾਰਨ ਬਲਵੀਰ ਸਿੰਘ ਦੇ ਪੁੱਤਰ ਸੁਖਦੀਪ ਸਿੰਘ ਉਰਫ਼ ਦੀਪਾ ਜੋ ਕਿ ਵਿਦੇਸ਼ੋਂ ਆਇਆ ਹੋਇਆ ਹੈ, ਦਾ ਝਗੜਾ ਭੁਪਿੰਦਰ ਸਿੰਘ ਨਾਲ ਹੋ ਗਿਆ ਸੀ। ਸੁਖਦੀਪ ਸਿੰਘ ਅਤੇ ਉਸ ਦੇ ਸਾਥੀ ਜਗਦੀਪ ਸਿੰਘ ਖਿਲਾਫ਼ ਥਾਣਾ ਗੁਰਾਇਆ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜੋ ਕਿ ਜ਼ਮਾਨਤ 'ਤੇ ਬਾਹਰ ਆਏ ਹੋਏ ਸਨ। ਮੁਲਜ਼ਮ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ। ਭੁਪਿੰਦਰ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਦਾ ਸੁਖਦੀਪ ਵਿਦੇਸ਼ ਤੋਂ ਪਿੰਡ ਆਇਆ ਹੈ, ਉਦੋਂ ਤੋਂ ਹੀ ਉਸ ਨੇ ਪਿੰਡ ਵਿਚ ਮਾਹੌਲ ਖਰਾਬ ਕੀਤਾ ਹੋਇਆ ਸੀ। ਕੇਸ ਜਿੱਤਣ ਤੋਂ ਬਾਅਦ ਭੁਪਿੰਦਰ ਸਿੰਘ ਨੇ ਪੁਲਸ ਦੀ ਹਾਜ਼ਰੀ ਵਿਚ ਆਪਣੇ ਪਲਾਟ 'ਚ ਚਾਰਦੀਵਾਰੀ ਕੀਤੀ ਪਰ 3 ਨਵੰਬਰ ਨੂੰ ਸੁਖਦੀਪ ਨੇ 40-50 ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਦੇ ਬਲ 'ਤੇ ਜੇ. ਸੀ. ਬੀ. ਨਾਲ ਉਨ੍ਹਾਂ ਦੀ ਚਾਰਦੀਵਾਰੀ ਰਾਤ ਨੂੰ ਢਾਹ ਦਿੱਤੀ। ਜਿਸ ਦੀ ਸਾਰੀ ਰਿਕਾਰਡਿੰਗ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ । ਇਸ ਦੀ ਸ਼ਿਕਾਇਤ ਅਸੀਂ ਪੁਲਸ ਨੂੰ ਕੀਤੀ ਪਰ ਗੁਰਾਇਆ ਪੁਲਸ ਨੇ ਨਾ ਤਾਂ ਕਿਸੇ ਖਿਲਾਫ਼ ਕੋਈ ਪਰਚਾ ਦਰਜ ਕੀਤਾ ਤੇ ਨਾ ਹੀ ਕੋਈ ਹੋਰ ਕਾਰਵਾਈ ਕੀਤੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਭੁਪਿੰਦਰ ਦੁਪਹਿਰ 1.30 ਵਜੇ ਦੇ ਕਰੀਬ ਆਪਣੇ ਖੇਤਾਂ ਵਿਚ ਜਾ ਰਿਹਾ ਸੀ ਤਾਂ ਸੁਖਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸ ਨੂੰ ਪਿੰਡ ਦੀ ਗਲੀ ਵਿਚ ਹੀ ਘੇਰ ਲਿਆ, ਜਿਸ ਨੂੰ ਉਸ ਨੇ 32 ਬੋਰ ਦੇ ਰਿਵਾਲਵਰ ਨਾਲ ਤਿੰਨ ਗੋਲੀਆਂ ਮਾਰੀਆਂ।
ਫਾਇਰ ਦੀ ਆਵਾਜ਼ ਸੁਣ ਕੇ ਪਿੰਡ ਦੇ ਮੈਂਬਰ ਪੰਚਾਇਤ ਸੁਰਿੰਦਰਪਾਲ ਦੀ ਪਤਨੀ ਰੇਖਾ ਅਤੇ ਉਸ ਦਾ ਦਿਓਰ ਰਜਿੰਦਰ ਕੁਮਾਰ ਰਾਜੂ ਭੁਪਿੰਦਰ ਨੂੰ ਛੁਡਾਉਣ ਲਈ ਘਰੋਂ ਬਾਹਰ ਆਏ ਤਾਂ ਸੁਖਦੀਪ ਨੇ ਉਨ੍ਹਾਂ 'ਤੇ ਵੀ ਗੋਲੀਆਂ ਚਲਾ ਦਿੱਤੀਆਂ ਤੇ ਉਹ ਦੋਵੇਂ ਵੀ ਜ਼ਖਮੀ ਹੋ ਗਏ। ਤਿੰਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿੱਥੇ ਭੁਪਿੰਦਰ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡੀ. ਐੱਮ. ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ, ਜਦ ਕਿ ਰੇਖਾ ਤੇ ਰਜਿੰਦਰ ਨੂੰ ਫਗਵਾੜਾ ਦੇ ਵੱਖ-ਵੱਖ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ, ਜੋ ਜ਼ੇਰੇ ਇਲਾਜ ਹਨ। ਵਾਰਦਾਤ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ, ਜਿੱਥੋਂ ਪੁਲਸ ਨੇ ਤਿੰਨ ਖੋਲ ਬਰਾਮਦ ਕੀਤੇ ਅਤੇ ਟਰੈਕਟਰ, ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ। ਪਿੰਡ ਵਾਸੀਆਂ 'ਚ ਗੁਰਾਇਆ ਪੁਲਸ ਖਿਲਾਫ਼ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਅਤੇ ਪਿੰਡ ਵਾਸੀਆਂ ਪੁਲਸ ਦੇ ਮੂੰਹ 'ਤੇ ਹੀ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਖਬਰ ਲਿਖੇ ਜਾਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ ਸੀ।
ਦਾਜ ਲਈ ਕੁੱਟਮਾਰ ਦੇ ਦੋਸ਼ ਹੇਠ ਸਹੁਰੇ ਪਰਿਵਾਰ ਖਿਲਾਫ ਕੇਸ ਦਰਜ
NEXT STORY