ਲੁਧਿਆਣਾ(ਸਲੂਜਾ)-ਰੋਜ਼ੀ-ਰੋਟੀ ਕਮਾਉਣ ਲਈ 21 ਸਾਲਾ ਗ੍ਰੈਜੂਏਟ ਨੌਜਵਾਨ ਤਰਲੋਕ ਸਿੰਘ ਆਪਣੇ ਘਰੋਂ ਦੁਬਈ ਗਿਆ ਪਰ ਤਿੰਨ ਦਿਨ ਬਾਅਦ ਹੀ ਉਸ ਦੀ ਲਾਸ਼ ਘਰ ਪੁੱਜ ਗਈ। ਨਾ ਤਾਂ ਪਰਿਵਾਰ ਵਾਲਿਆਂ ਨੂੰ ਅਤੇ ਨਾ ਹੀ ਇਲਾਕਾ ਨਿਵਾਸੀਆਂ ਨੂੰ ਯਕੀਨ ਹੋ ਰਿਹਾ ਸੀ ਕਿ ਤਿੰਨ ਦਿਨ ਪਹਿਲਾਂ ਰੋਜ਼ਗਾਰ ਲਈ ਗਏ ਤਰਲੋਕ ਦੀ ਦੁਬਈ ਵਿਚ ਕਿਸ ਤਰ੍ਹਾਂ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਜ਼ਿਲਾ ਲੁਧਿਆਣਾ ਦੇ ਗੁਰਦੁਆਰਾ ਰੇਰੂ ਸਾਹਿਬ ਨੇੜੇ ਪੈਂਦੇ ਸੁਖਦੇਵ ਨਗਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਮੋਹਨ ਸਿੰਘ ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਆ ਰਹੇ ਹਨ। ਤਿੰਨ ਭਰਾਵਾਂ 'ਚੋਂ ਇਕ ਤਰਲੋਕ ਸਿੰਘ ਨੇ ਜਦੋਂ ਗ੍ਰੈਜੂਏਸ਼ਨ ਕਰ ਲਈ ਤਾਂ ਉਸ ਨੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਦੁਬਈ ਜਾਣ ਦੀ ਯੋਜਨਾ ਬਣਾਈ। ਪਰਿਵਾਰ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਪ੍ਰਬੰਧ ਕਰ ਕੇ ਉਸ ਨੂੰ ਦੁਬਈ ਭੇਜ ਦਿੱਤਾ। ਦੁਬਈ ਪੁੱਜਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ ਹੀ ਇਕ ਅਜਿਹਾ ਹਾਦਸਾ ਵਾਪਰਿਆ ਕਿ ਉਹ ਮੌਤ ਦੇ ਮੂੰਹ 'ਚ ਚਲਾ ਗਿਆ।
ਤਰਲੋਕ ਦੀ ਡੈੱਡ ਬਾਡੀ ਨੂੰ ਵਾਪਸ ਲਿਆਉਣਾ ਬਣਿਆ ਸਵਾਲ
ਦੁਬਈ ਤੋਂ ਮ੍ਰਿਤਕ ਤਰਲੋਕ ਸਿੰਘ ਦੀ ਲਾਸ਼ ਨੂੰ ਲੁਧਿਆਣਾ ਕਿਸ ਤਰ੍ਹਾਂ ਵਾਪਸ ਲਿਆਂਦਾ ਜਾਵੇ, ਇਹ ਪਰਿਵਾਰ ਲਈ ਵੱਡਾ ਸਵਾਲ ਬਣ ਗਿਆ। ਇਸੇ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ, ਦੁਬਈ ਦੇ ਬਿਜ਼ਨੈੱਸਮੈਨ ਅਤੇ ਸਮਾਜਸੇਵੀ ਐੱਸ. ਪੀ. ਸਿੰਘ ਓਬਰਾਏ ਸਬੰਧੀ ਦੱਸਿਆ। ਓਬਰਾਏ ਨੇ ਟਰੱਸਟ ਦੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੂੰ ਪਰਿਵਾਰ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਛਾਪਾ ਨੇ ਸਾਰੀ ਜਾਣਕਾਰੀ ਓਬਰਾਏ ਨੂੰ ਦੇ ਦਿੱਤੀ। ਓਬਰਾਏ ਨੇ ਇਕ ਵਾਰ ਫਿਰ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਸਿਰਫ 24 ਘੰਟਿਆਂ ਦੇ ਅੰਦਰ ਹੀ ਬਣਦੀ ਕਾਨੂੰਨੀ ਕਾਰਵਾਈ ਪੂਰੀ ਕਰਵਾਉਂਦੇ ਹੋਏ ਤਰਲੋਕ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਲੁਧਿਆਣਾ ਭਿਜਵਾ ਦਿੱਤਾ।
ਮੈਂ ਕਿੱਥੋਂ ਲਿਆਊਂਗਾ ਆਪਣੇ ਤਰਲੋਕ ਨੂੰ...
ਅੱਖਾਂ ਵਿਚ ਹੰਝੂ ਲਈ ਤਰਲੋਕ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਂ ਅੱਜ ਸੁਪਨੇ ਹੀ ਟੁੱਟ ਗਏ। ਮੈਂ ਕਿੱਥੋਂ ਲਿਆਊਂਗਾ ਆਪਣੇ ਤਰਲੋਕ ਨੂੰ। ਇਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਤਰਲੋਕ ਦੇ ਪਰਿਵਾਰ ਨੂੰ ਇਹ ਭਰੋਸਾ ਦੁਆਇਆ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਪਰਿਵਾਰ ਨੂੰ ਸਰਕਾਰ ਤੋਂ ਆਰਥਿਕ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਵਾਉਣ ਦਾ ਵੀ ਹਰ ਸੰਭਵ ਯਤਨ ਕਰਨਗੇ।
ਨਿਊਜ਼ੀਲੈਂਡ ਰਹਿੰਦੇ ਪ੍ਰੇਮੀ ਕੋਲ ਜਾਣ ਲਈ ਪਤੀ ਤੋਂ 35 ਲੱਖ ਠੱਗੇ
NEXT STORY