ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਬੀਤੀ ਰਾਤ ਇਥੇ ਟਿੱਪਰ ਅਤੇ ਮੋਟਰਸਾਈਕਲ ਦੇ ਐਕਸੀਡੈਂਟ ਵਿਚ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਲਾਏ ਧਰਨੇ ਨੇ ਉਸ ਸਮੇਂ ਹੋਰ ਤੂਲ ਫੜ੍ਹ ਲਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ਵਿਚ ਸ਼ਿਕਰਤ ਕਰ ਦਿੱਤੀ। ਉਸੇ ਸਮੇਂ ‘ਆਪ’ ਦੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ਵਿਚ ਸ਼ਾਮਲ ਹੋ ਗਏ। ਮਾਮਲਾ ਉਸ ਸਮੇਂ ਹੋਰ ਭਖ ਗਿਆ, ਜਦੋਂ ਧਰਨੇ ਵਿਚ ਹੀ ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ।
ਹੋਇਆ ਇੰਝ ਕਿ ਸਬੰਧਤ ਦੁਰਘਟਨਾ ਵਿਚ ਮਾਰੇ ਗਏ ਨੌਜਵਾਨ ਦੇ ਵਾਰਿਸਾਂ ਅਤੇ ਹਮਾਇਤੀਆਂ ਨੇ ਹਸਪਤਾਲ ਅੱਗੇ ਬੀਤੀ ਰਾਤ ਤੋਂ ਹੀ ਲਾਸ਼ ਰੱਖ ਕੇ ਧਰਨਾ ਲਾਇਆ ਹੋਇਆ ਸੀ। ਉਨ੍ਹਾ ਦਾ ਦੋਸ਼ ਸੀ ਕਿ ਹਾਦਸੇ ਵੇਲੇ ਵਾਰ-ਵਾਰ ਐਂਬੂਲੈਂਸ ਨੂੰ ਫੋਨ ਕਰਨ ’ਤੇ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਨਹੀਂ ਭੇਜੀ। ਜਦੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਵਿਚ ਲਿਆਂਦਾ ਤਾਂ ਉੱਥੇ ਰਾਤ ਦੀ ਡਿਊਟੀ ’ਤੇ ਕੋਈ ਡਾਕਟਰ ਨਹੀਂ ਸੀ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਧਰਨਾਕਾਰੀ ਲਾਸ਼ ਹਸਪਤਾਲ ਅੱਗ ਰੱਖ ਕੇ ਧਰਨੇ ’ਤੇ ਬੈਠ ਗਏ। ਉਨ੍ਹਾਂ ਕਿਹਾ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਰਾਤ ਵੇਲੇ ਡਾਕਟਰ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਉਦੋਂ ਅੱਧੀ ਰਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਧਰਨੇ ’ਤੇ ਪੁੱਜ ਗਏ। ਬੀਤੇ ਦਿਨ ਸਵੇਰੇ ਸਾਬਕਾ ਮੁੱਖ ਮੰਤਰੀ ਚੰਨੀ ਫਿਰ ਧਰਨੇ ’ਤੇ ਪੁੱਜੇ। ਇਸੇ ਦੌਰਾਨ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ’ਤੇ ਪੁੱਜ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮ੍ਰਿਤਕ ਦੇ ਵਾਰਿਸਾਂ ਦੀ ਮੰਗ ਅਨੁਸਾਰ ਸਰਕਾਰ ਪਾਸੋਂ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਦੂਜੇ ਪਾਸੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਚੰਨੀ ਸਾਹਿਬ ਤੁਹਾਡੇ ਕਾਰਜਕਾਲ ਦੌਰਾਨ ਕਿੰਨੇ ਹਾਦਸੇ ਹੋਏ ਹਨ, ਤੁਸੀ ਕਿੰਨੇ ਕੁ ਮੁਆਵਜ਼ੇ ਦਿੱਤੇ ਹਨ। ਇਸ ਦੌਰਾਨ ਦੋਵਾਂ ਧੜਿਆਂ ਦਰਮਿਆਨ ਤਿੱਖੀ ਬਹਿਸ ਹੋਣ ਲੱਗ ਪਈ ਹਾਲਾਤ ਝਗੜੇ ਵਾਲੇ ਬਣ ਗਏ। ਇਸ ਨੂੰ ਟਾਲਣ ਲਈ ਐੱਸ. ਡੀ. ਐੱਮ. , ਡੀ. ਐੱਸ. ਪੀ. ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਭਾਰੀ ਪੁਲਸ ਫੋਰਸ ਨੇ ਦੋਵਾਂ ਧਿਰਾਂ ਨੂੰ ਉੱਥੋਂ ਸ਼ਾਂਤੀਪੂਰਵਕ ਤੋਰਿਆ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਇਹ ਐਕਸੀਡੈਂਟ ਖੜ੍ਹੇ ਟਿੱਪਰ ਵਿਚ ਮੋਟਰਸਾਈਕਲ ਵੱਜਣ ਨਾਲ ਹੋਇਆ ਹੈ । ਚੰਨੀ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਲਈ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ।
ਉਧਰ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬੀਤੇ ਸਮੇਂ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਸਬ ਡਿਵੀਜ਼ਨਲ ਹਸਪਤਾਲ ਬਣਾਇਆ ਗਿਆ ਹੈ। ਪਹਿਲਾਂ ਇਹ ਕਮਿਊਨਿਟੀ ਹੈਲਥ ਸੈਂਟਰ ਸੀ। ਉਸ ਸਮੇਂ ਇੱਥੇ ਨਿਯਮ ਅਨੁਸਾਰ 7 ਡਾਕਟਰ ਹੋਣੇ ਚਾਹੀਦੇ ਸਨ, ਜੋ ਕਿ ਰਹੇ ਵੀ, ਹੁਣ ਇਸ ਸਬ-ਡਿਵੀਜ਼ਨਲ ਹਸਪਤਾਲ ਵਿਚ 19 ਡਾਕਟਰ ਹੋਣੇ ਚਾਹੀਦੇ ਹਨ ਪਰ ਇੱਥੇ ਦਿਨ ਵਿਚ ਕੇਵਲ ਇੱਕ ਡਾਕਟਰ ਹੀ ਹੁੰਦਾ ਹੈ ਅਤੇ ਉਹ ਵੀ ਲਗਭਗ ਤਿੰਨ ਵਜੇਂ ਚਲਾ ਜਾਂਦਾ ਹੈ ਅਤੇ ਰਾਤ ਸਮੇਂ ਇੱਥੇ ਕੋਈ ਡਾਕਟਰ ਨਹੀਂ ਹੁੰਦਾ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਇਹ ਵੀ ਪੜ੍ਹੋ - ਜਲੰਧਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲਣ ਵਾਲੇ ਸੁਸ਼ੀਲ ਰਿੰਕੂ ਦੇ ਸਿਆਸੀ ਸਫ਼ਰ 'ਤੇ ਇਕ ਝਾਤ

ਲਾਸ਼ ਨੂੰ ਪੁਲਸ ਨੇ ਜ਼ਬਰਦਸਤੀ ਚੁੱਕਿਆ, ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਚੁੱਕਿਆ ਧਰਨਾ
ਉੱਥੇ ਹੀ ਬੀਤੀ ਰਾਤ ਤੋਂ ਹਸਪਤਾਲ ਅੱਗੇ ਧਰਨੇ ਵਿਚ ਰੱਖੀ ਲਾਸ਼ ਨੂੰ ਪੁਲਸ ਨੇ ਜ਼ਬਰਦਸਤੀ ਚੁੱਕ ਲਿਆ ਪਰ ਧਰਨਕਾਰੀਆਂ ਨੇ ਫਿਰ ਬੇਲਾ ਚੌਂਕ ਵਿਚ ਧਰਨਾ ਲਾ ਦਿੱਤਾ, ਜਿੱਥੇ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹਸਪਤਾਲ ਦੇ ਅੱਗੇ ਰੱਖੀ ਲਾਸ਼ ਲੈ ਕੇ ਜਾਣਾ ਚਾਹੁੰਦੀ ਸੀ ਪਰ ਧਰਨਾਕਾਰੀਆਂ ਨੇ ਲਾਸ਼ ਲੈ ਕੇ ਰੋਪੜ ਬਾਈਪਾਸ ’ਤੇ ਧਰਨਾ ਦੇਣ ਅਤੇ ਮੁੱਖ ਆਵਾਜਾਈ ਠੱਪ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਇਸ ਲਈ ਜਦੋ ਟਰੈਕਟਰ-ਟਰਾਲੀਆਂ ਸਟਾਰਟ ਕੀਤੀਆਂ ਤਾਂ ਪੁਲਸ ਪ੍ਰਸ਼ਾਸਨ ਨੇ ਅੱਗੇ ਹੋ ਕੇ ਇਨ੍ਹਾਂ ਟਰਾਲੀਆਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਜ਼ਬਰਦਸਤੀ ਸਭ ਰੋਕਾਂ ਨੂੰ ਹਟਾਉਦੇ ਹੋਏ ਅੱਗੇ ਨਿਕਲ ਗਏ। ਪੁਲਸ ਨੇ ਪਿੱਛਾ ਕਰਕੇ ਸਥਾਨਕ ਬੇਲਾ ਪੁਲ ’ਤੇ ਇਨ੍ਹਾਂ ਨੂੰ ਮੁੜ ਰੋਕ ਲਿਆ ਅਤੇ ਹਲਕਾ ਲਾਠੀਚਾਰਜ ਵੀ ਕੀਤਾ। ਲਾਸ਼ ਵਾਲੀ ਟਰਾਲੀ ਨੂੰ ਲੈ ਕੇ ਪਿੰਡ ਵਾਸੀ ਨੀਲੋ ਮਾਰਗ ’ਤੇ ਪੈ ਗਏ, ਜਿਨ੍ਹਾਂ ਨੂੰ ਪੁਲਸ ਨੇ ਰੋਕ ਲਿਆ ਤੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਰੋਪੜ ਲੈ ਗਈ। ਉੱਧਰ ਧਰਨਾਕਾਰੀਆਂ ਨੇ ਸਰਹਿੰਦ ਨਹਿਰ ਦੇ ਪੁਲ ’ਤੇ ਮੁੜ ਧਰਨਾ ਲਗਾ ਦਿੱਤਾ। ਇਹ ਧਰਨਾ ਐਤਵਾਰ ਸ਼ਾਮ ਕਰੀਬ 6 ਵਜੇ ਉਦੋ ਖਤਮ ਹੋਇਆ ਜਦੋਂ ਐੱਸ. ਡੀ. ਐੱਮ ਅਮਰੀਕ ਸਿੰਘ ਸਿੱਧੂ ਵਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਰਾਹਤ ਵਜੋਂ ਦਿਵਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ - ਵਿਆਹ ਦਾ ਝਾਂਸਾ ਦੇ ਕੇ ਰੋਲੀ ਕੁੜੀ ਦੀ ਪੱਤ, ਹੋਟਲ 'ਚ ਲਿਜਾ ਕੇ ਟੱਪਦਾ ਰਿਹਾ ਹੱਦਾਂ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਭੈਣ ਨੂੰ ਛੇੜਨ ਲੱਗੇ ਮੁੰਡੇ ਤਾਂ ਭਰਾ ਦਾ ਚੜ੍ਹ ਗਿਆ ਪਾਰਾ, ਹੱਥੋਪਾਈ ਤੱਕ ਪੁੱਜੀ ਗੱਲ ਤੇ ਫਿਰ...
NEXT STORY