ਲੁਧਿਆਣਾ (ਗੌਤਮ): ਨਿਊ ਸੰਤ ਨਗਰ ਦੇ ਰਹਿਣ ਵਾਲੇ ਨੌਜਵਾਨ ਪ੍ਰਦੀਪ ਕੁਮਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੇ ਦੋ ਲੋਕਾਂ ਨੂੰ ਕਾਬੂ ਕਰ ਲਿਆ, ਜਦਕਿ ਇਕ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਟਾਵਰ ਵਾਲੀ ਗਲੀ ਨਿਊ ਸੰਤ ਨਗਰ ਦੀ ਰਹਿਣ ਵਾਲੀ ਪੁਸ਼ਪਾ ਪਤਨੀ ਕਮਲੇਸ਼ ਕੁਮਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਟੇਲ ਨਗਰ ਦੇ ਰਹਿਣ ਵਾਲੇ ਰਿਤੇਸ਼ ਕੁਮਾਰ ਤੇ ਪਵਨ ਕੁਮਾਰ ਤੇ ਫ਼ਰਾਰ ਮੁਲਜ਼ਮ ਦੀ ਪਛਾਣ ਦੀਪਕ ਵਜੋਂ ਕੀਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਪ੍ਰਦੀਪ ਕੁਮਾਰ ਦੀ ਮਾਂ ਨੇ ਦੱਸਿਆ ਕਿ 21 ਦਸੰਬਰ ਨੂੰ ਉਨ੍ਹਾਂ ਦਾ ਪੁੱਤਰ ਪ੍ਰਦੀਪ ਕੁਮਾਰ ਆਪਣੇ ਦੋਸਤ ਰਿਤੇਸ਼ ਕੁਮਾਰ ਦੇ ਘਰ ਜਾਣ ਦਾਕਹਿ ਕੇ ਗਿਆ ਸੀ, ਪਰ ਰਾਤ ਨੂੰ ਵਾਪਸ ਨਹੀਂ ਆਇਆ। ਅਗਲੇ ਦਿਨ ਪ੍ਰਦੀਪ ਦੇ ਦੋਸਤ ਰਿਤੇਸ਼ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਦੱਸਿਆ ਕਿ ਪ੍ਰਦੀਪ ਕੁਮਾਰ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਨੂੰ ਡੀ. ਐੱਮ. ਸੀ. ਹਸਪਤਾਲ ਆਉਣ ਲਈ ਕਿਹਾ।
ਉਹ ਆਪਣੇ ਪਤੀ ਕਮਲੇਸ਼ ਦੇ ਨਾਲ ਹਸਪਤਾਲ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਜਦੋਂ ਉਨ੍ਹਾਂ ਨੇ ਆਪਣੇ ਤੌਰ 'ਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੇ ਪੁੱਤਰ ਪ੍ਰਦੀਪ ਕੁਮਾਰ ਦੀ ਰਿਤੇਸ਼ ਕੁਮਾਰ ਉਰਫ਼ ਰਾਮ, ਪਵਨ ਕੁਮਾਰ ਤੇ ਉਨ੍ਹਾਂ ਦੇ ਜਵਾਈ ਦੀਪਕ ਕੁਮਾਰ ਨਾਲ ਕਿਸੇ ਗੱਲੋਂ ਲੜਾਈ ਹੋ ਗਈ ਸੀ। ਇਸ ਦੌਰਾਨ ਉਕਤ ਤਿੰਨਾਂ ਨੇ ਉਸ ਦੇ ਪੁੱਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਉਸ ਨੂੰ ਰਿਤੇਸ਼ ਦੇ ਘਰ ਬੁਲਾਇਆ ਸੀ ਤੇ ਉੱਥੇ ਵੀ ਉਸ ਨੂੰ ਕਾਫ਼ੀ ਡਰਾਉਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਕਤ ਲੋਕਾਂ ਦੀਆਂ ਧਮਕੀਆਂ ਦੇ ਡਰ ਦੇ ਕਾਰਨ ਹੀ ਉਸ ਦੇ ਪੁੱਤਰ ਪ੍ਰਦੀਪ ਨੇ ਰਿਤੇਸ਼ ਕੁਮਾਰ ਦੇ ਘਰ 'ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ 'ਚ 1 ਜਨਵਰੀ ਨੂੰ ਪਵੇਗਾ ਮੀਂਹ, ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ
NEXT STORY