ਜਲੰਧਰ(ਪ੍ਰੀਤ)—ਖੁਸ਼ ਮਿਜਾਜ਼, ਪੜ੍ਹਾਈ ਦੇ ਨਾਲ-ਨਾਲ ਛੋਟੀ ਉਮਰ ਵਿਚ ਕਾਰੋਬਾਰ ਵਿਚ ਅੱਵਲ ਭਾਰਤ ਵਰਮਾ ਤੇ ਉਸਦੇ ਦੋਸਤ ਜਸਕਰਨ ਸਿੰਘ ਉਰਫ ਰੋਬਿਨ ਦੀ ਮੌਤ ਦੀ ਘਟਨਾ ਦੋ ਦਿਨ ਬੀਤ ਜਾਣ ਦੇ ਬਾਵਜੂਦ ਬੁਝਾਰਤ ਬਣੀ ਹੋਈ ਹੈ। ਜੇਕਰ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਦੀ ਗੱਲਬਾਤ ਵੱਲ ਧਿਆਨ ਦੇਈਏ ਤਾਂ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਭਾਰਤ ਵਰਮਾ ਤੇ ਜਸਕਰਨ ਦੋਵੇਂ ਸੁਸਾਈਡ ਕਰਨ। ਆਖਿਰ ਦੋਵਾਂ ਨੇ ਸੁਸਾਈਡ ਕੀਤਾ ਕਿਉਂ? ਇਸ ਸਵਾਲ ਦਾ ਜਵਾਬ ਤਾਂ ਹੀ ਮਿਲ ਸਕਦਾ ਹੈ ਜੇਕਰ ਜੀ. ਆਰ. ਪੀ. ਦੀ ਟੀਮ ਨਿਰਪੱਖਤਾ ਤੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਕਰੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਗੁਰੂ ਅਮਰਦਾਸ ਨਗਰ ਦੇ ਰਹਿਣ ਵਾਲੇ ਅਸ਼ਵਨੀ ਵਰਮਾ ਦੇ ਬੇਟੇ ਭਾਰਤ ਵਰਮਾ ਤੇ ਮੁਹੱਲੇ ਵਿਚ ਰਹਿੰਦੇ ਜਸਕਰਨ ਉਰਫ ਰੋਬਿਨ ਦੀਆਂ ਲਾਸ਼ਾਂ ਫ੍ਰੈਂਡਜ਼ ਕਾਲੋਨੀ ਨੇੜਿਓਂ ਲੰਘਦੀ ਰੇਲਵੇ ਲਾਈਨ 'ਤੇ ਮਿਲੀਆਂ। ਦੋਵੇਂ ਲਾਸ਼ਾਂ ਬੁਰੀ ਤਰ੍ਹਾਂ ਕੱਟੀਆਂ-ਵੱਢੀਆਂ ਗਈਆਂ ਸਨ। ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਜੀ. ਆਰ. ਪੀ. ਦੇ ਜਾਂਚ ਅਧਿਕਾਰੀ ਮੁਤਾਬਕ ਸਪੱਸ਼ਟ ਸੁਸਾਈਡ ਕੇਸ ਹੈ, ਜਿਸ ਕਾਰਨ ਪੁਲਸ ਨੇ ਧਾਰਾ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ। ਭਾਰਤ ਵਰਮਾ ਤੇ ਜਗਮੋਹਨ ਦਾ ਪਰਿਵਾਰ ਦੋਵੇਂ ਸਦਮੇ ਵਿਚ ਹਨ। ਬੇਟਿਆਂ ਦੀ ਮੌਤ ਦਾ ਸਦਮਾ ਤਾਂ ਹੈ ਹੀ, ਨਾਲ ਹੀ ਇਹ ਸੋਚ-ਸੋਚ ਕੇ ਵੀ ਪ੍ਰੇਸ਼ਾਨ ਹਨ ਕਿ ਆਖਿਰ ਦੋਵਾਂ ਦੀ ਮੌਤ ਕਿਵੇਂ ਹੋਈ? ਕਈ ਸਵਾਲ ਅਣਸੁਲਝੇ ਹਨ ਕਿ ਆਖਿਰ ਦੋਵੇਂ ਫ੍ਰੈਂਡਜ਼ ਕਾਲੋਨੀ ਰੇਲਵੇ ਲਾਈਨ ਵੱਲ ਕਿਉਂ ਗਏ। ਕਿਸੇ ਦੇ ਬੁਲਾਉਣ 'ਤੇ ਤਾਂ ਨਹੀਂ ਗਏ? ਰੇਲਵੇ ਲਾਈਨ 'ਤੇ ਜਸਕਰਨ ਦਾ ਮੋਬਾਇਲ ਕ੍ਰਸ਼ ਮਿਲਿਆ ਪਰ ਭਾਰਤ ਦਾ ਮੋਬਾਇਲ ਨਹੀਂ ਮਿਲਿਆ? ਕਿੱਥੇ ਗਿਆ ਭਾਰਤ ਦਾ ਮੋਬਾਈਲ? ਸ਼ਾਮ ਸਵਾ 6 ਵਜੇ ਦੇ ਬਾਅਦ ਹੋਏ ਦੋਵੇਂ ਗਾਇਬ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਹੀ ਮਿਲ ਸਕਦੇ ਹਨ ਜਦੋਂ ਜੀ. ਆਰ. ਪੀ. ਪੂਰੀ ਡੂੰਘਾਈ ਨਾਲ ਜਾਂਚ ਕਰੇ।
ਸਾਰਾ ਦਿਨ ਕਾਰੋਬਾਰ ਵਿਚ ਬਿਜ਼ੀ ਰਿਹਾ ਭਾਰਤ, ਨਹੀਂ ਸੀ ਕੋਈ ਟੈਂਸ਼ਨ
ਦਰਦਨਾਕ ਹਾਦਸੇ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਰਮਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਫੈਕਟਰੀ ਕਾਰੋਬਾਰ ਵਿਚ ਬਿਜ਼ੀ ਸੀ। ਸਵੇਰੇ ਆਪਣੀ ਫੈਕਟਰੀ ਵਿਚ ਲੈਣ-ਦੇਣ ਦੇ ਟੈਕਸ ਸਬੰਧੀ ਆਪਣੇ ਪਿਤਾ ਤੇ ਹੋਰਨਾਂ ਨਾਲ ਡਿਸਕਸ ਕੀਤੀ ਤੇ ਫਿਰ ਇਕ ਐਕਸਪੋਰਟ ਆਰਡਰ ਲਈ ਕੰਪਨੀ ਦੇ ਨਵੇਂ ਲੇਬਲ ਤਿਆਰ ਕਰਵਾਏ। ਉਸ ਤੋਂ ਬਾਅਦ ਉਹ ਆਪਣੇ ਦਫਤਰ ਲਈ ਮਾਮੇ ਦੇ ਨਾਲ ਟਾਇਲਾਂ ਦੇਖਣ ਗਿਆ। ਜਿੱਥੇ ਆਪਣੇ ਪਿਤਾ ਦੇ ਨਾਲ ਸੰਪਰਕ ਵਿਚ ਰਿਹਾ। ਸ਼ਾਮ ਵੇਲੇ ਟਿਊਸ਼ਨ ਲਈ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਇਸੇ ਤਰ੍ਹਾਂ ਜਸਕਰਨ ਵੀ ਪੂਰਾ ਦਿਨ ਆਪਣੇ ਕੰਮਾਂ ਵਿਚ ਰੁੱਝਿਆ ਰਿਹਾ। ਭਾਰਤ ਤੇ ਜਸਕਰਨ ਦੇ ਪਰਿਵਾਰਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਹੁਣ ਸਵਾਲ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਪ੍ਰੇਸ਼ਾਨ ਹੋਵੇ ਤੇ ਸੁਸਾਈਡ ਕਰਨ ਤੱਕ ਦੀ ਸੋਚ ਰਿਹਾ ਹੋਵੇ, ਉਹ ਸਾਰਾ ਦਿਨ ਆਪਣੇ ਕੰਮ ਕਿਵੇਂ ਕਰ ਸਕਦਾ ਹੈ। ਪਰਿਵਾਰ ਵਾਲਿਆਂ ਦੀ ਗੱਲ 'ਤੇ ਗੌਰ ਕੀਤਾ ਜਾਵੇ ਤਾਂ ਦੋਵਾਂ ਦੇ ਚਿਹਰਿਆਂ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਜ਼ਰ ਨਹੀਂ ਆਈ।
ਅਜਿਹਾ ਕੀ ਹੋਇਆ ਸਵਾ 6 ਵਜੇ ਤੋਂ ਬਾਅਦ
ਭਾਰਤ ਦੇ ਪਰਿਵਾਰ ਮੁਤਾਬਕ ਸਵਾ 6 ਵਜੇ ਤੱਕ ਭਾਰਤ ਆਪਣੇ ਪਿਤਾ ਦੇ ਨਾਲ ਫੋਨ 'ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੰਪਰਕ ਵਿਚ ਸੀ।
ਪਿਤਾ ਦੇ ਨਾਲ ਪ੍ਰੇਸ਼ਾਨੀ ਵਿਚ ਹੋਣ ਕਾਰਨ ਕੋਈ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਪਰਿਵਾਰ ਵਾਲਿਆਂ ਨੂੰ ਅਜਿਹਾ ਕੁਝ ਮਹਿਸੂਸ ਹੋਇਆ। ਕਰੀਬ ਪੌਣੇ 6 ਵਜੇ ਭਾਰਤ ਤੇ ਜਸਕਰਨ ਦੋਵੇਂ ਘਰ ਤੋਂ ਬਾਹਰ ਮਿਲੇ। ਪਹਿਲਾਂ ਕਾਰ ਦੇ ਕੋਲ ਗੱਲਾਂ ਕਰਦੇ ਰਹੇ ਤੇ ਫਿਰ ਚੱਲ ਪਏ। ਇਹ ਸਭ ਦੀ ਸਮਝ ਤੋਂ ਬਾਹਰ ਹੈ ਕਿ ਸਵਾ 6 ਤੋਂ ਬਾਅਦ ਆਖਿਰ ਕੀ ਹੋਇਆ ਕਿ ਨੌਬਤ ਮੌਤ ਤੱਕ ਪਹੁੰਚ ਗਈ।
ਕਮਜ਼ੋਰ ਇਨਵੈਸਟੀਗੇਸ਼ਨ ਕਾਰਨ ਕਿਤੇ ਬੁਝਾਰਤ ਹੀ ਨਾ ਬਣ ਜਾਵੇ ਦੋਸਤਾਂ ਦੀ ਮੌਤ ਦਾ ਮਾਮਲਾ
2 ਨੌਜਵਾਨਾਂ ਦੀਆਂ ਲਾਸ਼ਾਂ ਰੇਲਵੇ ਟ੍ਰੈਕ 'ਤੇ ਮਿਲੀਆਂ। ਜੀ. ਆਰ. ਪੀ. ਥਾਣਾ ਪੁਲਸ ਵਲੋਂ ਰੁਟੀਨ ਵਿਚ ਕਾਰਵਾਈ ਕਰਦਿਆਂ ਧਾਰਾ 174 ਦੇ ਅਧੀਨ ਕਾਰਵਾਈ ਕਰ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਪਰਿਵਾਰ ਵਾਲਿਆਂ ਨੂੰ ਸੌਂਪ ਕੇ ਆਪਣੀ ਕਾਰਵਾਈ ਪੂਰੀ ਕਰ ਦਿੱਤੀ ਪਰ ਜਾਂਚ ਅਧਿਕਾਰੀ ਨੇ ਇਹ ਨਹੀਂ ਸੋਚਿਆ ਕਿ ਮਾਮਲਾ ਕਿੰਨਾ ਗੰਭੀਰ ਹੈ ਕਿ ਆਖਿਰ ਦੋ ਨੌਜਵਾਨਾਂ ਨੇ ਸੁਸਾਈਡ ਕੀਤਾ ਕਿਉਂ? ਪਰਿਵਾਰ ਵਾਲੇ ਤਾਂ ਪਹਿਲੇ ਦਿਨ ਤੋਂ ਹੀ ਕਤਲ ਦਾ ਸ਼ੱਕ ਜਤਾ ਰਹੇ ਹਨ ਪਰ ਜਿਸ ਤਰ੍ਹਾਂ ਜੀ. ਆਰ. ਪੀ. ਦੀ ਜਾਂਚ ਪ੍ਰਕਿਰਿਆ ਚੱਲ ਰਹੀ ਹੈ, ਉਸ ਨਾਲ ਮਾਮਲਾ ਲਟਕਦਾ ਜਾ ਰਿਹਾ ਹੈ। ਜੀ. ਆਰ. ਪੀ. ਦੀ ਸੁਸਤ ਪ੍ਰੋਸੈਸਿੰਗ ਤੇ ਕਮਜ਼ੋਰ ਇਨਵੈਸਟੀਗੇਸ਼ਨ ਕਾਰਨ ਕਿਤੇ ਦੋ ਦੋਸਤਾਂ ਦੀ ਮੌਤ ਬੁਝਾਰਤ ਹੀ ਨਾ ਬਣ ਜਾਵੇ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵਾਂ ਨੌਜਵਾਨਾਂ ਦੇ ਮੋਬਾਇਲਾਂ ਦੀ ਕਾਲ ਡਿਟੇਲ ਪਾਵਰ ਲੋਕੇਸ਼ਨ ਤਾਂ ਕਢਵਾਉਣੀ ਹੀ ਚਾਹੀਦੀ ਸੀ। ਇਕ ਅਧਿਕਾਰੀ ਮੁਤਾਬਕ ਜੇਕਰ ਪੁਲਸ ਇਸ ਮਾਮਲੇ ਵਿਚ ਕਾਲ ਡਿਟੇਲ ਤੇ ਮੋਬਾਇਲ ਟਾਵਰ ਡੰਪ ਦੀ ਜਾਂਚ ਕਰੇ ਤਾਂ ਘਟਨਾ ਦੇ ਅਣਸੁਲਝੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ। ਇਸ ਤੋਂ ਵੀ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਤੇੜੇ ਦੇ ਏਰੀਏ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਵਾਉਣੀ ਚਾਹੀਦੀ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਕਾਰ ਦੀ ਡਿੱਕੀ ਖੁੱਲ੍ਹੀ ਹੋਈ ਸੀ। ਪੁਲਸ ਨੇ ਮੌਕੇ ਤੋਂ ਮਿਲੀ ਭਾਰਤ ਵਰਮਾ ਦੀ ਕਾਰ ਤੋਂ ਫਿੰਗਰ ਪ੍ਰਿੰਟ ਵੀ ਲੈਣੇ ਚਾਹੀਦੇ ਤਾਂ ਜੋ ਪਤਾ ਲੱਗ ਸਕੇ ਕਿ ਕਾਰ ਵਿਚ ਕੋਈ ਤੀਜਾ ਵਿਅਕਤੀ ਤਾਂ ਮੌਜੂਦ ਨਹੀਂ ਸੀ।
ਸੜਕ ਹਾਦਸੇ 'ਚ 1 ਦੀ ਮੌਤ, 4 ਜ਼ਖਮੀ
NEXT STORY