ਜਲੰਧਰ (ਜ. ਬ.)— ਪੰਜਾਬ 'ਚ ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਨਾਲ ਚਿੰਤਾ ਵਧਣ ਲੱਗੀ ਹੈ। ਅਪਰਾਧੀ ਰੋਜ਼ਾਨਾ ਕਤਲ, ਡਕੈਤੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਨੂੰ ਦਿਨ-ਦਿਹਾੜੇ ਅੰਜਾਮ ਦੇ ਰਹੇ ਹਨ। ਅਪਰਾਧੀ ਦਿਨ ਹੋਵੇ ਜਾਂ ਰਾਤ ਕਦੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਅਤੇ ਕਈ ਵਾਰਦਾਤਾਂ 'ਚ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ ਦੇ ਬਾਵਜੂਦ ਦੋਸ਼ੀ ਪੁਲਸ ਦੀ ਪਹੁੰਚ ਤੋਂ ਕੋਹਾਂ ਦੂਰ ਹਨ। ਹੈਰਾਨੀ ਦੀ ਗੱਲ ਹੈ ਕਿ ਅੱਤਵਾਦ ਦਾ ਜੜ੍ਹੋਂ ਖਾਤਮਾ ਕਰਨ ਵਾਲੀ ਪੰਜਾਬ ਪੁਲਸ ਹੁਣ ਅਜਿਹੇ ਅਪਰਾਧੀਆਂ ਨੂੰ ਨੱਥ ਪਾਉਣ 'ਚ ਅਸਫ਼ਲ ਦਿਖਾਈ ਦੇ ਰਹੀ ਹੈ।
ਪਿਛਲੇ 11 ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ 'ਚ ਹਰੇਕ ਪਾਸਿਓਂ ਅਪਰਾਧਿਕ ਵਾਰਦਾਤਾਂ ਸਾਹਮਣੇ ਆਈਆਂ, ਜਿਨ੍ਹਾਂ ਨਾਲ ਪੰਜਾਬ ਵਾਸੀ ਦਹਿਸ਼ਤ ਦੇ ਪਰਛਾਵੇ ਹੇਠ ਹਨ। ਪਿਛਲੇ 11 ਦਿਨਾਂ ਅੰਦਰ ਪੰਜਾਬ 'ਚ 6 ਕਤਲ ਹੋਏ, ਜਿਨ੍ਹਾਂ 'ਚੋਂ ਭਿੱਖੀਵਿੰਡ 'ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਵੀ ਸ਼ਾਮਲ ਹਨ ਅਤੇ ਇਸ ਕਤਲ ਕਾਂਡ 'ਚ ਅੱਤਵਾਦੀ ਲਿੰਕ ਹੋਣ ਦਾ ਵੀ ਸ਼ੱਕ ਹੈ। ਹਾਲ ਹੀ 'ਚ ਬਲਵਿੰਦਰ ਸਿੰਘ ਦੀ ਸਕਿਓਰਿਟੀ ਵਾਪਸ ਲੈ ਲਈ ਗਈ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਅਪਰਾਧੀਆਂ ਨੇ ਉਨ੍ਹਾਂ ਨੂੰ ਕਤਲ ਕਰ ਦਿੱਤਾ।
ਇਸ ਤੋਂ ਇਲਾਵਾ ਅਗਵਾ ਤੋਂ ਬਾਅਦ ਨਾਬਾਲਗਾ ਨਾਲ ਗੈਂਗਰੇਪ ਨੇ ਵੀ ਪੰਜਾਬ ਦਾ ਸਿਰ ਝੁਕਾ ਦਿੱਤਾ, ਜਦੋਂ ਕਿ ਆਦਮਪੁਰ 'ਚ ਲੁਟੇਰਿਆਂ ਵੱਲੋਂ ਬੈਂਕ ਦੇ ਸਕਿਓਰਿਟੀ ਗਾਰਡ ਦੀ ਹੱਤਿਆ ਕਰਕੇ ਲੱਖਾਂ ਰੁਪਏ ਲੁੱਟਣ ਦੇ ਮਾਮਲੇ 'ਚ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਆਪਣੇ ਹੀ ਢੰਗ ਨਾਲ ਬਿਆਨ ਕਰ ਦਿੱਤਾ। ਪੰਜਾਬ 'ਚ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਸ ਤੋਂ ਸਾਫ ਹੈ ਕਿ ਪੁਲਸ ਦੀ ਇੰਟੈਲੀਜੈਂਸ ਕਿਤੇ ਨਾ ਕਿਤੇ ਕਾਫ਼ੀ ਕਮਜ਼ੋਰ ਹੈ।
ਸੂਤਰਾਂ ਦੀ ਮੰਨੀਏ ਤਾਂ ਆਦਮਪੁਰ 'ਚ ਬੈਂਕ ਲੁੱਟਣ ਵਾਲੇ ਦੋਸ਼ੀਆਂ ਨੇ ਹੁਸ਼ਿਆਰਪੁਰ 'ਚ ਵੀ ਇਸ ਤਰ੍ਹਾਂ ਦੀ ਲੁੱਟ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਉਹ ਭਗੌੜੇ ਵੀ ਹਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ 'ਚ ਇਨ੍ਹੀਂ ਦਿਨੀਂ ਕੋਈ ਵੱਡੀ ਵਾਰਦਾਤ ਨਹੀਂ ਹੋਈ, ਜਦੋਂ ਕਿ ਬਾਕੀ ਸ਼ਹਿਰਾਂ 'ਚ ਰੋਜ਼ਾਨਾ ਕੋਈ ਨਾ ਕੋਈ ਵਾਰਦਾਤ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਰਹੀ ਹੈ। ਜਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਅਪਰਾਧਿਕ ਘਟਨਾਵਾਂ ਸਾਹਮਣੇ ਆਈਆਂ, ਉਨ੍ਹਾਂ 'ਚ ਲੁਧਿਆਣਾ ਅਤੇ ਅੰਮ੍ਰਿਤਸਰ ਮੁੱਖ ਹਨ, ਜਦੋਂ ਕਿ ਜਲੰਧਰ ਨੂੰ ਵੀ ਅਪਰਾਧੀਆਂ ਦੀ ਨਜ਼ਰ ਲੱਗ ਚੁੱਕੀ ਹੈ।
ਲੁਧਿਆਣਾ ਦੇ ਮੁਥੂਟ ਫਾਈਨਾਂਸ 'ਚ ਹੋਣ ਵਾਲੀ ਵੱਡੀ ਲੁੱਟ ਵੀ ਉਥੇ ਮੌਜੂਦ ਲੋਕਾਂ ਦੀ ਚੌਕਸੀ ਨਾਲ ਟਲ ਗਈ ਸੀ। ਜੇਕਰ ਅਪਰਾਧੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਭੱਜ ਜਾਂਦੇ ਹਨ ਤਾਂ ਪੁਲਸ ਕੋਲ ਹੱਥ ਮਲਣ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ। ਦੂਜੇ ਪਾਸੇ ਪੰਜਾਬ ਦੇ ਵਧੇਰੇ ਸ਼ਹਿਰਾਂ ਵਿਚ ਸਨੈਚਿੰਗ ਅਤੇ ਲੁੱਟ ਵਰਗੀਆਂ ਘਟਨਾਵਾਂ ਦਾ ਗ੍ਰਾਫ ਵੀ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਯੂ. ਪੀ. ਅਤੇ ਬਿਹਾਰ ਤੋਂ ਖਰੀਦ ਕੇ ਪੰਜਾਬ ਵਿਚ ਵੇਚੇ ਦੇਸੀ ਹਥਿਆਰ ਵੀ ਚਿੰਤਾ ਦਾ ਵਿਸ਼ਾ ਹਨ।
11 ਦਿਨਾਂ 'ਚ ਜਲੰਧਰ 'ਚ ਹੋਈਆਂ ਵਾਰਦਾਤਾਂ
7 ਅਕਤੂਬਰ : ਲੰਮਾ ਪਿੰਡ ਚੌਕ ਨੇੜੇ ਪੈਦਲ ਜਾ ਰਹੀ ਔਰਤ ਕੋਲੋਂ ਪਰਸ ਝਪਟਿਆ।
8 ਅਕਤੂਬਰ : ਗੁਰੂ ਗੋਬਿੰਦ ਿਸੰਘ ਐਵੇਨਿਊ ਵਿਚ ਔਰਤ ਨਾਲ ਸਨੈਚਿੰਗ।
11 ਅਕਤੂਬਰ : ਦਿਓਲ ਨਗਰ ਵਿਖੇ ਜਨਰਲ ਸਟੋਰ ਵਿਚ ਚੋਰੀ।
12 ਅਕਤੂਬਰ : ਵੇਰਕਾ ਮਿਲਕ ਪਲਾਂਟ ਵਿਚ ਨੌਜਵਾਨ ਨੂੰ ਘੜੀਸਣ ਉਪਰੰਤ ਕੁੱਟਿਆ ਤੇ ਫਿਰ ਕਾਰ 'ਤੇ ਚੜ੍ਹਾ ਕੇ ਮਾਰਨ ਦੀ ਕੀਤੀ ਕੋਸ਼ਿਸ਼।
17ਅਕਤੂਬਰ : ਸੈਂਟਰਲ ਟਾਊਨ ਵਿਚ ਦਿਨ-ਦਿਹਾੜੇ ਔਰਤ ਨਾਲ ਸਨੈਚਿੰਗ।
ਪੂਰੇ ਪੰਜਾਬ 'ਚ 11 ਦਿਨਾਂ 'ਚ ਹੋਈਆਂ ਵੱਡੀਆਂ ਵਾਰਦਾਤਾਂ
5 ਅਕਤੂਬਰ : ਤਰਨਤਾਰਨ ਦੀ ਵ੍ਰਿੰਦਾਵਨ ਕਾਲੋਨੀ ਵਿਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੈਂਗਵਾਰ, ਜਿਸ ਵਿਚ ਗੋਲੀਆਂ ਵੀ ਚੱਲੀਆਂ।
5 ਅਕਤੂਬਰ : ਲੁਧਿਆਣਾ ਦੀ ਹੈਬੋਵਾਲ ਕਾਲੋਨੀ ਵਿਚ ਨੌਜਵਾਨ 'ਤੇ ਗੋਲੀਆਂ ਚਲਾਈਆਂ।
7 ਅਕਤੂਬਰ : ਜਲੰਧਰ ਸਥਿਤ ਜਲੰਧਰ ਕੁੰਜ ਵਿਚ ਪ੍ਰਾਪਰਟੀ ਡੀਲਰ ਅਤੇ ਫੌਜੀ 'ਤੇ ਗੋਲੀਆਂ ਚਲਾਈਆਂ।
8 ਅਕਤੂਬਰ : ਪੱਟੀ ਵਿਚ ਬਜ਼ੁਰਗ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ।
9 ਅਕਤੂਬਰ : ਲੁਧਿਆਣਾ ਕਾਲੋਨਾਈਜ਼ਰ ਦੇ ਵਰਕਰ ਕੋਲੋਂ ਗੰਨ ਪੁਆਇੰਟ 'ਤੇ ਸਪੋਰਟਸ ਬਾਈਕ ਲੁੱਟੀ।
9 ਅਕਤੂਬਰ : ਲੁਧਿਆਣਾ ਵਿਚ ਪ੍ਰਾਪਰਟੀ ਡੀਲਰ ਦੇ ਘਰ ਵਿਚ ਭੰਨ-ਤੋੜ ਕਰ ਕੇ ਪੈਟਰੋਲ ਬੰਬ ਸੁੱਟਿਆ।
9 ਅਕਤੂਬਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਬਾਊਂਸਰ ਦੀ ਗੋਲੀਆਂ ਮਾਰ ਕੇ ਹੱਤਿਆ।
9 ਅਕਤੂਬਰ : ਮੋਹਾਲੀ ਵਿਚ ਨਾਬਾਲਗਾ ਨਾਲ ਅਗਵਾ ਤੋਂ ਬਾਅਦ ਗੈਂਗਰੇਪ।
10 ਅਕਤੂਬਰ : ਲੁਧਿਆਣਾ ਵਿਚ ਫੈਬਰਿਕ ਮੈਨੇਜਰ ਨੂੰ ਗੰਨ ਪੁਆਇੰਟ 'ਤੇ ਲੈ ਕੇ 3.42 ਲੱਖ ਰੁਪਏ ਲੁੱਟੇ।
10 ਅਕਤੂਬਰ : ਭੋਗਪੁਰ ਵਿਚ ਨੌਜਵਾਨ ਅਤੇ ਉਸ ਦੇ ਤਾਏ 'ਤੇ ਚਲਾਈਆਂ ਗੋਲੀਆਂ।
11 ਅਕਤੂਬਰ : ਨਕੋਦਰ ਵਿਚ ਏਅਰਟੈੱਲ ਕੰਪਨੀ ਦੇ ਡਿਸਟਰੀਬਿਊਟਰ ਨੂੰ ਜ਼ਖ਼ਮੀ ਕਰ ਕੇ 5 ਲੱਖ ਰੁਪਏ ਲੁੱਟੇ।
11 ਅਕਤੂਬਰ : ਤਰਨਤਾਰਨ ਵਿਚ ਨਸ਼ੇੜੀ ਪਤੀ ਵੱਲੋਂ ਪਤਨੀ ਦੀ ਹੱਤਿਆ।
12 ਅਕਤੂਬਰ : ਪਟਿਆਲਾ ਦੇ ਪਿੰਡ ਬੋਲੜ ਵਿਚ ਹਰਨੀਤ ਕੌਰ ਦੀ ਉਸ ਦੇ ਤਾਏ ਦੇ ਪੁੱਤ ਵੱਲੋਂ ਗੋਲੀ ਮਾਰ ਕੇ ਹੱਤਿਆ।
15 ਅਕਤੂਬਰ : ਤਰਨਤਾਰਨ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਚ ਨਿਹੰਗ ਸਿੰਘ ਦੀ ਹੱਤਿਆ।
15 ਅਕਤੂਬਰ : ਜਲੰਧਰ ਦੇ ਆਦਮਪੁਰ ਸਥਿਤ ਯੂਕੋ ਬੈਂਕ ਵਿਚ ਗਾਰਡ ਨੂੰ ਗੋਲੀਆਂ ਮਾਰ ਕੇ 5.98 ਲੱਖ ਰੁਪਏ ਲੁੱਟੇ।
16 ਅਕਤੂਬਰ : ਲੁਧਿਆਣਾ ਦੇ ਦੁੱਗਰੀ ਰੋਡ 'ਤੇ ਪੁਲਸ ਚੌਕੀ ਤੋਂ ਕੁਝ ਦੂਰੀ 'ਤੇ ਮੁਥੂਟ ਫਾਈਨਾਂਸ ਵਿਚ 15 ਕਰੋੜ ਰੁਪਏ ਦਾ ਸੋਨਾ ਲੁੱਟਣ ਦੀ ਕੋਸ਼ਿਸ਼ ਪਰ ਕੰਪਨੀ ਦੇ ਸਕਿਓਰਿਟੀ ਸਿਸਟਮ ਕਾਰਣ ੁਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਰਹੇ ਅਸਫਲ।
16 ਅਕਤੂਬਰ : ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ।
16 ਅਕਤੂਬਰ : ਜਲੰਧਰ ਦੇ ਮਦਨ ਫਲੋਰ ਮਿੱਲ ਚੌਕ ਸਥਿਤ ਸੈਂਟਰਲ ਗਰੀਨ ਵਿਚ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਗੋਲੀਆਂ ਚਲਾਈਆਂ।
ਮੰਨਾ ਦਾ ਕੈਪਟਨ 'ਤੇ ਫੁੱਟਿਆ ਗੁੱਸਾ, ਨੂਰ ਨਾਲ ਗੱਲ ਕਰ ਸਕਦੇ ਹੋ ਤਾਂ ਮਾਂ-ਬਾਪ ਗਵਾ ਚੁੱਕੀ ਇਸ ਧੀ ਨਾਲ ਕਿਉਂ ਨਹੀਂ
NEXT STORY