ਅੰਮ੍ਰਿਤਸਰ (ਵਿਨੇ) : ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜਿੱਥੇ ਬੀਤੀ ਰਾਤ ਤੋਂ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਅੰਮ੍ਰਿਤਸਰ 'ਚ ਬੁੱਧਵਾਰ ਸਵੇਰੇ ਚਿੰਤਪੁਰਨੀ ਚੌਂਕ 'ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਸ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਸ਼ਾਇਦ ਇਸ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਡਰ ਹੀ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇਸ ਭੀੜ 'ਚ ਕਿਸੇ ਨੇ ਵੀ ਮਾਸਕ ਤੱਕ ਨਹੀਂ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਜਰਮਨੀ 'ਚ ਆਇਆ ਕੋਰੋਨਾ ਦਾ ਹੜ੍ਹ, ਇਕੋ ਦਿਨ 4 ਹਜ਼ਾਰ ਨਵੇਂ ਮਾਮਲੇ ਦਰਜ
ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਜ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਮਾਜ 'ਚ ਹੜਬੜਾਹਟ ਪੈਦਾ ਨਾ ਹੋ ਜਾਵੇ, ਇਸ ਲਈ ਜਾਣਕਾਰੀ ਸਰਵਜਨਕ ਕਰਨ 'ਚ ਪਰਹੇਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਵਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਪਰ ਆਮ ਜਨਤਾ ਦੀ ਸਹਿਭਾਗਤਾ ਤੋਂ ਬਿਨਾਂ ਇਹ ਸੰਭਵ ਨਹੀਂ। ਰਾਜ 'ਚ ਅਜੇ ਤੱਕ ਜਿਨ੍ਹਾਂ ਕੁਲ 29 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 18 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਵੇਰਕਾ ਨੇ ਦੁੱਧ ਦੀ ਡੋਰ-ਟੂ-ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ
5 ਮਾਮਲੇ ਮੋਹਾਲੀ ਜ਼ਿਲੇ ਨਾਲ ਸਬੰਧਤ ਹਨ, ਜਦੋਂ ਕਿ ਜਲੰਧਰ ਜ਼ਿਲੇ ਦੇ 3, ਅੰਮ੍ਰਿਤਸਰ ਜ਼ਿਲੇ ਦੇ 2 ਅਤੇ ਹੁਸ਼ਿਆਰਪੁਰ ਜ਼ਿਲੇ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਅਜੇ ਤੱਕ 282 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 29 ਦੇ ਨਤੀਜੇ ਪਾਜ਼ੀਟਿਵ, 220 ਦੇ ਨੈਗੇਟਿਵ ਆਏ ਹਨ, ਜਦੋਂ ਕਿ 33 ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ 33 ਸੈਂਪਲਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ, ਉਨ੍ਹਾਂ 'ਚੋਂ ਬੁੱਧਵਾਰ ਨੂੰ ਪਾਜ਼ੇਟਿਵ ਐਲਾਨੇ ਜਾਣ ਵਾਲੇ ਅੰਕੜਿਆਂ 'ਚ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ 'ਚ ਦਾਖਲ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ 'ਚ ਅਲੱਗ-ਥਲੱਗ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ 'ਚ ਸਾਂਝੀ ਕਰਨ ਤੋਂ ਸਰਕਾਰ ਨੇ ਪਰਹੇਜ਼ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ : ਕਰਫਿਊ ਦੌਰਾਨ ਦੁੱਧ ਤੇ ਸਬਜ਼ੀਆਂ ਦੀ ਘਰ-ਘਰ ਹੋਵੇਗੀ ਸਪਲਾਈ
ਜਲੰਧਰ : ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼ ਸਿਵਲ ਹਸਪਤਾਲ 'ਚ ਦਾਖਲ
NEXT STORY