ਫਰੀਦਕੋਟ (ਹਾਲੀ): ਪੰਜਾਬ 'ਚ ਬਾਕੀ ਹੋਰ ਕਈ ਕੋਰਸਾਂ ਦੀ ਤਰ੍ਹਾਂ ਹੀ ਬੀ.ਡੀ.ਐੱਸ.(ਡੈਂਟਲ ਡਾਕਟਰ) ਦੇ ਕੋਰਸ ਦਾ ਵੀ ਬੁਰਾ ਹਾਲ ਹੋ ਰਿਹਾ ਹੈ। ਇਸ ਦਾ ਕਾਰਨ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਪਿਛਲੇ 10 ਸਾਲਾਂ ਤੋਂ ਡੈਂਟਲ ਡਾਕਟਰਾਂ ਦੀਆਂ ਸਰਕਾਰ ਵਲੋਂ ਅਸਾਮੀਆਂ ਨਹੀਂ ਕੱਢੀਆਂ ਗਈਆਂ। ਅਸਾਮੀਆਂ ਨਾ ਕੱਢਣ ਕਰਕੇ ਵਿਦਿਆਰਥੀ ਹੁਣ ਬੀ.ਡੀ.ਐੱਸ. ਦੇ ਕੋਰਸ ਤੋਂ ਹੀ ਮੁੱਖ ਮੋੜਨ ਲੱਗੇ ਹਨ। ਪਿਛਲੇ ਸਾਲ ਦੇ ਅੰਕੜਿਆਂ 'ਤੇ ਨਿਗ੍ਹਾ ਮਾਰੀਏ ਤਾਂ ਡੈਂਟਲ ਕਾਲਜਾਂ 'ਚ 23 ਫੀਸਦੀ ਸੀਟਾਂ ਖਾਲੀ ਰਹਿ ਗਈਆਂ ਸਨ।
ਜ਼ਿਕਰਯੋਗ ਹੈ ਬੀ. ਡੀ. ਐੱਸ. ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਮੰਗ ਦੇ ਆਧਾਰ 'ਤੇ ਸਰਕਾਰ ਵਲੋਂ 2018 'ਚ ਬੀ.ਡੀ.ਐੱਸ.ਦੀਆਂ ਸਿਰਫ 11 ਅਸਾਮੀਆਂ ਹੀ ਕੱਢੀਆਂ ਗਈਆਂ ਸਨ, ਜਿਨ੍ਹਾਂ ਦਾ ਪੇਪਰ ਜਦੋਂ ਹੋਇਆ ਤਾਂ ਹੈਰਾਨੀ ਹੋਈ ਕਿ ਇਸ ਪੇਪਰ 'ਚ 1100 ਦੇ ਕਰੀਬ ਵਿਦਿਆਰਥੀ ਬੈਠੇ। ਪ੍ਰਾਪਤ ਜਾਣਕਾਰੀ
ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਨਾਲ ਸਬੰਧਿਤ ਰਾਜ ਅੰਦਰ 10 ਡੈਂਟਲ ਕਾਲਜ ਹਨ, ਜਿਨਾਂ 'ਚੋਂ 2 ਸਰਕਾਰੀ ਅਤੇ 8 ਨਿੱਜੀ ਹਨ। ਇਨ੍ਹਾਂ ਕਾਲਜਾਂ ਵਲੋਂ ਹਰ ਸਾਲ 1150 ਦੇ ਕਰੀਬ ਵਿਦਿਆਰਥੀ ਡੈਂਟਲ ਡਾਕਟਰ ਦਾ ਕੋਰਸ ਪੂਰਾ ਕਰਕੇ ਨਿਕਲਦੇ ਹਨ, ਪਰ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ। ਪਿਛਲੇ 10 ਸਾਲਾਂ 'ਚ ਸਰਕਾਰ ਵਲੋਂ ਡੈਂਟਲ ਡਾਕਟਰਾਂ ਦੀਆਂ ਆਸਾਮੀਆਂ ਨਾ ਕੱਢਣ ਕਰਕੇ ਰਾਜ ਅੰਦਰ 10 ਹਜ਼ਾਰ ਡੈਂਟਲ ਡਾਕਟਰ ਬੇਰੁਜ਼ਗਾਰ ਘੁੰਮ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ 'ਚ ਘੱਟ ਤਨਖਾਹ 'ਤੇ ਕੰਮ ਕਰਨਾ ਪੈ ਰਿਹਾ ਹੈ। ਬੀ.ਡੀ.ਐੱਸ.ਪਾਸ ਕਰਕੇ ਚੁੱਕੇ ਵਿਦਿਆਰਥੀ ਪੰਕਜ ਕੁਮਾਰ, ਵਿਕਾਸ ਅਤੇ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਬੀ.ਡੀ.ਐਸ. ਦੀ ਡਿਗਰੀ 15 ਤੋਂ 20 ਲੱਖ ਰੁਪਏ ਖਰਚ ਕਰਕੇ ਹਾਸਲ ਕੀਤੀ ਹੈ ਪਰ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਾਲੇ 7 ਤੋਂ 10 ਹਜ਼ਾਰ ਰੁਪਏ ਦੀ ਨੌਕਰੀ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਪਿਛਲੇ ਸਾਲਾਂ 'ਚ ਐੱਮ.ਬੀ.ਬੀ.ਐੱਸ. ਡਾਕਟਰਾਂ ਲਈ ਇੱਕ ਹਜ਼ਾਰ ਤੋਂ ਵੱਧ ਅਤੇ ਨਰਸਾਂ ਲਈ 2500 ਤੋਂ ਵੱਧ ਨੌਕਰੀਆਂ ਕੱਢੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਾਕੀ ਮੈਡੀਕਲ ਦੀਆਂ ਪੋਸਟਾਂ ਵਾਂਗ ਹੀ ਬੀ.ਡੀ.ਐੱਸ.ਦੀਆਂ ਪੋਸਟਾਂ ਕੱਢੀਆਂ ਜਾਣ ਤਾਂ ਜੋ ਰਹਿ ਗਏ ਬੇਰੁਜ਼ਗਾਰਾਂ ਨੂੰ ਰੁਜਗਾਰ ਮਿਲ ਸਕੇ। ਇਸ ਸਬੰਧੀ ਜਦ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਬੀ.ਡੀ.ਐੱਸ.ਪਾਸ ਕਰ ਚੁੱਕੇ ਡੈਂਟਲ ਡਾਕਟਰਾਂ ਦਾ ਇਕ ਵਫਦ ਮਿਲਿਆ ਸੀ ਅਤੇ ਉਨ੍ਹਾਂ ਨੇ ਅਸਾਮੀਆਂ ਕੱਢਣ ਦੀ ਵੀ ਮੰਗ ਰੱਖੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਦੇ ਆਧਾਰ 'ਤੇ ਸਰਕਾਰ ਡੈਂਟਲ ਡਾਕਟਰਾਂ ਦੀ ਭਰਤੀ ਲਈ ਕਾਰਵਾਈ ਕਰ ਰਹੀ ਹੈ।
ਪਠਾਨਕੋਟ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੋਰੋਨਾ, 3 ਤੇ 6 ਸਾਲ ਦੇ ਬੱਚੇ ਸਣੇ 19 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY