ਫਿਲੌਰ (ਭਾਖੜੀ)-ਅੱਜ ਤੱਕ ਹਰ ਕਿਸੇ ਨੇ ਆਮ ਜਨਤਾ ਨਾਲ ਸਾਈਬਰ ਠੱਗਾਂ ਵੱਲੋਂ ਉਨ੍ਹਾਂ ਦੀਆਂ ਜਾਣਕਾਰੀਆਂ ਹਾਸਲ ਕਰਕੇ ਬੈਂਕ ਖ਼ਾਤਿਆਂ ’ਚੋਂ ਰੁਪਏ ਕਢਵਾਉਣ ਦੇ ਕਈ ਮਾਮਲੇ ਸੁਣੇ ਹੋਣਗੇ, ਰਾਜਸਥਾਨ ਪੁਲਸ ਨੇ ਅੰਤਰਰਾਜੀ ਸਾਈਬਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪ੍ਰਧਾਨ ਮੰਤਰੀ ਪ੍ਰਬੰਧਨ ਵਿਭਾਗ ਦੇ ਪੋਰਟਲ ਸਮੇਤ ਸੂਬਾ ਸਰਕਾਰਾਂ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ’ਚ ਸੰਨ੍ਹ ਲਾ ਕੇ ਸਰਕਾਰੀ ਸਿਸਟਮ ਨਾਲ ਧੋਖਾਦੇਹੀ ਕਰਦੇ ਹੋਏ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਸੂਬਾ ਸਰਕਾਰਾਂ ਦੇ ਖ਼ਾਤਿਆਂ ’ਚੋਂ ਕਢਵਾ ਲੈਂਦਾ ਹੈ।
ਇਸ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਹੁਣ ਤੱਕ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 53 ਲੱਖ ਰੁਪਏ ਨਕਦੀ, ਨੋਟ ਗਿਣਨ ਵਾਲੀ ਮਸ਼ੀਨ, ਹਜ਼ਾਰਾਂ ਚੈੱਕ ਬੁੱਕਾਂ, ਪਾਸ ਬੁੱਕਾਂ, ਹਜ਼ਾਰਾਂ ਏ. ਟੀ. ਐੱਮ. ਕਾਰਡ ਫਰਾਡ ਵਿਚ ਵਰਤੇ ਜਾਣ ਵਾਲੇ ਡਿਜ਼ੀਟਲ ਡੀਵਾਈਸ, 35 ਲੈਪਟਾਪ, 70 ਮੋਬਾਇਲ ਫੋਨ, ਲਗਭਗ 11 ਹਜ਼ਾਰ ਗਲਤ ਅਕਾਊਂਟ ਡਿਟੇਲ, ਲਗਜ਼ਰੀ ਕਾਰਾਂ, ਬੇਹਿਸਾਬ ਦੋਪਹੀਆ ਵਾਹਨ, ਭਾਰੀ ਮਾਤਰਾ ’ਚ ਟਰੈਕਟਰ ਬਰਾਮਦ ਕੀਤੇ ਹਨ। ਇਹ ਗਿਰੋਹ ਜੋ ਦੇਸ਼ ਦੇ ਕਈ ਸੂਬਿਆਂ ’ਚ ਫੈਲਿਆ ਹੋਇਆ ਹੈ, ਇਸ ਦੇ ਮੁੱਖ ਤਾਰ ਜਲੰਧਰ ਅਤੇ ਫਿਲੌਰ ਨਾਲ ਜੁੜੇ ਨਿਕਲੇ। ਮੰਗਲਵਾਰ ਉਥੋਂ ਦੀ ਪੁਲਸ ਅਤੇ ਐੱਸ. ਟੀ. ਐੱਫ਼. ਦੇ ਅਧਿਕਾਰੀਆਂ ਨੇ ਫਿਲੌਰ ਦੇ ਗੜ੍ਹਾ ਪਿੰਡ ’ਚ ਛਾਪਾ ਮਾਰ ਕੇ ਰੋਹਿਤ ਕੁਮਾਰ ਅਤੇ ਜਲੰਧਰ ਤੋਂ ਸੰਦੀਪ ਸ਼ਰਮਾ ਅਤੇ ਸੁਨੰਤ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜੋ ਇਸ ਗਿਰੋਹ ਦੇ ਮੁੱਖ ਸਰਗਣਾ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ Good News! ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਰਾਜਸਥਾਨ ਤੋਂ ਇਸ ਤਰ੍ਹਾਂ ਸ਼ੁਰੂ ਹੋਇਆ ਇਹ ਆਪਰੇਸ਼ਨ
ਰਾਜਸਥਾਨ ਦੇ ਝਾਲਵਾੜ ਪੁਲਸ ਸੁਪਰਡੈਂਟ ਅਮਿਤ ਕੁਮਾਰ ਵੱਲੋਂ ਪੰਜਾਬ ਦੇ ਫਿਲੌਰ ਸ਼ਹਿਰ ’ਚ ਭੇਜੀ ਪੁਲਸ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਗਿਰੋਹ ਇੰਨਾ ਸ਼ਾਤਰ ਹੈ, ਜੋ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਲਈ ਜਾਰੀ ਕੀਤੀ ਜਾਣ ਵਾਲੀ ਰਾਸ਼ੀ ਨੂੰ ਸਾਈਬਰ ਠੱਗੀ ਕਰਕੇ ਵੱਡੇ ਪੱਧਰ ’ਤੇ ਬੈਂਕ ਖ਼ਾਤਿਆਂ ’ਚੋਂ ਕੱਢਵਾਉਣ ’ਚ ਕਾਮਯਾਬ ਹੋ ਗਏ। ਜਿਉਂ ਹੀ ਪੁਲਸ ਨੂੰ ਇਸ ਠੱਗੀ ਦਾ ਪਤਾ ਲੱਗਾ ਤਾਂ ਸਾਈਬਰ ਪੁਲਸ ਨੇ ਦੇਸ਼ ਭਰ ’ਚ 'ਆਪ੍ਰੇਸ਼ਨ ਸ਼ਟਰ ਡਾਊਨ' ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਸਾਈਬਰ ਠੱਗੀ ’ਚ ਕੁਝ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ, ਸਗੋਂ ਇਸ ਗਿਰੋਹ ਦੇ ਤਾਰ ਰਾਜਸਥਾਨ ਤੋਂ ਸ਼ੁਰੂ ਹੋ ਕੇ ਦਿੱਲੀ ਅਤੇ ਪੰਜਾਬ ਤੱਕ ਫੈਲੇ ਹੋਏ ਹਨ। ਪੁਲਸ ਨੇ ਹਰਕਤ ’ਚ ਆਉਂਦੇ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਕੋਲੋਂ ਮਿਲੇ ਲਗਭਗ 11 ਹਜ਼ਾਰ ਬੈਂਕ ਅਕਾਊਂਟ ਖ਼ਾਤਿਆਂ ਨੂੰ ਜੋ ਗਲਤ ਢੰਗ ਨਾਲ ਖੋਲ੍ਹੇ ਗਏ ਸਨ, ਤੁਰੰਤ ਫ੍ਰੀਜ਼ ਕਰਵਾਇਆ। ਇਨ੍ਹਾਂ ਬੈਂਕ ਖ਼ਾਤਿਆਂ ’ਚ ਸਰਕਾਰੀ ਖ਼ਾਤਿਆਂ ’ਚੋਂ ਕਢਵਾਈ ਗਈ ਕਰੋੜਾਂ ਰੁਪਇਆਂ ਦੀ ਰਾਸ਼ੀ ਹੋਣੀ ਪਾਈ ਗਈ ਹੈ।
ਮੁਲਜ਼ਮਾਂ ਕੋਲੋਂ PM ਕਿਸਾਨ ਸਨਮਾਨ ਨਿਧੀ ਯੋਜਨਾ ਦੇ ਯੂਜ਼ਰ ਨੂੰ ਐਕਟੀਵੇਟ/ਡੀ-ਐਕਟੀਵੇਟ ਕਰਨ ਦੀ ਐੱਸ. ਓ. ਪੀ. ਮਿਲੀ
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਐੱਸ. ਓ. ਪੀ. ਜਿਸ ਵਿਚ ਵੱਖ-ਵੱਖ ਸੂਬਿਆਂ ਦੀਆਂ ਪੀ. ਐੱਮ. ਕਿਸਾਨ ਸਨਮਾਨ ਨਿਧੀ ਵੈੱਬਸਾਈਟਾਂ ’ਤੇ ਨੋਡਲ ਅਧਿਕਾਰੀਆਂ ਦੀ ਜਗ੍ਹਾ ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ ਯੋਜਨਾਵਾਂ ਦੀ ਵੈੱਬਸਾਈਟ ’ਤੇ ਯੂਜ਼ਰ ਬਣਾਉਣ, ਐਕਟੀਵੇਟ ਕਰਨ ਅਤੇ ਡੀ-ਐਕਟੀਵੇਟ ਕਰਨ ਦੀ ਐੱਸ. ਓ. ਪੀ. ਦੀ ਈ-ਮੇਲ ਫਾਈਲ ਵੀ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਵੱਡੇ ਪੱਧਰ ’ਤੇ 'ਪੀ. ਐੱਮ. ਕਿਸਾਨ ਸਨਮਾਨ ਨਿਧੀ' ਪੋਰਟਲ ਦਾ ਡਾਟਾ ਮਿਲਿਆ ਹੈ, ਜਿਸ ਵਿਚ ਲਾਭਪ੍ਰਾਰਥੀਆਂ ਦੇ ਆਈ. ਡੀ. ਅਕਾਊਂਟ ਨੰਬਰ, ਨਾਮ, ਮੋਬਾਇਲ ਨੰਬਰ ਅਤੇ ਆਧਾਰ ਕਾਰਡ ਨੰਬਰ ਦਰਜ ਹਨ। ਇਨ੍ਹਾਂ ਕੋਲੋਂ ਗੁਜਰਾਤ ਸੂਬੇ ਦੇ ਕਰੀਬ 2 ਲੱਖ, ਅਸਾਮ ਦੇ ਕਰੀਬ 40 ਹਜ਼ਾਰ ਅਤੇ ਰਾਜਸਥਾਨ ਦੇ ਕਰੀਬ 55 ਹਜ਼ਾਰ ਲਾਭਪ੍ਰਾਰਥੀਆਂ ਦੇ ਡਾਟੇ ਤੋਂ ਇਲਾਵਾ 15000 ਵਿਅਕਤੀਆਂ ਦੇ ਆਧਾਰ ਆਈ. ਡੀ. ਦੀ ਸੂਚੀ ਵੀ ਮਿਲੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...
ਸਰਕਾਰੀ ਖ਼ਾਤੇ ’ਚ ਲੁੱਟ ਮਚਾਉਣ ਤੋਂ ਬਾਅਦ ਸਵੇਰੇ ਦਫਤਰ ਖੁੱਲ੍ਹਣ ਤੋਂ ਪਹਿਲਾਂ ਲਾਗਇਨ ਆਈ. ਡੀਜ਼ ਨੂੰ ਕਰ ਦਿੰਦੇ ਸੀ ਡੀ-ਐਕਟੀਵੇਟ
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਇਨ੍ਹਾਂ ਦੇ ਗਿਰੋਹ ਦੇ ਲੋਕ ਇੰਨੇ ਸ਼ਾਤਰ ਹਨ ਕਿ ਇਹ ਪਿੰਡਾਂ ’ਚ ਰਹਿਣ ਵਾਲੇ ਉਨ੍ਹਾਂ ਲੋਕਾਂ ਦਾ ਡਾਟਾ ਇਕੱਠਾ ਕਰ ਲੈਂਦੇ ਸਨ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਲੈਂਡ ਸੀਡਿੰਗ/ਕੇ. ਵਾਈ. ਸੀ. ਹੋਰ ਕਾਰਨਾਂ ਕਰਕੇ ਇਨਐਕਟਿਵ ਹੋ ਗਏ ਸਨ। ਇਹ ਗਿਰੋਹ ਦੇ ਲੋਕ ਉਨ੍ਹਾਂ ਲੋਕਾਂ ਨੂੰ ਵਾਪਸ ਇਨ੍ਹਾਂ ਯੋਜਨਾਵਾਂ ’ਚ ਜੋੜਨ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਡਾਟਾ ਪ੍ਰਾਪਤ ਕਰਕੇ ਐਕਸਲ ਸ਼ੀਟ ਦੇ ਮੁੱਖ ਏਜੰਟ ਨੂੰ ਮੁਹੱਈਆ ਕਰਵਾ ਦਿੰਦੇ, ਜਿਸ ਦਾ ਸੰਪਰਕ ਅੱਗੇ ਉੱਪਰਲੇ ਪੱਧਰ ’ਤੇ ਇਨ੍ਹਾਂ ਯੋਜਨਾਵਾਂ ਦੇ ਪੋਰਟਲ ਵੈੱਬਸਾਈਟ ਅਪਰੇਟ ਕਰਨ ਵਾਲੇ ਲੋਕਾਂ ਨਾਲ ਹੈ। ਇਸ ਖੇਡ ਦੇ ਮਾਸਟਰਮਾਈਂਡ, ਜਿਸ ਦੇ ਕੋਲ ਪੂਰੇ ਪ੍ਰਦੇਸ਼ ਦਾ ਡਾਟਾ ਇਕੱਠਾ ਹੁੰਦਾ ਹੈ, ਉਹ ਪਹਿਲਾਂ ਪ੍ਰਦੇਸ਼ ਦੇ ਨੋਡਲ ਆਫਿਸ ਦੇ ਆਪਰੇਟਰ ਦਾ ਉਸ ਤੋਂ ਬਾਅਦ ਜ਼ਿਲਾ ਨੋਡਲ ਅਧਿਕਾਰੀ ਦੀ ਫਾਲਤੂ ਆਈ. ਡੀ. ਕ੍ਰਿਏਟ ਕਰ ਕੇ ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਆਈ. ਡੀਜ਼ ਨੂੰ ਅੱਗੇ ਆਪਣੇ ਗਿਰੋਹ ਦੇ ਲੋਕਾਂ ਨੂੰ ਪਾਸਵਰਡ ਸਮੇਤ ਭੇਜ ਦਿੰਦਾ। ਪ੍ਰਦੇਸ਼ ਨੋਡਲ ਆਫਿਸ ਦਾ ਆਪਰੇਟਰ ਅਤੇ ਉਸ ਦੇ ਗੁਰਗੇ ਇਨ੍ਹਾਂ ਲਾਗਇਨ ਆਈ. ਡੀ. ਦੀ ਵਰਤੋਂ ਸਰਕਾਰੀ ਦਫ਼ਤਰ ਬੰਦ ਹੋਣ ਤੋਂ ਬਾਅਦ ਰਾਤ ਨੂੰ ਕਰਕੇ ਹਰ ਪੱਧਰ ਦੇ ਓ. ਟੀ. ਪੀ. ਬਾਈਪਾਸ ਕਰਦੇ ਹੋਏ ਗਲਤ ਢੰਗ ਨਾਲ ਪੀ. ਐੱਮ. ਕਿਸਾਨ ਸਨਮਾਨ ਨਿਧੀ ਦੇ ਅਪਾਤਰ ਵਿਅਕਤੀਆਂ ਨੂੰ ਪਾਤਰ ਬਣਾ ਦਿੰਦੇ। ਰਾਤ ਨੂੰ ਸਰਕਾਰੀ ਖਜ਼ਾਨੇ ’ਚ ਲੁੱਟ ਮਚਾ ਕੇ ਇਹ ਸ਼ਾਤਰ ਅਪਰਾਧੀ ਸਵੇਰ ਹੁੰਦੇ ਹੀ ਦੋ ਨੰਬਰ ਦੀ ਬਣਾਈਆਂ ਗਈਆਂ ਸਾਰੀਆਂ ਆਈ. ਡੀਜ਼ ਨੂੰ ਡੀ-ਐਕਟੀਵੇਟ ਕਰ ਦਿੰਦੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਫੜੇ ਗਏ ਮੁਲਜ਼ਮਾਂ ਦੀਆਂ ਨਾਜਾਇਜ਼ ਜਾਇਦਾਦਾਂ ਦਾ ਪਤਾ ਲਗਾਉਣ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ
ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿਚ ਹੋ ਰਹੀਆਂ ਗ੍ਰਿਫ਼ਤਾਰੀਆਂ ਕਾਰਨ ਇਸ ਗਿਰੋਹ ਦੇ ਕੁਝ ਲੋਕ ਅੰਡਰ ਗਰਾਊਂਡ ਹੋ ਗਏ ਹਨ, ਜਿਨ੍ਹਾਂ ਦੀ ਸੂਚਨਾ ਉਨ੍ਹਾਂ ਦੀ ਤਸਵੀਰ ਲਗਾ ਕੇ ਨਾਂ ਅਤੇ ਪਤੇ ਸਮੇਤ ਕੀਤੀ ਜਾਵੇਗੀ। ਇਨ੍ਹਾਂ ਨੂੰ ਫੜਵਾਉਣ ਵਾਲੇ ਲੋਕਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ 25 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਇਨਾਮ ਵੀ ਦਿੱਤਾ ਜਾਵੇਗਾ। ਪੁਲਸ ਅਧਿਕਾਰੀਆਂ ਨੇ ਅੱਜ ਸੰਦੀਪ ਸ਼ਰਮਾ ਨੂੰ ਜਲੰਧਰ ਸਿਟੀ ਪੁਲਸ ਟੀਮ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਗਿਰੋਹ ਦੇ ਦੋਸ਼ੀ ਰਾਮਾਵਤਾਰ ਸੈਣੀ ਲਈ ਕਲੋਨ ਅਫੀਸ਼ੀਅਲ ਵੈੱਬਸਾਈਟ ਡਿਵੈਲਪ ਕਰਨ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਜਲੰਧਰ ਸਿਟੀ ਪੁਲਸ ਟੀਮ ਦੇ ਸਹਿਯੋਗ ਨਾਲ ਦੂਜੇ ਮੁਲਜ਼ਮ ਸੁਨੰਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦੋਸ਼ੀ ਰਾਮਾਵਤਾਰ ਸੈਣੀ ਦਾ ਪੰਜਾਬ ’ਚ ਮੁੱਖ ਹੈਂਡਲਰ ਅਤੇ ਵੈੱਬਸਾਈਟ ਡਿਵੈਲਪਰਾਂ ਨੂੰ ਮਿਲਾਉਣ ਦਾ ਕੰਮ ਕਰਦਾ ਸੀ। ਇਨ੍ਹਾਂ ਦਾ ਇਕ ਮੁੱਖ ਮੁਲਜ਼ਮ ਰੋਹਿਤ ਕੁਮਾਰ (24) ਪੁੱਤਰ ਚਰਣ ਸਿੰਘ ਵਾਸੀ ਪਿੰਡ ਗੜ੍ਹਾ ਥਾਣਾ ਫਿਲੌਰ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ 'ਚ ਦਿੱਤੇ ਇਸਤਰੀ ਧੰਨ ਨੂੰ ਖੁਰਦ-ਬੁਰਦ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ
NEXT STORY