ਲੁਧਿਆਣਾ(ਮਹੇਸ਼)-ਧਿਆਨ ਭਟਕਾ ਕੇ ਗੱਡੀਆਂ ਤੋਂ ਬੈਗ ਉਡਾਉਣ ਵਾਲੇ ਗੈਂਗ ਨੇ ਇਕ ਵਾਰ ਫਿਰ ਮਹਾਨਗਰ ਵਿਚ ਦਸਤਕ ਦੇ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਗੈਂਗ ਬੱਚਿਆਂ ਦੀ ਵੀ ਵਰਤੋਂ ਕਰ ਰਿਹਾ ਹੈ, ਜਿਸ ਦੀ ਜਿਊਂਦੀ ਜਾਗਦੀ ਉਦਾਹਰਣ ਸ਼ਨੀਵਾਰ ਨੂੰ ਬਹਾਦਰ ਕੇ ਰੋਡ 'ਤੇ ਦੇਖਣ ਨੂੰ ਮਿਲੀ, ਜਿਥੇ ਇਕ ਬੱਚੇ ਨੂੰ ਦੌਰਾ ਪੈਣ ਦਾ ਨਾਟਕ ਰਚ ਕੇ ਇਸ ਗੈਂਗ ਨੇ ਇਕ ਹੀ ਸਮੇਂ 2 ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਅਤੇ ਬੜੇ ਹੀ ਆਰਾਮ ਨਾਲ ਚਲਦੇ ਬਣੇ। ਹਾਲਾਂਕਿ ਘਟਨਾ ਤੋਂ ਅੱਧੇ ਘੰਟੇ ਬਾਅਦ ਚੋਰੀ ਕੀਤੇ ਗਏ ਦੋਵੇਂ ਬੈਗ ਘਟਨਾ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਦੂਰ ਪਏ ਮਿਲ ਗਏ। ਉਨ੍ਹਾਂ ਵਿਚ ਦਸਤਾਵੇਜ਼ ਤਾਂ ਮੌਜੂਦ ਸਨ ਪਰ ਨਕਦੀ ਗਾਇਬ ਸੀ। ਹਾਲ ਦੀ ਘੜੀ ਦੋਵੇਂ ਸ਼ਿਕਾਇਤਕਰਤਾਵਾਂ ਨੇ ਇਸ ਸਬੰਧੀ ਪੁਲਸ ਨੂੰ ਲਿਖਤੀ ਵਿਚ ਸ਼ਿਕਾਇਤ ਦਿੱਤੀ ਹੈ। ਜੋਧੇਵਾਲ ਅਤੇ ਸਲੇਮ ਟਾਬਰੀ ਪੁਲਸ ਕੇਸਾਂ ਦੀ ਜਾਂਚ ਕਰ ਰਹੀ ਹੈ। ਘਟਨਾ ਅੱਜ ਦੁਪਹਿਰ 12 ਵਜੇ ਦੀ ਹੈ। ਸਬਜ਼ੀ ਮੰਡੀ ਵਿਚ ਆੜ੍ਹਤ ਦਾ ਕੰਮ ਕਰਨ ਵਾਲਾ ਰਾਜ ਕੁਮਾਰ ਕੰਮ ਖਤਮ ਕਰ ਕੇ ਆਪਣੇ ਦੋਵੇਂ ਬੇਟਿਆਂ ਰਾਜੇਸ਼ ਅਤੇ ਸੰਜੀਵ ਨਾਲ ਗੱਡੀ 'ਚ ਜੰਮੂ ਕਾਲੋਨੀ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਰਸਤੇ 'ਚ ਉਨ੍ਹਾਂ ਨੂੰ ਮਾਰਕੀਟ ਕਮੇਟੀ ਦੇ ਦਫਤਰ ਵਿਚ ਕੰਮ ਸੀ।
ਬਹਾਦਰ ਕੇ ਰੋਡ 'ਤੇ ਸਬਜ਼ੀ ਮੰਡੀ ਦੇ ਗੇਟ ਨੰਬਰ 2 'ਤੇ ਗੱਡੀ ਪਾਰਕ ਕਰਨ ਤੋਂ ਬਾਅਦ ਰਾਜੇਸ਼ ਕਮੇਟੀ ਦੇ ਦਫਤਰ ਚਲਾ ਗਿਆ, ਜਦੋਂਕਿ ਰਾਜ ਕੁਮਾਰ ਅਤੇ ਸੰਜੀਵ ਗੱਡੀ ਵਿਚ ਹੀ ਬੈਠੇ ਰਹੇ। ਉਸੇ ਸਮੇਂ ਗੈਂਗ ਦੇ ਇਕ ਮੈਂਬਰ ਨੇ ਬੜੀ ਹੀ ਚਲਾਕੀ ਨਾਲ ਉਨ੍ਹਾਂ ਦੀ ਗੱਡੀ ਦੇ ਅੱਗੇ ਕਾਲਾ ਤੇਲ ਸੁੱਟ ਦਿੱਤਾ ਅਤੇ ਰਾਜ ਕੁਮਾਰ ਨੂੰ ਕਿਹਾ ਕਿ ਉਨ੍ਹਾਂ ਦੀ ਗੱਡੀ ਦੇ ਇੰਜਣ 'ਚੋਂ ਤੇਲ ਲੀਕ ਕਰ ਰਿਹਾ ਹੈ। ਇਸ 'ਤੇ ਰਾਜੇਸ਼ ਗੱਡੀ 'ਚੋਂ ਬਾਹਰ ਆ ਕੇ ਚੈੱਕ ਕਰਨ ਲੱਗ ਗਿਆ। ਉਸੇ ਸਮੇਂ ਗੈਂਗ ਦੇ ਇਕ ਹੋਰ ਮੈਂਬਰ ਨੇ ਗੱਡੀ ਵਿਚ ਕੋਈ ਜ਼ਹਿਰੀਲਾ ਸਪਰੇਅ ਛਿੜਕ ਦਿੱਤਾ, ਜਿਸ ਨਾਲ ਰਾਜ ਕੁਮਾਰ ਦਾ ਦਮ ਘੁੱਟਣ ਲੱਗਾ ਅਤੇ ਉਹ ਗੱਡੀ ਤੋਂ ਬਾਹਰ ਨਿਕਲ ਆਇਆ। ਠੀਕ ਇਸੇ ਸਮੇਂ ਰਾਜ ਕੁਮਾਰ ਦੀ ਗੱਡੀ ਤੋਂ ਉਲਟ ਪਾਸੇ ਖੜ੍ਹੀ ਸੁਮਿਤ ਹੌਜ਼ਰੀ ਦੇ ਮਾਲਕ ਰਾਕੇਸ਼ ਗੰਭੀਰ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਸ ਦੀ ਗੱਡੀ ਅੱਗੇ ਵੀ ਤੇਲ ਸੁੱਟ ਕੇ ਰਾਕੇਸ਼ ਅਤੇ ਉਸ ਦੇ ਡਰਾਈਵਰ ਦਾ ਧਿਆਨ ਭਟਕਾ ਦਿੱਤਾ। ਡਰਾਈਵਰ ਜਦੋਂ ਗੱਡੀ ਤੋਂ ਥੱਲੇ ਉਤਰਿਆ ਤਾਂ ਬਦਮਾਸ਼ਾਂ ਨੇ ਉਸ ਦੀ ਗੱਡੀ ਵਿਚ ਵੀ ਸਪਰੇਅ ਛਿੜਕ ਦਿੱਤਾ, ਜਿਸ ਨਾਲ ਰਾਕੇਸ਼ ਦਾ ਵੀ ਦਮ ਘੁੱਟਣ ਲੱਗਾ ਅਤੇ ਉਹ ਵੀ ਬਾਹਰ ਨਿਕਲ ਆਇਆ।
ਇਸ ਗੈਂਗ ਨੇ ਆਪਣਾ ਪੈਂਤੜਾ ਖੇਡਦੇ ਹੋਏ ਬੱਚੇ ਨੂੰ ਦੌਰਾ ਪੈਣ ਦਾ ਰੌਲਾ ਪਾ ਦਿੱਤਾ ਅਤੇ ਸਾਰਿਆਂ ਦਾ ਧਿਆਨ ਉਸ ਵੱਲ ਕਰ ਦਿੱਤਾ। ਇਸ ਦੌਰਾਨ ਗੈਂਗ ਦੇ ਹੋਰ ਮੈਂਬਰ ਦੋਵੇਂ ਗੱਡੀਆਂ ਵਿਚੋਂ ਬੈਗ ਕੱਢ ਕੇ ਲੈ ਗਏ। ਕੁਝ ਦੇਰ ਬਾਅਦ ਸੜਕ 'ਤੇ ਪਿਆ ਦੌਰੇ ਦਾ ਨਾਟਕ ਕਰ ਰਿਹਾ ਬੱਚਾ ਉੱਠ ਕੇ ਚਲਾ ਗਿਆ ਅਤੇ ਸਭ ਕੁਝ ਪਹਿਲਾਂ ਵਾਂਗ ਆਮ ਹੋ ਗਿਆ ਪਰ ਜਦੋਂ ਤੱਕ ਦੋਵੇਂ ਗੱਡੀਆਂ ਦੇ ਮਾਲਕਾਂ ਨੂੰ ਨਕਦੀ ਨਾਲ ਭਰੇ ਬੈਗ ਚੋਰੀ ਹੋਣ ਦਾ ਪਤਾ ਲੱਗਦਾ, ਬਹੁਤ ਦੇਰ ਹੋ ਚੁੱਕੀ ਸੀ। ਗੈਂਗ ਵਾਰਦਾਤਾਂ ਨੂੰ ਅੰਜਾਮ ਦੇ ਕੇ ਬੜੀ ਆਸਾਨੀ ਨਾਲ ਨਿਕਲ ਚੁੱਕਾ ਸੀ। ਘਟਨਾ ਦਾ ਪਤਾ ਲੱਗਦੇ ਹੀ ਸਾਰੇ ਹੈਰਾਨ ਰਹਿ ਗਏ। ਹਾਲਾਂਕਿ ਕੁਝ ਲੋਕਾਂ ਨੇ ਉਸ ਬੱਚੇ ਅਤੇ ਗੈਂਗ ਦੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਦੇ ਹੱਥ ਨਹੀਂ ਲੱਗੇ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਜੋਧੇਵਾਲ ਦੇ ਥਾਣਾ ਮੁਖੀ ਅਤੇ ਥਾਣਾ ਸਲੇਮ ਟਾਬਰੀ ਤੋਂ ਡਿਊਟੀ ਇੰਚਾਰਜ ਏ. ਐੱਸ. ਆਈ. ਅਮਰੀਕ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ।
ਰਾਜ ਕੁਮਾਰ ਨੇ ਜੋਧੇਵਾਲ ਅਤੇ ਗੰਭੀਰ ਨੇ ਸਲੇਮ ਟਾਬਰੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਰਾਜ ਕੁਮਾਰ ਅਤੇ ਗੰਭੀਰ ਨੇ ਦੱਸਿਆ ਕਿ ਉਨ੍ਹਾਂ ਦੇ ਬੈਗ ਕ੍ਰਿਸ਼ਨਾ ਹਲਵਾਈ ਦੇ ਕੋਲ ਪਏ ਹੋਏ ਮਿਲੇ, ਜਿਨ੍ਹਾਂ ਵਿਚ ਦਸਤਾਵੇਜ਼ ਤਾਂ ਸਹੀ ਸਲਾਮਤ ਮਿਲ ਗਏ ਹਨ ਪਰ ਉਨ੍ਹਾਂ ਵਿਚੋਂ ਨਕਦੀ ਗਾਇਬ ਸੀ। ਦੋਵੇਂ ਥਾਣਿਆਂ ਦੀ ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਹੈੱਡ ਟੀਚਰ ਦੀ ਹਮਾਇਤ 'ਚ ਉਤਰੀਆਂ ਅਧਿਆਪਕ ਜਥੇਬੰਦੀਆਂ ਦੇ ਦਬਾਅ ਨਾਲ ਜਾਂਚ 'ਚ ਜੁਟਿਆ ਸਿੱਖਿਆ ਵਿਭਾਗ
NEXT STORY