ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ '84 ਦੇ ਸਿੱਖ ਨਸਲਕੁਸ਼ੀ ਬਾਰੇ ਨਿੰਦਾ ਕਰਨ ਨੂੰ ਵੱਡਾ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਬਰਕਲੇ 'ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਚ ਸਿੱਖ ਕਤਲੇਆਮ 'ਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਚਿੱਟੇ ਦਿਨ ਝੂਠ ਬੋਲ ਕੇ ਗਾਂਧੀ ਪਰਿਵਾਰ ਦਾ ਇਹ ਫਰਜੰਦ ਕੌਮਾਂਤਰੀ ਫੋਰਮ 'ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਉਹ ਖੁਦ ਇਕ ਨਿੱਜੀ ਟੀ. ਵੀ. ਚੈਨਲ 'ਤੇ ਇਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਾ ਹੈ ਕਿ ਉਕਤ ਕਤਲੇਆਮ 'ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ।ਉਨ੍ਹਾਂ ਕਿਹਾ ਕਿ ਰਾਹੁਲ ਨੂੰ ਝੂਠ ਬੋਲਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਪਰ ਵਿਸ਼ਵ ਇਹ ਜਾਣ ਚੁੱਕਾ ਹੈ ਕਿ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਕਤਲੇਆਮ ਮੌਕੇ 'ਇਕ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ' ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਾਤਲਾਂ ਨੂੰ ਹੋਰ ਉਕਸਾਇਆ ਸੀ, ਜਿਸ ਦਾ ਨਤੀਜਾ ਇਕ ਬਹੁਤ ਵੱਡੇ ਦੁਖਾਂਤ ਵਜੋਂ ਸਾਹਮਣੇ ਆਇਆ।
ਉਨ੍ਹਾਂ ਕਿਹਾ ਕਿ ਰਾਹੁਲ ਵੱਲੋਂ ਪੀੜਤਾਂ ਨਾਲ ਖੜ੍ਹਨ ਪ੍ਰਤੀ ਦਿੱਤੇ ਗਏ ਬਿਆਨ ਨਾਲ ਉਨ੍ਹਾਂ ਨੂੰ ਕੋਈ ਤਸੱਲੀ ਨਹੀਂ ਮਿਲੀ ਕਿਉਂਕਿ ਉਹ ਜਾਣਦੇ ਹਨ ਕਿ ਰਾਹੁਲ ਦੀ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ। ਜਾਂਚ ਦੌਰਾਨ ਅਤੇ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ-ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ-ਪਨਾਹੀ ਕੀਤੀ। ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਕਮਲ ਨਾਥ ਸਮੇਤ ਅਣਗਿਣਤ ਦੋਸ਼ੀਆਂ ਨੂੰ ਵੱਡੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ ਗਿਆ।
ਉਨ੍ਹਾਂ ਕਾਂਗਰਸ ਦੀ ਸੱਤਾ ਦੌਰਾਨ ਦੋਸ਼ੀਆਂ ਨੂੰ ਕਲੀਨ ਚਿਟ ਦਿਵਾਉਣ ਲਈ ਸੀ. ਬੀ. ਆਈ. 'ਤੇ ਦਬਾਅ ਪਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਹੁਣ ਇਕ ਦਹਾਕੇ ਤੋਂ ਵੱਧ ਸਮਾਂ ਰਾਹੁਲ ਨੂੰ ਉਪ ਪ੍ਰਧਾਨ ਵਜੋਂ ਕਾਂਗਰਸ ਦੀ ਕਮਾਂਡ ਸੰਭਾਲੇ ਨੂੰ ਹੋ ਗਿਆ ਹੈ, ਉਹ ਦੱਸੇ ਕਿ ਉਨ੍ਹਾਂ ਕਿਸੇ ਇਕ ਦੋਸ਼ੀ ਨੂੰ ਵੀ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ? ਉਨ੍ਹਾਂ ਕਿਹਾ ਕਿ '84 ਦਾ ਨਿਰਦੋਸ਼ ਸਿੱਖ ਸਮੂਹਿਕ ਕਤਲੇਆਮ ਕਾਂਗਰਸ ਦੇ ਮੱਥੇ ਲੱਗਾ ਕਾਲਾ ਕਲੰਕ ਹੈ, ਜੋ ਕਿਸੇ ਵੀ ਹਾਲਤ ਵਿਚ ਮਿਟ ਨਹੀਂ ਸਕੇਗਾ।
ਸਮਾਜ ਸੇਵੀ ਅਸ਼ੋਕ ਕੁਮਾਰ ਨੇ ਗੰਭੀਰ ਜ਼ਖਮੀ ਲੜਕੀ ਦਾ ਕਰਵਾਇਆ ਇਲਾਜ
NEXT STORY