ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪਿਛਲੇ ਕਈ ਦਿਨਾਂ ਤੋਂ ਬਰਨਾਲਾ ਵਿਖੇ ਦਿਨ-ਦਿਹਾੜੇ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਦੀ ਪ੍ਰਤੱਖ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਬਰਨਾਲਾ ਦੇ ਰਾਮਬਾਗ ਰੋਡ 'ਤੇ ਸਿਵਲ ਹਸਪਤਾਲ ਕੋਲ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚੋਂ ਨਕਦੀ ਕੱਢਵਾ ਕੇ ਬਾਹਰ ਆਈ ਔਰਤ ਤੋਂ ਇਕ ਅਣਪਛਾਤੀ ਨਾਬਾਲਗ ਲੜਕੀ ਨਕਦੀ ਵਾਲਾ ਲਿਫਾਫਾ ਲੈ ਕੇ ਫਰਾਰ ਹੋ ਗਈ। ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਨੇ ਸਟੇਟ ਬੈਂਕ ਆਫ ਇੰਡੀਆ 'ਚੋਂ 35000 ਰੁਪਏ ਦੀ ਨਕਦੀ ਕਢਵਾਈ ਸੀ ਅਤੇ ਜਦੋਂ ਉਹ ਬੈਂਕ 'ਚੋਂ ਬਾਹਰ ਆ ਕੇ ਆਪਣਾ ਨਕਦੀ ਵਾਲਾ ਬੈਗ ਸਕੂਟਰੀ ਦੀ ਟੋਕਰੀ 'ਚ ਰੱਖ ਕੇ ਐਕਟਿਵਾ ਨੂੰ ਪਾਰਕਿੰਗ 'ਚੋਂ ਕੱਢਣ ਲੱਗੀ ਤਾਂ ਕੋਈ ਨਜ਼ਦੀਕ ਖੜ੍ਹੀ ਅਣਪਛਾਤੀ ਨਾਬਾਲਗ ਲੜਕੀ ਪੈਸਿਆਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਈ, ਜਿਸ 'ਚ 35000 ਰੁਪਏ ਬੈਂਕ 'ਚੋਂ ਕਢਵਾਏ ਸਨ ਤੇ 15000 ਰੁਪਏ ਉਸ ਵੱਲੋਂ ਖੁਦ ਪਾਏ ਗਏ ਸਨ । ਰੌਲਾ ਪੈਣ 'ਤੇ ਆਸ-ਪਾਸ ਦੇ ਲੋਕਾਂ ਨੇ ਉਕਤ ਲੜਕੀ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ 'ਚ ਸਫਲ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲਣ ਲੱਗੇ। ਸਹਾਇਕ ਥਾਣੇਦਾਰ ਦਲਬਾਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੀ ਲੜਕੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਪੁਲਸ ਨੇ ਇਸ ਮਸਲੇ 'ਚ ਸਾਡੀ ਕੋਈ ਜ਼ਿਆਦਾ ਮਦਦ ਨਹੀਂ ਕੀਤੀ ਕਿਉਂਕਿ ਪੈਸਿਆਂ ਵਾਲੇ ਪਰਸ ਤੋਂ ਇਲਾਵਾ ਲਿਫਾਫੇ 'ਚ ਸਾਡੇ ਜ਼ਰੂਰੀ ਕਾਗਜ਼ਾਤ ਵੀ ਸਨ। ਜਦੋਂ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਲਿਫਾਫਾ ਪਿਆ ਸੀ। ਅਸੀਂ ਇਸ ਸਬੰਧੀ ਪੁਲਸ ਨੂੰ ਸੁਚਿਤ ਕੀਤਾ ਪਰ ਪੁਲਸ ਵੱਲੋਂ ਇਹ ਕਹਿ ਕੇ ਪੱਲਾ ਝਾੜ ਲਿਆ ਗਿਆ ਕਿ ਤੁਸੀਂ ਆਪ ਜਾ ਕੇ ਲਿਫਾਫਾ ਚੈੱਕ ਕਰ ਲਵੋ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਲਿਫਾਫਾ ਸਾਡਾ ਹੀ ਸੀ, ਜਿਸ 'ਚੋਂ ਉਕਤ ਲੜਕੀ ਰੁਪਿਆਂ ਵਾਲਾ ਪਰਸ ਲੈ ਗਈ ਅਤੇ ਜ਼ਰੂਰੀ ਕਾਗਜ਼ਾਤ ਉਥੇ ਹੀ ਸੁੱਟ ਕੇ ਫਰਾਰ ਹੋ ਗਈ। ਜੇਕਰ ਪੁਲਸ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲੈਂਦੀ ਤਾਂ ਫਿੰਗਰ ਪ੍ਰਿੰਟਸ ਤੋਂ ਇਲਾਵਾ ਹੋਰ ਵੀ ਕਈ ਸਬੂਤ ਪ੍ਰਾਪਤ ਹੋ ਸਕਦੇ ਸਨ, ਜਿਸ ਨਾਲ ਚੋਰੀ ਕਰਨ ਵਾਲੀ ਲੜਕੀ ਨੂੰ ਫੜਨ 'ਚ ਆਸਾਨੀ ਹੁੰਦੀ।
ਸੁਰੇਸ਼ ਕੁਮਾਰ ਦੇ ਫੈਸਲਿਆਂ ਤੋਂ ਖੁਸ਼ ਨਹੀਂ ਸੀ ਇਕ ਮਾਫੀਆ
NEXT STORY