ਸ੍ਰੀ ਚਮਕੌਰ ਸਾਹਿਬ, (ਕੌਸ਼ਲ)-ਥਾਣਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਅਮਰਗੜ੍ਹ ਟੱਪਰੀਅਾਂ ਵਿਚ ਮਾਹੌਲ ਅੱਜ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਕ ਧਾਰਮਿਕ ਸਥਾਨ ਨੂੰ ਹਥਿਆਰਾਂ ਦੀ ਨੋਕ ’ਤੇ ਢਾਹ ਦਿੱਤਾ ਗਿਆ। ਜੇਕਰ ਪੁਲਸ ਮੌਕੇ ਸਿਰ ਪੁੱਜ ਕੇ ਦਲੇਰੀ ਤੇ ਫੁਰਤੀ ਨਾਂ ਦਿਖਾਉਂਦੀ ਤਾਂ ਮਾਹੌਲ ਨੇ ਹਿੰਸਕ ਹੋ ਜਾਣਾ ਸੀ।ਉਪਰੋਕਤ ਪਿੰਡ, ਜੋ ਬੇਲਾ ਮਾਛੀਵਾੜਾ ਮਾਰਗ ’ਤੇ ਸਥਿਤ ਹੈ, ’ਚ ਦੁਪਹਿਰ ਤੋਂ ਬਾਅਦ ਉਸ ਸਮੇਂ ਮਾਹੌਲ ਅਸ਼ਾਂਤ ਹੋ ਗਿਆ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸਥਿਤ ਬਾਬਾ ਮਲੰਗ ਸ਼ਾਹ ਜੀ ਦੀ ਦਰਗਾਹ ਨੂੰ 25-30 ਵਿਅਕਤੀ ਹਥਿਆਰਾਂ ਦੀ ਨੋਕ ’ਤੇ ਢਾਹੁਣ ਲਈ ਪੁੱਜ ਗਏ। ਪਿੰਡ ਦੇ ਪੰਚਾਇਤ ਮੈਂਬਰ ਲਾਲ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਬੰਦੂਕਾਂ ਲੈ ਕੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਖੜ੍ਹੇ ਹੋ ਗਏ ਤੇ ਬਾਕੀ ਅੰਦਰ ਚਲੇ ਗਏ ਤੇ ਉਨ੍ਹਾਂ ਸਾਡੇ ਹੀ ਪਿੰਡ ਦੇ ਤਿੰਨ ਵਿਅਕਤੀਆਂ ਦੀ ਸ਼ਹਿ ’ਤੇ ਦਰਗਾਹ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਚਾਦਰ ਨੂੰ ਪਾੜ੍ਹਨ ਤੋਂ ਇਲਾਵਾ ਇਸ ਧਾਰਮਿਕ ਸਥਾਨ ਦੀ ਰੱਜ ਕੇ ਬੇਅਦਬੀ ਕੀਤੀ। ਲਾਲ ਸਿੰਘ ਤੇ ਹੋਰਨਾਂ ਨੇ ਇਹ ਵੀ ਦੱਸਿਆ ਕਿ ਬਾਹਰੋਂ ਆਏ ਨਿਹੰਗ ਸਿੰਘਾਂ ਕੋਲ ਹਥਿਆਰ ਹੋਣ ਦੇ ਡਰ ਕਾਰਨ ਪਿੰਡ ਦੇ ਲੋਕ ਦਰਗਾਹ ਪ੍ਰਤੀ ਭਾਰੀ ਸ਼ਰਧਾ ਹੋਣ ਦੇ ਬਾਵਜੂਦ ਵੀ ਦਰਗਾਹ ਦੇ ਨੇੜੇ ਨਹੀਂ ਅਾ ਸਕੇ ਤੇ ਆਖਿਰ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਅਾਂ ਹੀ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਭਾਰੀ ਪੁਲਸ ਫੋਰਸ ਸਮੇਤ ਤੁਰੰਤ ਘਟਨਾ ਵਾਲੀ ਥਾਂ ’ਤੇ ਪੁੱਜ ਗਏ। ਉਨ੍ਹਾਂ ਗੁਰਦੁਆਰੇ ਨੂੰ ਚਾਰੋਂ ਪਾਸਿਓ ਘੇਰ ਕੇ ਬਾਹਰੋਂ ਆਏ ਨਿਹੰਗ ਸਿੰਘਾਂ ਨੂੰ ਬਾਹਰ ਆਉਣ ਲਈ ਕਿਹਾ, ਜਿਸ ’ਤੇ ਉਹ ਬਾਹਰ ਅਾ ਗਏ ਤੇ ਉਨ੍ਹਾਂ ਨੂੰ ਨਜ਼ਦੀਕੀ ਪੁਲਸ ਚੌਕੀ ਡੱਲਾ ਵਿਚ ਲਿਜਾਇਆ ਗਿਆ। ਲਾਲ ਸਿੰਘ ਨਾਲ ਇਸ ਵੇਲੇ ਉਪਰੋਕਤ ਨਿਹੰਗ ਸਿੰਘਾਂ ਦੀ ਕਾਰਵਾਈ ਦਾ ਵਿਰੋਧ ਕਰਨ ਵਾਲਿਾਂ ਵਿਚ ਹੋਰਨਾਂ ਤੋਂ ਇਲਾਵਾ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਲੰਬੜਦਾਰ ਜੋਗਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਸੁਰਿੰਦਰਪਾਲ ਸਿੰਘ, ਸੱਜਣ ਸਿੰਘ, ਦਿਆਲ ਸਿੰਘ, ਅਕਤੂਬਰ ਸਿੰਘ, ਰਤਨ ਸਿੰਘ, ਸਿਕੰਦਰ ਸਿੰਘ, ਗੁਰਦੇਵ ਸਿੰਘ, ਦਲਜੀਤ ਕੌਰ, ਸੁਰਿੰਦਰ ਕੌਰ ਤੇ ਅੰਬੀਜੀ ਸਮੇਤ ਪਿੰਡ ਦੇ ਸਾਰੇ ਵਾਸੀ ਸਹਿਮਤ ਹੁੰਦੇ ਨਜ਼ਰ ਆਏ। ਉਧਰ ਦੂਜੀ ਵਿਰੋਧੀ ਧਿਰ ਵਿਚ ਪਿੰਡ ਦੇ ਵਾਸੀ ਦਰਬਾਰਾ ਸਿੰਘ, ਵਜ਼ੀਰ ਸਿੰਘ ਤੇ ਮਹਿੰਦਰ ਸਿੰਘ ਨੇ ਨਿਰਮਲ ਸਿੰਘ ਦੀ ਅਗਵਾਈ ਵਿਚ ਇਨ੍ਹਾਂ ਹਥਿਆਰਬੰਦ ਨਿਹੰਗ ਸਿੰਘਾਂ ਨੂੰ ਬੁਲਾਇਆ ਸੀ।ਦਰਬਾਰਾ ਸਿੰਘ ਤੇ ਹੋਰਨਾਂ ਦਾ ਕਹਿਣਾ ਹੈ ਕਿ ਅਸੀ ਪਿੰਡ ਵਾਸੀਆਂ ਤੋਂ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਵਿਚ ਪੀਰਾਂ ਦੀ ਦਰਗਾਹ ਨਹੀਂ ਹੋਣੀ ਚਾਹੀਦੀ, ਜਿਸ ਕਾਰਨ ਸਿੱਖਾਂ ਦੀਅਾਂ ਧਾਰਮਿਕ ਭਾਵਨਾ ਨੂੰ ਠੇਸ ਪੁੱਜਦੀ ਹੈ। ਇਸ ਲਈ ਉਪਰੋਕਤ ਕਾਰਵਾਈ ਅਮਲ ਵਿਚ ਲਿਅਾਂਦੀ ਗਈ, ਜਦਕਿ ਲਾਲ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਦਰਗਾਹ 100 ਸਾਲਾਂ ਤੋਂ ਇਸੇ ਥਾਂ ’ਤੇ ਸਥਿਤ ਹੈ, ਜਦਕਿ ਗੁਰਦੁਆਰਾ ਸਾਹਿਬ ਇਥੇ ਬਾਅਦ ਵਿਚ ਬਣਾਏ ਗਏ ਹਨ। ਉਪਰੋਕਤ ਤਿੰਨਾਂ ਵਿਅਕਤੀਆਂ ਤੋਂ ਇਲਾਵਾ ਦੋਵਾਂ ਧਾਰਮਿਕ ਸਥਾਨਾਂ ਨੂੰ ਇਕੱਠੇ ਰੱਖਣ ਵਿਚ ਇਤਰਾਜ਼ ਨਹੀਂ ਹੈ ਕਿਉਂਕਿ 2013-14 ਵਿਚ ਵੀ ਉਪਰੋਕਤ ਤਿੰਨਾਂ ਵਿਅਕਤੀਆਂ ਨੇ ਪੀਰਾਂ ਦੀ ਦਰਗਾਹ ’ਤੇ ਪਾਏ ਸ਼ੈੱਡ ਦੀਆਂ ਟੀਨਾਂ ਤੋੜ ਕੇ ਵੀ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਸਬੰਧੀ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਦਾ ਆਪਸੀ ਭਾਈਚਾਰਾ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਦਰਗਾਹ ਢਾਹੁਣ ਵਾਲੀ ਧਿਰ ਵਿਰੁੱਧ ਪੁਲਸ ਕਾਨੂੰਨ ਮੁਤਾਬਿਕ ਕਾਰਵਾਈ ਕਰੇਗੀ, ਜਦਕਿ ਢਾਹੀ ਗਈ ਪੀਰ ਦੀ ਦਰਗਾਹ ਪੁਲਸ ਦੀ ਹਾਜ਼ਰੀ ਵਿਚ ਫਿਰ ਉਸਾਰਨੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਐੱਸ. ਪੀ. (ਡੀ) ਬਲਵਿੰਦਰ ਸਿੰਘ ਰੰਧਾਵਾ, ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ, ਡੀ. ਐੱਸ. ਪੀ. ਮਨਜੋਤ ਕੌਰ, ਐੱਸ. ਐੱਚ. ਓ ਸ੍ਰੀ ਚਮਕੌਰ ਸਾਹਿਬ ਸੁਖਵੀਰ ਸਿੰਘ, ਅਧਿਕਾਰੀ ਸੰਨੀ ਖੰਨਾ, ਇਲਾਕੇ ਦੇ ਇਕ ਦਰਜਨ ਅਧਿਕਾਰੀ ਤੇ ਦਰਜਨਾਂ ਪੁਲਸ ਕਰਮਚਾਰੀ ਕਿਸੇ ਵੀ ਅਣਹੋਣੀ ਘਟਨਾ ਨੂੰ ਟਾਲਣ ਲਈ ਤਿਆਰ-ਬਰ-ਤਿਆਰ ਖੜ੍ਹੇ ਸਨ। ਨਿਹੰਗ ਸਿੰਘਾਂ ਤੋਂ ਦੋ ਰਾਈਫਲਾਂ ਤੇ ਇਕ ਟੈਂਪੂ ਟਰੈਵਲ ਪੁਲਸ ਨੇ ਮੌਕੇ ’ਤੇ ਜ਼ਬਤ ਕਰ ਲਿਅਾ, ਜਦਕਿ ਪ੍ਰਸ਼ਾਸਨ ਵਲੋਂ ਹਰਿੰਦਰਜੀਤ ਸਿੰਘ ਨਾਈਬ ਤਹਿਸੀਲਦਾਰ ਨੂੰ ਮੌਕੇ ’ਤੇ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਗਿਆ।
ਪਰਿਵਾਰ ਗਿਅਾ ਸੀ ਈਦ ਮਨਾਉਣ, ਪਿੱਛੋਂ ਘਰ ’ਚ ਚੋਰੀ
NEXT STORY