ਜਲੰਧਰ (ਰਾਕੇਸ਼ ਬਹਿਲ, ਸੋਮਨਾਥ ਕੈਂਥ) - ਸੁਰੇਸ਼ ਕੁਮਾਰ ਕਾਂਡ ਪਿੱਛੇ ਕਈ ਲਾਬੀਆਂ ਕੰਮ ਕਰ ਰਹੀਆਂ ਸਨ। ਸ਼ੱਕ ਦੀ ਸੂਈ ਕੁਝ ਅਫਸਰਾਂ ਅਤੇ ਨੇਤਾਵਾਂ ਵੱਲ ਜਾਂਦੀ ਹੈ। ਸੁਰੇਸ਼ ਕੁਮਾਰ ਦੇ ਫੈਸਲਿਆਂ ਤੋਂ ਇਕ ਮਾਫੀਆ ਖੁਸ਼ ਨਹੀਂ ਸੀ ਉਥੇ ਹੀ ਪਿਛਲੇ ਸਾਲ ਟਰੱਕ ਯੂਨੀਅਨਾਂ ਖਤਮ ਕੀਤੇ ਜਾਣ ਦੇ ਬਾਅਦ ਕੁਝ ਯੂਨੀਅਨ ਨੇਤਾ ਵੀ ਸੁਰੇਸ਼ ਕੁਮਾਰ ਖਿਲਾਫ ਸਨ। ਪਿਛਲੇ ਸਾਲ ਪੰਜਾਬ ਸਰਕਾਰ ਦੀ ਕੈਬਨਿਟ ਦੀ ਬੈਠਕ 'ਚ ਪੰਜਾਬ ਗੁਡਸ ਕਰੀਅਰਜ਼ ਐਂਡ ਪ੍ਰੀਵੈਂਸ਼ਨ ਆਫ ਕਾਰਟਲਾਈਜ਼ੇਸ਼ਨ ਰੂਲਜ਼ 2017 ਨੂੰ ਮਨਜ਼ੁਰੀ ਦਿੱਤੀ ਗਈ ਸੀ। ਇਸ ਮਨਜ਼ੂਰੀ ਨਾਲ ਸੂਬੇ ਭਰ 'ਚ ਢੋਆਈ ਦੇ ਕੰਮ 'ਚ ਲੱਗੇ ਲੋਕਾਂ ਦੀਆਂ ਯੂਨੀਅਨਾਂ ਅਤੇ ਗਰੁੱਪ ਬਣਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਦਾ ਨੋਟੀਫਿਕੇਸ਼ਨ ਪਿਛਲੇ ਸਾਲ ਨਵੰਬਰ ਮਹੀਨੇ ਦੇ ਆਖਰੀ ਹਫਤੇ 'ਚ ਜਾਰੀ ਹੋਇਆ ਹੈ। ਸਰਕਾਰ ਦਾ ਉਦੇਸ਼ ਢੋਆਈ ਦੇ ਕੰਮ 'ਚ ੋਲੱਗੇ ਟਰਾਂਸਪੋਰਟਰਾਂ 'ਚੋਂ ਯੂਨੀਅਨਾਂ ਦਾ ਡਰ ਖਤਮ ਕਰਨਾ ਸੀ। ਟਰਾਂਸਪੋਰਟਰਾਂ ਦੇ 93 ਹਜ਼ਾਰ ਟਰੱਕ ਇਨ੍ਹਾਂ ਯੂਨੀਅਨਾਂ ਦੇ ਅਧੀਨ ਚਲਦੇ ਸਨ। ਯੂਨੀਅਨਾਂ ਟਰਾਂਸਪੋਰਟਰਾਂ ਨੂੰ ਆਪਣੀ ਮਰਜ਼ੀ ਮੁਤਾਬਕ ਰੇਟ ਦਿੰਦੀਆਂ ਸਨ। ਯੂਨੀਅਨਾਂ ਨੇ ਇਲਾਕੇ ਦੇ ਹਿਸਾਬ ਦੇ ਨਾਲ ਰੇਟ ਨਿਰਧਾਰਤ ਕੀਤੇ ਸਨ, ਜਿਸ ਮੁਤਾਬਕ ਯੂਨੀਅਨਾਂ ਅੱਗੇ ਟਰੱਕ ਆਪ੍ਰੇਟਰਾਂ ਨੂੰ ਰੇਟ ਦਿੰਦੀਆਂ ਸਨ ਅਤੇ ਖੁਦ ਮੋਟੀ ਕਮਾਈ ਕਰਦੀਆਂ ਸਨ।
ਇਕ ਮਾਫੀਆ 'ਤੇ ਸ਼ੱਕ ਦੀ ਸੂਈ
ਸੁਰੇਸ਼ ਕੁਮਾਰ ਨੇ ਸਰਕਾਰ 'ਚ ਰਹਿੰਦੇ ਹੋਏ ਪਿਛਲੇ 10 ਮਹੀਨਿਆਂ 'ਚ ਨੈਕਸਸ ਤੋੜਨ ਦੀ ਕੋਸ਼ਿਸ਼ ਕੀਤੀ। ਟਰਾਂਸਪੋਰਟ ਵਿਭਾਗ 'ਚ ਇਕ ਵੱਡਾ ਨੈਕਸਸ ਚੱਲ ਰਿਹਾ ਸੀ, ਜਿਸ ਨੂੰ ਸੁਰੇਸ਼ ਕੁਮਾਰ ਨੇ ਤੋੜਿਆ। ਉਥੇ ਹੀ ਪੁਲਸ ਵਿਭਾਗ 'ਚ ਵੀ ਤਬਾਦਲੀਆਂ ਨੂੰ ਲੈ ਕੇ ਸਿਆਸੀ ਦਬਾਅ ਦੇ ਅੱਗੇ ਝੁਕਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਅਜਿਹੀ ਚਰਚਾ ਹੈ ਕਿ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਾਲਾ ਇਕ ਕਥਿਤ ਮਾਫੀਆ ਸੁਰੇਸ਼ ਕੁਮਾਰ ਤੋਂ ਨਾਰਾਜ਼ ਸੀ।
ਕਾਂਗਰਸ ਦੇ ਇਕ ਵਿਧਾਇਕ ਦਾ ਨਾਂ ਵੀ ਆ ਰਿਹਾ ਸਾਹਮਣੇ
ਕਾਂਗਰਸ ਦਾ ਇਕ ਵਿਧਾਇਕ ਵੀ ਸੁਰੇਸ਼ ਕੁਮਾਰ ਦਾ ਦੁਸ਼ਮਣ ਬਣਿਆ ਹੋਇਆ ਸੀ। ਮਾਲਵੇ ਨਾਲ ਸਬੰਧਤ ਇਹ ਵਿਧਾਇਕ ਸੀ. ਐੱਮ. ਦਾ ਖਾਸ ਮੰਨਿਆ ਜਾਂਦਾ ਹੈ ਪਰ ਸੁਰੇਸ਼ ਕੁਮਾਰ ਕਾਰਨ ਇਸ ਦੀ ਚੱਲ ਨਹੀਂ ਰਹੀ ਸੀ। ਇਸੇ ਕਾਰਨ ਇਹ ਵਿਧਾਇਕ ਕਾਫੀ ਸਮੇਂ ਤੋਂ ਨਾਰਾਜ਼ ਚੱਲ ਰਿਹਾ ਸੀ। ਅਜਿਹੀ ਚਰਚਾ ਹੈ ਕਿ ਇਸ ਵਿਧਾਇਕ ਨੇ ਸੁਰੇਸ਼ ਕੁਮਾਰ ਖਿਲਾਫ ਫੈਸਲਾ ਆਉਣ ਦੇ ਬਾਅਦ ਇਕ ਅਫਸਰ ਨੂੰ ਫੋਨ ਕਰ ਕੇ ਕਿਹਾ ਸੀ ਕਿ 'ਸਾਡਾ ਰਾਜ' ਆ ਗਿਆ ਹੈ।
ਯੂਨੀਅਨਾਂ ਖਤਮ ਹੋਣ ਨਾਲ ਸਰਕਾਰ ਨੂੰ ਕਰੋੜਾਂ ਦੀ ਕਮਾਈ
ਯੂਨੀਅਨਾਂ ਖਤਮ ਕੀਤੇ ਜਾਣ ਦੇ ਫੈਸਲੇ ਪਿੱਛੇ ਸੁਰੇਸ਼ ਕੁਮਾਰ ਦਾ ਵੱਡਾ ਹੱਥ ਮੰਨਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਕੋਲ ਫੰਡ ਦੀ ਕਮੀ ਸੀ ਅਤੇ ਇਸ ਕਮੀ ਤੋਂ ਸਰਕਾਰ ਨੂੰ ਉਭਾਰਨ 'ਚ ਸੁਰੇਸ਼ ਕੁਮਾਰ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਪਹਿਲਾਂ, ਜਿਸ ਮਾਲ ਦੀ ਢੋਆਈ ਲਈ ਸਰਕਾਰ ਨੂੰ 40 ਰੁਪਏ ਤੱਕ ਦੇਣੇ ਪੈਂਦੇ ਸਨ, ਯੂਨੀਅਨਾਂ ਦੇ ਖਤਮ ਹੋਣ ਨਾਲ ਸਰਕਾਰ ਨੂੰ 20 ਰੁਪਏ ਦੇਣੇ ਪੈਂਦੇ ਹਨ। 20 ਰੁਪਏ ਯੂਨੀਅਨਾਂ 'ਚ ਵੰਡੇ ਜਾਂਦੇ ਸਨ। ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ 'ਚ ਮੰਡੀਆਂ ਤੋਂ ਚੌਲ ਅਤੇ ਕਣਕ ਦੀ ਢੋਆਈ ਲਈ ਸਰਕਾਰ ਨੂੰ ਟਰੱਕਾਂ ਦੀ ਜ਼ਰੂਰਤ ਪੈਂਦੀ ਸੀ ਅਤੇ ਇਸ ਲਈ ਯੂਨੀਅਨਾਂ ਕੋਲੋਂ ਟਰੱਕ ਲਏ ਜਾਂਦੇ ਸਨ। ਹੁਣ ਸਰਕਾਰ ਯੂਨੀਅਨਾਂ ਦੀ ਬਜਾਏ ਸਿੱਧੇ ਟਰੱਕ ਆਪ੍ਰੇਟਰਾਂ ਨਾਲ ਗੱਲ ਕਰਦੀ ਹੈ। ਇਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦੀ ਬੱਚਤ ਹੋਈ ਹੈ। ਅਜਿਹੀ ਚਰਚਾ ਹੈ ਕਿ ਇਸ ਫੈਸਲੇ ਨੂੰ ਨਾ ਕਰਨ ਦੇ ਲਈ ਸੁਰੇਸ਼ ਕੁਮਾਰ 'ਤੇ ਕਾਫੀ ਦਬਾਅ ਸੀ। ਕੁਝ ਲੋਕ ਚਾਹੁੰਦੇ ਸਨ ਕਿ ਇਹ ਫੈਸਲਾ ਟਾਲ ਦਿੱਤਾ ਜਾਵੇ। ਦਬਾਅ ਪਾਉਣ ਵਾਲਿਆਂ 'ਚ ਯੂਨੀਅਨਾਂ ਦੇ ਨਾਲ-ਨਾਲ ਕੁਝ ਅਫਸਰ ਅਤੇ ਆਗੂ ਵੀ ਸ਼ਾਮਲ ਸਨ ਅਤੇ ਇਸ ਫੈਸਲੇ ਦਾ ਵੱਡੇ ਪੱਧਰ 'ਤੇ ਵਿਰੋਧ ਵੀ ਹੋਇਆ।
ਦੋ ਅਫਸਰਾਂ ਖਿਲਾਫ ਹੋ ਸਕਦੀ ਹੈ ਕਾਰਵਾਈ
ਇਸ ਕਾਂਡ 'ਚ ਦੋ ਅਫਸਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਫਸਰਾਂ ਖਿਲਾਫ ਜਲਦ ਸਰਕਾਰ ਕਾਰਵਾਈ ਕਰ ਸਕਦੀ ਹੈ। ਚਰਚਾ ਹੈ ਕਿ ਅਜਿਹਾ ਮੁੱਖ ਮੰਤਰੀ ਨੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਹੋਈ ਮੀਟਿੰਗ 'ਚ ਸੰਕੇਤ ਦਿੱਤਾ ਹੈ। ਇਹ ਦੋਵੇਂ ਅਧਿਕਾਰੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਖੁੱਡੇ ਲਾਈਨ ਲੱਗੇ ਹੋਏ ਸਨ।
ਸੁਰੇਸ਼ ਕੁਮਾਰ ਦੀ ਵਾਪਸੀ ਤੈਅ, ਕਿਹੜੇ ਅਹੁਦੇ 'ਤੇ ਆਉਣਗੇ ਫੈਸਲਾ ਬਾਕੀ!
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੇਸ਼ ਕੁਮਾਰ ਨੂੰ ਵਾਪਸ ਲਿਆਂਦੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੁਰੇਸ਼ ਕੁਮਾਰ 1983 ਬੈਚ ਦੇ ਸੇਵਾ ਮੁਕਤ ਆਈ. ਏ. ਐੱਸ. ਅਫਸਰ ਹਨ। ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਚੀਫ ਪ੍ਰਿੰਸੀਪਲ ਸਕੱਤਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਹੁਣ ਉਹ ਕਿਸ ਅਹੁਦੇ 'ਤੇ ਵਾਪਸ ਆਉਂਦੇ ਹਨ, ਇਸ ਦਾ ਫੈਸਲਾ ਕੀਤਾ ਜਾਣਾ ਬਾਕੀ ਹੈ। ਸੁਰੇਸ਼ ਕੁਮਾਰ ਇਨ੍ਹੀਂ ਦਿਨੀਂ ਨਿੱਜੀ ਦੌਰੇ 'ਤੇ ਜਾਪਾਨ ਗਏ ਹੋਏ ਹਨ ਅਤੇ ਵੀਰਵਾਰ ਨੂੰ ਉਨ੍ਹਾਂ ਦੇ ਚੰਡੀਗੜ੍ਹ ਆਉਣ ਦੀ ਸੰਭਾਵਨਾ ਹੈ।
ਕਿਸੇ ਵੀ ਸੰਕਟ 'ਚੋਂ ਕੱਢਣ ਦੇ ਸਮਰੱਥ
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ 'ਚ ਸੀਨੀਅਰ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਸੁਰੇਸ਼ ਕੁਮਾਰ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਸ਼ਾਸਕੀ ਸੰਕਟ 'ਚੋਂ ਕੱਢਣ 'ਚ ਸਮਰੱਥ ਹਨ। ਇਸ ਦੇ ਨਾਲ ਹੀ ਸਿਆਸਤਦਾਨਾਂ ਨੂੰ ਵੀ ਪ੍ਰਭਾਵਿਤ ਕਰਨ ਅਤੇ ਹੈਂਡਲ ਕਰਨ 'ਚ ਸਮਰੱਥ ਹੈ। ਸੁਰੇਸ਼ ਕੁਮਾਰ ਮਾਰਚ 2017 'ਚ ਚੀਫ ਪਿੰ੍ਰਸੀਪਲ ਸਕੱਤਰ ਵਜੋਂ ਤਾਇਨਾਤ ਹੋਏ ਸਨ ਅਤੇ ਪਿਛਲੇ ਹਫਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਦਿੱਤੇ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2007 'ਚ ਕਾਂਗਰਸ ਦੇ ਪੰਜ ਸਾਲ ਦੇ ਕਾਰਜਕਾਲ ਦੇ ਬਾਅਦ ਜਦੋਂ ਅਕਾਲੀ-ਭਾਜਪਾ ਸਰਕਾਰ ਬਣੀ ਤਾਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦਫਤਰ ਦੀਆਂ ਸਾਰੀਆਂ ਫਾਈਲਾਂ ਦੀ ਜਾਂਚ ਕਰਵਾਈ ਪਰ ਸੁਰੇਸ਼ ਕੁਮਾਰ ਦੀ ਪ੍ਰਸ਼ਾਸਕੀ ਕੁਸ਼ਲਤਾ ਕਾਰਨ ਵਿਜੀਲੈਂਸ ਅਤੇ ਦੂਜੀਆਂ ਏਜੰਸੀਆਂ ਇਨ੍ਹਾਂ ਫਾਈਲਾਂ 'ਚੋਂ ਕੁਝ ਵੀ ਨਹੀਂ ਕੱਢ ਸਕੀਆਂ, ਜਿਸ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਫਸਾਇਆ ਜਾ ਸਕੇ। ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀਆਂ ਗਈਆਂ ਮੀਟਿੰਗਾਂ 'ਚ ਸਪੱਸ਼ਟ ਕੀਤਾ ਕਿ ਸੁਰੇਸ਼ ਦੀ ਮੁੱਖ ਮੰਤਰੀ ਦਫਤਰ 'ਚ ਗੈਰ-ਹਾਜ਼ਰੀ ਨਾਲ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਕੀ ਹਾਲਾਤ ਖਰਾਬ ਹੋ ਸਕਦੇ ਹਨ।
ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ਼ ਅਧਿਆਪਕਾਂ ਵੱਲੋਂ ਪ੍ਰਦਰਸ਼ਨ
NEXT STORY