ਬਠਿੰਡਾ(ਜ. ਬ.)-ਇਕ ਤਰਫਾ ਪਿਆਰ ਨੇ ਵਿਦਿਆਰਥੀ ਨੂੰ ਮੁਲਜ਼ਮ ਬਣਾ ਦਿੱਤਾ, ਜਿਸ ਵਿਰੁੱਧ ਲੜਕੀ ਨੂੰ ਵਿਆਹ ਲਈ ਮਜਬੂਰ ਕਰਨ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਹੋ ਗਿਆ ਹੈ।
ਕੀ ਹੈ ਮਾਮਲਾ
ਪੁਲਸ ਸੂਤਰਾਂ ਮੁਤਾਬਕ ਜ਼ਿਲਾ ਮੁਕਤਸਰ ਦੀ ਲੜਕੀ ਰੀਟਾ (ਅਸਲੀ ਨਾਂ ਨਹੀਂ) ਅਤੇ ਯਾਦਵਿੰਦਰ ਸਿੰਘ ਵਾਸੀ ਪਿੰਡ ਬੀੜ ਬਹਿਮਣ ਦਿਓਣ ਕਾਲਜ ਵਿਚ ਪੜ੍ਹਦੇ ਸਨ। ਇਸ ਦੌਰਾਨ ਇਨ੍ਹਾਂ ਦੀ ਜਾਣ-ਪਛਾਣ ਹੋ ਗਈ। ਪੜ੍ਹਾਈ ਖਤਮ ਕਰ ਕੇ ਦੋਵੇਂ ਆਪੋ-ਆਪਣੇ ਘਰ ਚਲੇ ਗਏ।
ਯਾਦਵਿੰਦਰ ਸਿੰਘ ਨੇ ਮਾਣਯੋਗ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਕਿ ਉਸਦਾ ਰੀਟਾ ਨਾਲ ਵਿਆਹ ਹੋ ਚੁੱਕਾ ਹੈ ਤੇ ਉਸਦੇ ਸਹੁਰੇ ਪਰਿਵਾਰ ਨੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਸ ਨੇ ਇਕ ਕੋਰਟ ਮੈਰਿਜ ਸਰਟੀਫਿਕੇਟ ਵੀ ਪੇਸ਼ ਕੀਤਾ। ਹਾਈਕੋਰਟ ਨੇ ਰੀਟਾ ਤੇ ਪਰਿਵਾਰ ਨੂੰ ਕੋਰਟ ਪੇਸ਼ ਹੋਣ ਦੇ ਹੁਕਮ ਦਿੱਤੇ। ਰੀਟਾ ਨੇ ਹਾਈਕੋਰਟ ਵਿਚ ਬਿਆਨ ਦਿੱਤਾ ਕਿ ਉਹ ਯਾਦਵਿੰਦਰ ਨੂੰ ਜਾਣਦੀ ਜ਼ਰੂਰ ਹੈ ਪਰ ਪਿਆਰ ਕਰਨ ਜਾਂ ਵਿਆਹ ਕਰਵਾਉਣ ਵਾਲੀ ਗੱਲ ਬਿਲਕੁਲ ਝੂਠ ਹੈ। ਉਸਨੇ ਉਕਤ ਨਾਲ ਵਿਆਹ ਨਹੀਂ ਕਰਵਾਇਆ ਤੇ ਨਾ ਹੀ ਕਰਵਾਉਣਾ ਚਾਹੁੰਦੀ ਹੈ। ਰੀਟਾ ਦੇ ਬਿਆਨਾਂ ਨੂੰ ਆਧਾਰ ਮੰਨ ਕੇ ਹਾਈਕੋਰਟ ਨੇ ਯਾਦਵਿੰਦਰ ਸਿੰਘ ਦੀ ਰਿੱਟ ਖਾਰਿਜ ਕਰ ਦਿੱਤੀ ਜਦਕਿ ਮੈਰਿਜ ਸਰਟੀਫਿਕੇਟ ਨੂੰ ਵੀ ਨਹੀਂ ਮੰਨਿਆ ਗਿਆ।
ਲੜਕੀ ਦੀਆਂ ਅਸ਼ਲੀਲ ਤਸਵੀਰਾਂ ਉਸਦੇ ਭਰਾ ਨੂੰ ਭੇਜੀਆਂ
ਰੀਟਾ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ ਯਾਦਵਿੰਦਰ ਸਿੰਘ ਨੇ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਾ ਸਿਰਫ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਬਲਕਿ ਉਸ ਦੀਆਂ ਤਸਵੀਰਾਂ ਨੂੰ ਅਸ਼ਲੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤਾ ਗਿਆ। ਉਸ ਦੀਆਂ ਤਸਵੀਰਾਂ ਉਸਦੇ ਭਰਾ ਨੂੰ ਭੇਜੀਆਂ ਗਈਆਂ। ਉਕਤ ਨੇ ਵਿਆਹ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਪੇਸ਼ ਕੀਤਾ।
ਕੀ ਕਹਿੰਦੇ ਹਨ ਤਫਤੀਸ਼ੀ ਅਧਿਕਾਰੀ
ਤਫ਼ਤੀਸ਼ੀ ਅਧਿਕਾਰੀ ਇੰਸਪੈਕਟਰ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ, ਲੜਕੀ ਦੀ ਸ਼ਿਕਾਇਤ ਅਤੇ ਮੁੱਢਲੀ ਜਾਂਚ ਤੋਂ ਬਾਅਦ ਯਾਦਵਿੰਦਰ ਸਿੰਘ ਵਿਰੁੱਧ ਧਾਰਾ 466, 467 ਅਤੇ ਆਈ. ਟੀ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਾਕੀ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਲੜਕੇ ਵੱਲੋਂ ਪੇਸ਼ ਕੀਤੀਆਂ ਤਸਵੀਰਾਂ, ਮੈਰਿਜ ਸਰਟੀਫਿਕੇਟ ਤੇ ਹੋਰ ਸਬੂਤਾਂ ਨੂੰ ਵੀ ਧਿਆਨ ਨਾਲ ਜਾਂਚਿਆ ਜਾਵੇਗਾ ਜਦਕਿ ਲੜਕੀ ਦੀ ਸ਼ਿਕਾਇਤ 'ਤੇ ਪਹਿਲਾਂ ਹੀ ਜਾਂਚ ਜਾਰੀ ਹੈ। ਫਿਲਹਾਲ ਅਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਵਿਅਕਤੀ ਨੂੰ 10 ਸਾਲ ਦੀ ਸਜ਼ਾ
NEXT STORY