ਅਬੋਹਰ(ਸੁਨੀਲ)—ਮੋਗਾ ਜ਼ਿਲੇ ਦੇ ਇਕ ਨੌਜਵਾਨ ਨੂੰ ਕੁਝ ਲੋਕਾਂ ਨੇ ਅਗਵਾ ਕਰ ਕੇ ਅੱਜ ਰੇਲਵੇ ਸਟੇਸ਼ਨ ਦੇ ਨੇੜੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਅਤੇ ਸਮਾਜ-ਸੇਵੀ ਸੰਸਥਾ ਮਾਨਵ ਸੇਵਾ ਸੰਮਤੀ ਦੇ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਮੋਗਾ ਜ਼ਿਲੇ ਦੇ ਪਿੰਡ ਦਮਗਜੀਆਂ ਕਲਾਂ ਵਾਸੀ 18 ਸਾਲਾ ਵਿਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਪਿਛਲੇ ਦਿਨੀਂ ਆਪਣੀ ਐਕਟਿਵਾ 'ਤੇ ਪਿੰਡ ਵਿਚ ਹੀ ਕਟਿੰਗ ਕਰਵਾਉਣ ਲਈ ਨਿਕਲਿਆ ਸੀ। ਰਸਤੇ ਵਿਚ ਕੁਝ ਨੌਜਵਾਨਾਂ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਅਬੋਹਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸੁੱਟ ਕੇ ਚਲੇ ਗਏ। ਘਟਨਾ ਦਾ ਪਤਾ ਲੱਗਣ 'ਤੇ ਜੀ. ਆਰ. ਪੀ. ਅਤੇ ਮਾਨਵ ਸੇਵਾ ਸੰਮਤੀ ਦੇ ਮੈਂਬਰਾਂ ਨੇ ਮੌਕੇ 'ਤੇ ਪੁੱਜ ਕੇ ਉਕਤ ਬੇਹੋਸ਼ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਸ ਦੇ ਹੋਸ਼ ਵਿਚ ਆਉਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ । ਸੂਚਨਾ ਮਿਲਣ 'ਤੇ ਉਸ ਦੇ ਪਰਿਵਾਰ ਮੈਂਬਰ ਹਸਪਤਾਲ ਪੁੱਜੇ, ਜਿਥੇ ਨੌਜਵਾਨ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ।
ਡਾਕਟਰਾਂ ਦੀ ਘਾਟ ਨਾਲ ਜੂਝ ਰਿਹੈ ਬੰਗਾ ਦਾ ਸਿਵਲ ਹਸਪਤਾਲ
NEXT STORY