ਹਫੜਾ-ਦਫੜੀ 'ਚ ਫੈਸਲੇ ਤੋਂ ਬਾਅਦ ਵਿਭਾਗ ਦੀ ਪਲਟੀ
ਲੁਧਿਆਣਾ(ਵਿੱਕੀ)-ਸਿੱਖਿਆ ਵਿਭਾਗ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਸ਼੍ਰੀਚੰਦ ਕਾਲੋਨੀ ਮੁੰਡੀਆਂ ਕਲਾਂ ਦੀ ਸਸਪੈਂਡ ਕੀਤੀ ਹੈੱਡ ਟੀਚਰ ਅਤੇ ਬਦਲੀ ਕੀਤੀ ਗਈ ਅਧਿਆਪਕਾ ਦੀ ਹਮਾਇਤ ਵਿਚ ਉਤਰੀਆਂ ਕਈ ਅਧਿਆਪਕ ਜਥੇਬੰਦੀਆਂ ਨੇ ਵਿਭਾਗ ਦੇ ਫੈਸਲੇ ਨੂੰ ਬਿਨਾਂ ਜਾਂਚੇ-ਪਰਖੇ ਜਲਦਬਾਜ਼ੀ ਕਰਾਰ ਦਿੱਤਾ ਹੈ। ਵਿਭਾਗੀ ਕਾਰਵਾਈ ਤੋਂ ਬਾਅਦ ਕਈ ਅਧਿਆਪਕ ਜਥੇਬੰਦੀਆਂ ਨੇ ਸੋਸ਼ਲ ਮੀਡੀਆ, ਫੇਸਬੁੱਕ ਅਤੇ ਵਟਸਐਪ 'ਤੇ ਵੀ ਫੈਸਲੇ ਖਿਲਾਫ ਕੁਮੈਂਟਸ ਪੋਸਟ ਕੀਤੇ ਹਨ। ਇੰਨਾ ਹੀ ਨਹੀਂ, ਕਈ ਮੁਹੱਲਾ ਨਿਵਾਸੀ ਵੀ ਅਧਿਆਪਕਾਂ 'ਤੇ ਕੀਤੀ ਗਈ ਉਕਤ ਕਾਰਵਾਈ ਨੂੰ ਵਾਪਸ ਕਰਵਾਉਣ ਲਈ ਅੱਗੇ ਆ ਗਏ। ਕਈ ਅਧਿਆਪਕ ਜਥੇਬੰਦੀਆਂ ਅਤੇ ਸਕੂਲ ਦੇ ਆਲੇ-ਦੁਆਲੇ ਦੇ ਲੋਕਾਂ ਦਾ ਵਧਦਾ ਦਬਾਅ ਦੇਖ ਕੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਮੁਅੱਤਲ ਅਤੇ ਬਦਲੀ ਕਰਨ ਦੇ ਹੁਕਮਾਂ ਦੇ ਅਗਲੇ ਹੀ ਦਿਨ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਲੜੀ ਤਹਿਤ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਜਸਪ੍ਰੀਤ ਕੌਰ ਅਤੇ ਡਿਪਟੀ ਡੀ. ਈ. ਓ. ਕੁਲਦੀਪ ਸਿੰਘ ਸ਼ਨੀਵਾਰ ਨੂੰ ਉਕਤ ਸਕੂਲ ਵਿਚ ਪੁੱਜੇ, ਜਿਥੇ ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਦੇ ਬਿਆਨ ਲਏ। ਵਿਭਾਗੀ ਅਧਿਕਾਰੀਆਂ ਦੇ ਸਕੂਲ ਪੁੱਜਣ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਕਈ ਲੋਕ ਮੌਕੇ 'ਤੇ ਇਕੱਠੇ ਹੋ ਗਏ, ਜਿਨ੍ਹਾਂ ਨੇ ਡੀ. ਈ. ਓ. ਨੂੰ ਹੈੱਡ ਟੀਚਰ ਦੀ ਸਸਪੈਂਸ਼ਨ ਰੱਦ ਕਰਨ ਅਤੇ ਹੋਰਨਾਂ ਅਧਿਆਪਕਾਂ ਦੇ ਬਦਲੀ ਆਰਡਰ ਰੱਦ ਕਰਨ ਸਬੰਧੀ ਲਿਖਤੀ ਮੰਗ-ਪੱਤਰ ਸੌਂਪਿਆ। ਜਾਂਚ ਦੀ ਪੂਰੀ ਕਾਰਵਾਈ ਦੀ ਬਕਾਇਦਾ ਵੀਡੀਓ ਵੀ ਬਣਾਈ ਗਈ ਹੈ।
ਸਸਪੈਂਸ਼ਨ ਤੇ ਬਦਲੀ ਦੀ ਕਾਰਵਾਈ ਹੋਵੇ ਰੱਦ : ਮੁਹੱਲਾ ਨਿਵਾਸੀ
ਮੁਹੱਲਾ ਨਿਵਾਸੀਆਂ 'ਚ ਸੁਖਵਿੰਦਰ ਕੌਰ, ਮਨਜੀਤ ਕੌਰ, ਗੁਲਜ਼ਾਰ ਕੌਰ, ਸੁਰਿੰਦਰ ਕੌਰ, ਬਲਬੀਰ ਕੌਰ, ਚਰਨ ਕੌਰ, ਪਰਮਜੀਤ ਕੌਰ, ਜਰਨੈਲ ਕੌਰ, ਬਲਬੀਰ ਕੌਰ, ਨਸੀਬ ਕੌਰ ਆਦਿ ਨੇ ਡੀ. ਈ. ਓ. ਨੂੰ ਦਿੱਤੇ ਲਿਖਤੀ ਮੰਗ-ਪੱਤਰ ਵਿਚ ਕਿਹਾ ਹੈ ਕਿ ਉਕਤ ਕੇਸ 'ਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਸਫਾਈ ਸਾਰਿਆਂ ਨੇ ਮਿਲ ਕੇ ਕੀਤੀ ਹੈ।
ਉਨ੍ਹਾਂ ਡੀ. ਈ. ਓ. ਨੂੰ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ 'ਚ ਗੁਣਕਾਰੀ ਸਿੱਖਿਆ ਦਾ ਪ੍ਰਸਾਰ ਕਰਨ 'ਚ ਅਧਿਆਪਕ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਵਿਭਾਗ ਦੀ ਇਸ ਕਾਰਵਾਈ ਦਾ ਅਸਰ ਬੱਚਿਆਂ ਦੀ ਸਿੱਖਿਆ 'ਤੇ ਪਵੇਗਾ। ਇਸ ਲਈ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਅਧਿਆਪਕ ਅਤੇ ਹੈੱਡ ਟੀਚਰ 'ਤੇ ਕੀਤੀ ਗਈ ਕਾਰਵਾਈ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਬਿਨਾਂ ਜਾਂਚ-ਪੜਤਾਲ ਕਾਰਵਾਈ ਕਰਨਾ ਨਿੰਦਣਯੋਗ : ਅਧਿਆਪਕ ਯੂਨੀਅਨ
ਉਧਰ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੀ ਸਟੇਟ ਕਮੇਟੀ ਟੀਮ ਨੇ ਵੀ ਸਕੂਲ ਦਾ ਦੌਰਾ ਕੀਤਾ ਅਤੇ ਅਧਿਆਪਕਾਂ ਨੂੰ ਆਪਣੀ ਹਮਾਇਤ ਦਿੱਤੀ। ਇਸ ਤੋਂ ਇਲਾਵਾ ਐਲੀਮੈਂਟਰੀ ਟੀਚਰਜ਼ ਯੂਨੀਅਨ ਸੇਖੋਂ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਅਧਿਆਪਕਾਂ 'ਤੇ ਅਜਿਹੀ ਕਾਰਵਾਈ ਬਿਨਾਂ ਕਿਸੇ ਜਾਂਚ-ਪੜਤਾਲ ਦੇ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਕਾਰਵਾਈ ਦਾ ਵਿਰੋਧ ਕਰਦੀ ਹੈ। ਸੇਖੋਂ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਸਫਾਈ ਸੇਵਕਾਂ ਦੀ ਕੋਈ ਪੋਸਟ ਨਹੀਂ ਹੈ ਅਤੇ ਜੇਕਰ ਸਕੂਲ ਵਿਚ ਗੰਦਗੀ ਪਈ ਹੋਵੇ ਤਾਂ ਚੈਕਿੰਗ ਲਈ ਆਉਣ ਵਾਲੀਆਂ ਟੀਮਾਂ ਅਧਿਆਪਕਾਂ ਅਤੇ ਸਕੂਲ ਹੈੱਡ 'ਤੇ ਐਕਸ਼ਨ ਲੈਂਦੀਆਂ ਹਨ। ਅਜਿਹੇ ਵਿਚ ਜੇਕਰ ਸਕੂਲ ਦੀ ਸਫਾਈ ਦੌਰਾਨ ਬੱਚਿਆਂ ਨੂੰ ਸ਼ਾਮਲ ਕਰ ਲਿਆ ਗਿਆ ਤਾਂ ਇਸ ਵਿਚ ਇਤਰਾਜ਼ ਕਿਉਂ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਵਿਚ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਨਾਲ ਹੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜ਼ਿਲਾ ਇਕਾਈ ਨੇ ਵੀ ਪੀੜਤ ਅਧਿਆਪਕਾਂ ਦੀ ਹਮਾਇਤ ਵਿਚ ਆਉਂਦੇ ਹੋਏ 9 ਜਨਵਰੀ ਨੂੰ ਜ਼ਿਲਾ ਹੈੱਡ ਕੁਆਰਟਰ 'ਤੇ ਵਿਸ਼ਾਲ ਅਧਿਆਪਕ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਇਹ ਸੀ ਮਾਜਰਾ
ਅਸਲ ਵਿਚ, ਦੋ ਦਿਨ ਪਹਿਲਾਂ ਉਕਤ ਸਕੂਲ 'ਚ ਸਫਾਈ ਦੌਰਾਨ ਇਕੱਤਰ ਹੋਏ ਕੂੜੇ ਨੂੰ 5ਵੀਂ ਕਲਾਸ ਦੇ 2 ਵਿਦਿਆਰਥੀ ਡਸਟਬਿਨ ਵਿਚ ਭਰ ਕੇ ਬਾਹਰ ਸੁੱਟਣ ਜਾ ਰਹੇ ਸਨ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵਿਭਾਗ ਦੇ ਕੋਲ ਵੀਡੀਓ ਪੁੱਜਦੇ ਹੀ ਡੀ. ਈ. ਓ. ਐਲੀਮੈਂਟਰੀ ਜਸਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਸਕੂਲ ਦੀ ਹੈੱਡ ਟੀਚਰ ਚਰਨਜੀਤ ਕੌਰ ਨੂੰ ਜਿਥੇ ਸਸਪੈਂਡ ਕਰ ਦਿੱਤਾ, ਉਥੇ ਹੋਰਨਾਂ ਅਧਿਆਪਕਾਂ ਸਿੱਖਿਆ ਪ੍ਰੋਵਾਈਡਰ ਸਵਿਤਾ ਦੀ ਬਦਲੀ ਮਾਛੀਵਾੜਾ ਬਲਾਕ ਤੋਂ ਕਿਤੇ ਹੋਰ ਕਰ ਦਿੱਤੀ ਸੀ।
ਸੋਸ਼ਲ ਮੀਡੀਆ 'ਤੇ ਵੀ ਚੱਲ ਰਹੇ ਕਈ ਮੈਸੇਜ
ਉਕਤ ਕੇਸ ਨੂੰ ਲੈ ਕੇ ਸ਼ੁੱਕਰਵਾਰ ਤੋਂ ਹੀ ਸੋਸ਼ਲ ਮੀਡੀਆ 'ਤੇ ਕਈ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਵਟਸਐਪ 'ਤੇ ਕਈ ਅਧਿਆਪਕਾਂ ਨੇ ਤਾਂ ਆਪਣੇ ਮੈਸੇਜ ਵਿਚ ਵਿਭਾਗੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੱਸੀਆਂ ਹਨ ਪਰ ਦੂਜੇ ਪਾਸੇ ਕੁਝ ਲੋਕਾਂ ਨੇ ਬੱਚਿਆਂ ਤੋਂ ਕੂੜਾ ਚੁਕਵਾਉਣ ਦੇ ਕੇਸ 'ਚ ਅਧਿਆਪਕਾਂ 'ਤੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਕੂਲ ਪੜ੍ਹਨ ਜਾਣ ਵਾਲੇ ਬੱਚਿਆਂ ਤੋਂ ਕੂੜਾ ਚੁਕਵਾਉਣਾ ਉਚਿਤ ਨਹੀਂ ਹੈ।
ਸਕੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕਥਿਤ ਦੋਸ਼ੀ ਗ੍ਰਿਫਤਾਰ
NEXT STORY