ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਦੇ ਨਾ ਤਾਂ ਰੂਟ ਵਧਾਏ ਗਏ ਤੇ ਨਾ ਹੀ ਯਾਤਰੀਆਂ ਨੂੰ ਕੋਈ ਸਹੂਲਤ ਦਿੱਤੀ ਗਈ ਪਰ ਕਿਰਾਇਆ ਵਧਾਉਣ ਦੇ ਪ੍ਰਪੋਜ਼ਲ ਨੂੰ ਮਨਜ਼ੂਰੀ ਦੇਣ 'ਤੇ ਕੋਈ ਦੇਰੀ ਨਹੀਂ ਕੀਤੀ ਗਈ। ਸੀ. ਟੀ. ਯੂ. ਦੀਆਂ ਬੱਸਾਂ ਵਿਚ ਰੋਜ਼ਾਨਾ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ ਦਾ ਬਜਟ 12 ਮਾਰਚ ਤੋਂ ਵਿਗੜਨਾ ਤੈਅ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੀ. ਟੀ. ਯੂ. ਵੱਲੋਂ ਤਿਆਰ ਕੀਤੀਆਂ ਗਈਆਂ ਬੱਸਾਂ ਦੇ ਕਿਰਾਏ ਵਧਾਉਣ ਦੇ ਪ੍ਰਪੋਜ਼ਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤਹਿਤ ਹੁਣ ਨਾਨ-ਏ. ਸੀ. ਬੱਸਾਂ ਵਿਚ ਸ਼ੁਰੂਆਤੀ 5 ਕਿਲੋਮੀਟਰ ਦੇ ਸਫ਼ਰ ਲਈ ਦੁੱਗਣੇ ਪੈਸੇ ਖਰਚ ਕਰਨੇ ਹੋਣਗੇ। ਪਹਿਲਾਂ ਇਹ ਕਿਰਾਇਆ 5 ਰੁਪਏ ਸੀ। ਇਸ ਨੂੰ ਹੁਣ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏ. ਸੀ. ਤੇ ਨਾਨ-ਏ. ਸੀ. ਬੱਸਾਂ ਦੀਆਂ ਹੋਰ ਸ਼੍ਰੇਣੀਆਂ ਦਾ ਕਿਰਾਇਆ ਵਧਾਉਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। 12 ਮਾਰਚ ਤੋਂ ਵਧਿਆ ਹੋਇਆ ਕਿਰਾਇਆ ਬੱਸਾਂ ਵਿਚ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੇਲੀ ਪਾਸ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ। ਭਾਵ ਪਬਲਿਕ ਟ੍ਰਾਂਸਪੋਰਟ ਨੂੰ ਪਬਲਿਕ ਫ੍ਰੈਂਡਲੀ ਬਣਾਉਣ ਦੇ ਜੋ ਦਾਅਵੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਨ, ਉਸ 'ਤੇ ਵੀ ਮਹਿੰਗਾਈ ਦੀ ਮਾਰ ਪੈ ਗਈ ਹੈ।
ਕਈ ਰੂਟਾਂ 'ਤੇ ਇਕ ਘੰਟੇ ਦਾ ਇੰਤਜ਼ਾਰ
ਸੀ. ਟੀ. ਯੂ. ਵੱਲੋਂ ਇਸ ਤੋਂ ਪਹਿਲਾਂ ਇਕ ਸਰਵੇ ਕਰਵਾਇਆ ਗਿਆ ਸੀ। ਇਸ ਨੂੰ ਕਰਵਾਉਣ ਦਾ ਮਕਸਦ ਇਹ ਜਾਣਕਾਰੀ ਹਾਸਿਲ ਕਰਨਾ ਸੀ ਕਿ ਕਿਹੜੇ ਰੂਟ 'ਤੇ ਯਾਤਰੀਆਂ ਦੀ ਗਿਣਤੀ ਵੱਧ ਹੁੰਦੀ ਹੈ। ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀ. ਜੀ. ਆਈ. ਤੋਂ ਲੈ ਕੇ ਮੋਹਾਲੀ ਫੇਜ਼-11 ਦੇ ਲਗਭਗ 28 ਕਿਲੋਮੀਟਰ ਦੇ ਰੂਟ 'ਤੇ ਯਾਤਰੀਆਂ ਨੂੰ 1 ਘੰਟੇ ਤੱਕ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਰਾਮ ਦਰਬਾਰ ਤੋਂ ਧਨਾਸ ਤੱਕ ਦੇ 22 ਕਿਲੋਮੀਟਰ ਦੇ ਰੂਟ 'ਤੇ ਇਹ ਸਮਾਂ 30 ਮਿੰਟ ਦਾ ਰਹਿ ਜਾਂਦਾ ਹੈ। ਇਸ ਰੂਟ 'ਤੇ ਸਿਰਫ 2 ਬੱਸਾਂ ਹੀ ਚੱਲ ਰਹੀਆਂ ਹਨ। ਰਾਤ ਦੇ ਸਮੇਂ ਵੀ ਪੀ. ਜੀ. ਆਈ. ਤੋਂ ਆਈ. ਟੀ. ਪਾਰਕ ਤੱਕ ਇਕ ਘੰਟੇ ਦਾ ਸਮਾਂ ਲਗਦਾ ਹੈ। ਇਨ੍ਹਾਂ ਸਾਰੇ ਰੂਟਾਂ ਵਿਚ ਆਉਣ ਵਾਲੇ ਯਾਤਰੀਆਂ ਨੂੰ ਬੱਸਾਂ ਲਈ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਵੀ ਕਈ ਅਜਿਹੇ ਰੂਟ ਹਨ, ਜਿਥੇ ਯਾਤਰੀਆਂ ਨੂੰ ਇਕ ਤੋਂ ਅੱਧੇ ਘੰਟੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਰੋਜ਼ਾਨਾ 2 ਲੱਖ ਯਾਤਰੀਆਂ 'ਤੇ ਪਏਗਾ ਅਸਰ
ਸੀ. ਟੀ. ਯੂ. ਦੀਆਂ ਬੱਸਾਂ ਵਿਚ ਰੋਜ਼ਾਨਾ 2 ਲੱਖ ਲੋਕ ਸਫਰ ਕਰਦੇ ਹਨ। ਪ੍ਰਸ਼ਾਸਨ ਦੇ ਇਸ ਫੈਸਲੇ ਕਾਰਨ 2 ਲੱਖ ਲੋਕਾਂ ਦੀ ਜੇਬ 'ਤੇ ਅਸਰ ਪਏਗਾ। ਅਧਿਕਾਰੀਆਂ ਦੀ ਮੰਨੀਏ ਤਾਂ ਪਿਛਲੇ ਕਈ ਸਾਲਾਂ ਤੋਂ ਡੀਜ਼ਲ ਦੀ ਕੀਮਤ ਵਧ ਰਹੀ ਹੈ। ਇਸ ਦੇ ਨਾਲ ਹੀ ਬੱਸਾਂ ਦੇ ਵੀ ਖਰਚਿਆਂ ਵਿਚ ਵਾਧਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਕਿਰਾਏ ਵਿਚ ਵਾਧਾ ਕਰਨਾ ਪੈ ਰਿਹਾ ਹੈ।
ਇਲੈਕਟ੍ਰੀਕਲ ਬੱਸਾਂ ਤੋਂ ਮਿਲ ਰਹੀ ਹੈ ਟੱਕਰ
ਇਲੈਕਟ੍ਰਿਕ ਬੱਸਾਂ ਮਹਿੰਗੀਆਂ ਹੋਣ ਦੇ ਬਾਵਜੂਦ ਲੋਕਲ ਬੱਸਾਂ ਨੂੰ ਟੱਕਰ ਦੇ ਸਕਦੀਆਂ ਹਨ। ਸੀ. ਟੀ. ਯੂ. ਦੀ ਪਲਾਨਿੰਗ ਹੈ ਕਿ ਜਲਦੀ ਤੋਂ ਜਲਦੀ ਇਲੈਕਟ੍ਰਿਕ ਬੱਸਾਂ ਨੂੰ ਸੜਕਾਂ 'ਤੇ ਉਤਾਰਿਆ ਜਾਵੇ, ਜਿਸ ਨਾਲ ਇਹ ਜਾਣਕਾਰੀ ਮਿਲ ਸਕੇ ਕਿ ਸ਼ਹਿਰ ਲਈ ਇਲੈਕਟ੍ਰਿਕ ਬੱਸਾਂ ਕਾਰਗਰ ਸਾਬਤ ਹੋਣਗੀਆਂ ਜਾਂ ਨਹੀਂ। ਦਰਅਸਲ ਇਲੈਕਟ੍ਰਿਕ ਬੱਸਾਂ ਮਹਿੰਗੀਆਂ ਤਾਂ ਹਨ ਪਰ ਇਸ ਨਾਲ ਸੀ. ਟੀ. ਯੂ. ਨੂੰ ਫਿਊਲ 'ਤੇ ਵਾਧੂ ਖਰਚ ਨਹੀਂ ਕਰਨਾ ਪਏਗਾ।
ਵਿਦਿਆਰਥੀਆਂ ਦਾ 300 ਰੁਪਏ 'ਚ ਬਣੇਗਾ ਜਨਰਲ ਰੂਟ ਪਾਸ
ਸਕੂਲ/ਕਾਲਜ ਜਾਣ ਵਾਲੇ ਵਿਦਿਅਰਥੀਆਂ ਨੂੰ ਮਹੀਨਾਵਾਰ ਪਾਸ ਦੀ ਵਾਧੂ ਸਹੂਲਤ ਮਿਲੇਗੀ। ਜਿਹੜੇ ਵਿਦਿਆਰਥੀ ਸਾਰੇ ਜਨਰਲ ਰੂਟਾਂ ਦਾ ਮਹੀਨਾਵਾਰ ਬੱਸ ਪਾਸ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਤੋਂ 300 ਰੁਪਏ ਲਏ ਜਾਣਗੇ। ਸਕੂਲ/ਕਾਲਜ ਦੇ ਰੂਟ ਲਈ ਮੰਥਲੀ ਪਾਸ ਪਹਿਲਾਂ ਦੀ ਤਰ੍ਹਾਂ ਹੀ 100 ਰੁਪਏ ਵਿਚ ਬਣੇਗਾ। ਏ. ਸੀ. ਬੱਸਾਂ ਦਾ ਮੰਥਲੀ ਪਾਸ ਬਣਾਉਣ 'ਤੇ 50 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ।
ਐਮਰਜੈਂਸੀ 'ਚੋਂ ਸਟਰੈਚਰ ਤੇ ਹਸਪਤਾਲ 'ਚ ਬੱਚਿਆਂ ਦਾ ਡਾਕਟਰ ਗਾਇਬ
NEXT STORY