ਜੈਂਤੀਪੁਰ, (ਹਰਬੰਸ)- ਸਥਾਨਕ ਕਸਬੇ ਦੇ ਪਿੰਡ ਜੈਂਤੀਪੁਰ ਵਿਖੇ 1509 ਬਾਸਮਤੀ ਦੀ ਕਟਾਈ ਹੱਥੀਂ ਸ਼ੁਰੂ ਹੋ ਗਈ ਹੈ। ਠੇਕੇਦਾਰ ਕਮਲਦੀਪ ਸਿੰਘ ਜੈਂਤੀਪੁਰ ਨੇ ਦੱਸਿਆ ਕਿ ਉਨ੍ਹਾਂ ਬਾਸਮਤੀ ਅਤੇ ਝੋਨੇ ਦੀ ਕਟਾਈ ਹੱਥੀਂ ਕਰਨ ਵਾਸਤੇ ਕੁਝ ਗਰੁੱਪ ਤਿਆਰ ਕੀਤੇ ਹਨ ਜਿਨ੍ਹਾਂ ਨੇ ਅੱਜ ਸਫਲ ਕਿਸਾਨ ਜਥੇ. ਜੋਗਿੰਦਰ ਸਿੰਘ ਜੈਂਤੀਪੁਰ ਸਾਬਕਾ ਡਾਇਰੈਕਟਰ ਸ਼ੂਗਰਫੈੱਡ ਪੰਜਾਬ ਦੀ ਬਾਸਮਤੀ ਨੰ. 1509 ਦੀ ਕਟਾਈ ਦਾ ਕੰਮ ਸ਼ੁਰੂ ਕਰਵਾਇਆ। ਠੇਕੇਦਾਰ ਨੇ ਦੱਸਿਆ ਕਿ ਮੈਨੂੰ 200 ਤੋਂ 300 ਰੁਪਏ ਪ੍ਰਤੀ ਏਕੜ ਦੇ ਰਕਮ ਮਿਲਦੀ ਹੈ।
ਇਸ ਸਬੰਧੀ ਸਫਲ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਬਾਸਮਤੀ 1509 ਨੰ. ਪੱਕ ਚੁੱਕੀ ਹੈ। ਇਕ ਏਕੜ ਜ਼ਮੀਨ 'ਚ ਫਸਲ ਦੀ ਪੂਰੀ ਤਿਆਰੀ ਦਾ 10 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਹੁਣ 1 ਏਕੜ ਬਾਸਮਤੀ ਦੀ ਕਟਾਈ ਅਤੇ ਦਾਣੇ ਤਿਆਰ ਕਰਨ ਲਈ ਠੇਕੇਦਾਰ ਅਤੇ ਮਜ਼ਦੂਰ ਫਸਲ ਕੱਟਣ ਦੇ 3800 ਰੁਪਏ ਲੈ ਰਹੇ ਹਨ। ਇਸ ਤੋਂ ਇਲਾਵਾ ਫਸਲ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਵੀ ਕਾਫੀ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ 'ਚ 2300 ਰੁਪਏ ਪ੍ਰਤੀ ਕੁਇੰਟਲ ਰੇਟ ਮਿਲਦਾ ਸੀ ਪਰ ਹੁਣ 2200 ਰੁਪਏ ਪ੍ਰਤੀ ਕੁਇੰਟਲ ਦੀ ਆਵਾਜ਼ ਆ ਰਹੀ ਹੈ। ਉਨ੍ਹਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਸਾਨੂੰ ਫਸਲ ਦਾ ਘੱਟੋ-ਘੱਟ 3000 ਰੁਪਏ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਫਸਲ ਦੀ ਪਰਾਲੀ ਪਸ਼ੂਆਂ ਦੇ ਵੀ ਕੰਮ ਆਉਂਦੀ ਹੈ।
ਕੀ ਕਹਿਣੈ ਮਜ਼ਦੂਰਾਂ ਦੇ ਮੁਖੀ ਰਾਮ ਸਿੰਘ ਦਾ
ਉਨ੍ਹਾਂ ਕਿਹਾ ਕਿ ਅਸੀਂ ਅੱਤ ਦੀ ਮਹਿੰਗਾਈ 'ਚ ਪੂਰੇ ਪਰਿਵਾਰ ਸਮੇਤ ਮੀਂਹ, ਹਨੇਰੀ ਆਦਿ ਦੀ ਪ੍ਰਵਾਹ ਕੀਤੇ ਬਿਨਾਂ ਫਸਲਾਂ ਦੀ ਕਟਾਈ ਅਤੇ ਝੜਾਈ ਕਰਦੇ ਹਾਂ ਤਾਂ ਕਿ ਮਹਿੰਗਾਈ ਦੇ ਸਮੇਂ 'ਚ ਸਾਡੇ ਪਰਿਵਾਰ ਦਾ ਪਾਲਣ-ਪੋਸ਼ਣ ਚੰਗਾ ਹੋ ਸਕੇ ਅਤੇ ਸਾਡੇ ਬੱਚੇ ਚੰਗੇ ਸਕੂਲਾਂ 'ਚ ਵਿੱਦਿਆ ਪ੍ਰਾਪਤ ਕਰ ਸਕਣ। ਇਸ ਮੌਕੇ ਕਿਸਾਨ ਸਤਨਾਮ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਮਾ. ਹਰਦੀਪ ਸਿੰਘ ਮਰੜ, ਡਾ. ਮੁਖਤਾਰ ਸਿੰਘ ਮਰੜ, ਸਾਬਕਾ ਸਰਪੰਚ ਪਰਮਜੀਤ ਸਿੰਘ ਮਰੜ, ਗੁਰਮੇਜ ਸਿੰਘ, ਜਥੇ. ਸੱਜਣ ਸਿੰਘ ਬੱਜੂਮਾਨ, ਅਵਤਾਰ ਸਿੰਘ, ਨਿਸ਼ਾਨ ਸਿੰਘ ਢਡਿਆਲਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਨਰਿੰਦਰ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਖਰੀਦ ਏਜੰਸੀ ਅਤੇ ਸਰਕਾਰ ਕਿਸਾਨ ਨੂੰ ਫਸਲ ਦਾ ਕਿਥੋਂ ਤੱਕ ਰੇਟ ਦੇ ਕੇ ਖੁਸ਼ ਕਰਦੀ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY