ਫ਼ਰੀਦਕੋਟ, (ਰਾਜਨ)- ਬੀਤੀ 1 ਮਾਰਚ ਨੂੰ ਸ਼ਹਿਰ 'ਚ ਦਿਨ-ਦਿਹਾੜੇ ਲਗਾਤਾਰ 4 ਘਰਾਂ ਵਿਚ ਚੋਰੀਆਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਜ਼ਿਲਾ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਜਸਤਿੰਦਰ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਕਤ ਦੋਸ਼ੀਆਂ ਵਿਚ ਹਰਭਜਨ ਲਾਲ ਉਰਫ਼ ਭਜਨ ਪੁੱਤਰ ਜੋਗੀ ਅਤੇ ਸੰਮਾ ਪੁੱਤਰ ਨੇਕ ਦੋਵੇਂ ਵਾਸੀ ਬਸਤੀ ਆਵਾ, ਨੇੜੇ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਸ਼ਾਮਲ ਹਨ। ਬੀਤੀ 1 ਮਾਰਚ ਨੂੰ ਸ਼ਹਿਰ 'ਚ ਚਾਰ ਘਰਾਂ ਵਿਚ ਚੋਰੀਆਂ ਹੋਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਦੋਸ਼ੀਆਂ ਨੇ ਪੰਡਿਤਾਂ ਵਾਲੀ ਗਲੀ ਫਰੀਦਕੋਟ ਵਾਸੀ ਰਮਾਂ ਭਾਰਦਵਾਜ ਪਤਨੀ ਰਣਜੀਤ ਕੁਮਾਰ ਦੇ ਘਰੋਂ ਸੋਨਾ ਅਤੇ ਨਕਦੀ, ਸੇਠੀਆਂ ਵਾਲਾ ਮੁਹੱਲਾ ਨਿਵਾਸੀ ਨੀਰਜ ਕੁਮਾਰ ਦੇ ਘਰੋਂ ਨਕਦੀ, ਰਾਜ ਕੁਮਾਰ ਵਾਸੀ ਮੁਹੱਲਾ ਸੇਠੀਆਂ ਦਾ ਆਧਾਰ ਕਾਰਡ, ਵੋਟਰ ਕਾਰਡ, ਏ. ਟੀ. ਐੱਮ. ਕਾਰਡ, ਨਕਦੀ ਤੇ ਮੋਬਾਇਲ ਅਤੇ ਪ੍ਰਵੀਨ ਕੁਮਾਰ ਵਾਸੀ ਮੁਹੱਲਾ ਡੋਡਾਂ ਦੇ ਘਰੋਂ ਨਕਦੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਕਤ ਚੋਰਾਂ ਸਬੰਧੀ ਪੁਲਸ ਨੂੰ ਮਿਲੀ ਗੁਪਤ ਸੂਚਨਾ ਨੂੰ ਮੁੱਖ ਰੱਖਦਿਆਂ ਸਿਟੀ ਥਾਣੇ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਦੀਆਂ ਹਦਾਇਤਾਂ 'ਤੇ ਏ. ਐੱਸ. ਆਈ. ਰਾਜਪਾਲ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਦੋਵਾਂ ਨੂੰ ਫਿਰੋਜ਼ਪੁਰ ਵਾਲੇ ਪਾਸਿਓਂ ਆਉਂਦਿਆਂ ਇੱਥੋਂ ਦੀ ਨਵੀਂ ਅਨਾਜ ਮੰਡੀ ਤੋਲੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ, ਮੋਬਾਇਲ ਅਤੇ ਕੁਝ ਹੋਰ ਸਮੱਗਰੀ ਬਰਾਮਦ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਵਿਚੋਂ ਸੰਮਾ 'ਤੇ ਪਹਿਲਾਂ ਹੀ ਜ਼ਿਲਾ ਫਿਰੋਜ਼ਪੁਰ ਵਿਖੇ 12 ਮੁਕੱਦਮੇ, ਜਦਕਿ ਹਰਭਜਨ ਲਾਲ ਖਿਲਾਫ਼ 9 ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਦੋਸ਼ੀਆਂ ਦਾ ਅਦਾਲਤ 'ਚੋਂ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।
25 ਲੱਖ ਦੀ ਹੈਰੋਇਨ ਸਣੇ ਕਾਬੂ
NEXT STORY