ਨੂਰਪੁਰਬੇਦੀ, (ਭੰਡਾਰੀ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਝੰਡੇ ਹੇਠ ਅੱਜ ਇਕੱਤਰ ਹੋਏ ਕਿਸਾਨਾਂ ਨੇ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਬੱਸ ਸਟੈਂਡ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ।
ਜਥੇਬੰਦੀ ਦੇ ਜ਼ਿਲਾ ਪ੍ਰਧਾਨ ਕਾਮਰੇਡ ਮੋਹਣ ਸਿੰਘ ਧਮਾਣਾ ਦੀ ਅਗਵਾਈ ਹੇਠ ਕੀਤੇ ਗਏ ਅਰਥੀ ਫੂਕ ਮੁਜ਼ਾਹਰੇ ਦੌਰਾਨ ਕਿਸਾਨਾਂ-ਮਜ਼ਦੂਰਾਂ ਨੇ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਤੇ ਜੀ. ਐੱਸ. ਟੀ. ਦੇ ਮੁੱਦੇ 'ਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਕਾਮਰੇਡ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਮਾਰੀ ਜਾਵੇ। ਇਸ ਤੋਂ ਇਲਾਵਾ ਹਰ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ, ਜ਼ਰੂਰੀ ਚੀਜ਼ਾਂ ਦੇ ਅੱਧੇ ਮੁੱਲ ਕੀਤੇ ਜਾਣ ਤੇ ਸਕੂਲਾਂ 'ਚ ਕਿਤਾਬਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਸਰਕਾਰ ਜ਼ਿੰਮੇਵਾਰੀ ਨਾਲ ਨਿਭਾਏ ਤੇ ਰੇਤਾ-ਬੱਜਰੀ ਲੋੜਵੰਦਾਂ ਨੂੰ ਸਸਤੇ ਰੇਟ 'ਤੇ ਮੁਹੱਈਆ ਕਰਵਾਏ।
ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਮਸ਼ੀਨਰੀ ਮਹਿੰਗੀ ਹੋ ਗਈ ਹੈ, ਜਿਸ ਕਾਰਨ ਜਿਥੇ ਕਿਸਾਨਾਂ 'ਤੇ ਵਾਧੂ ਆਰਥਿਕ ਬੋਝ ਪੈ ਗਿਆ ਹੈ। ਉਥੇ ਹੀ ਛੋਟੇ ਵਪਾਰੀਆਂ ਦੇ ਤਬਾਹ ਹੋਣ ਕਾਰਨ ਆਮ ਲੋਕਾਂ ਨੂੰ ਵੀ ਹੋਰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਰੋਸ ਮਾਰਚ ਵੀ ਕੱਢਿਆ।
ਇਸ ਮੌਕੇ ਕਾਮਰੇਡ ਮੋਹਣ ਸਿੰਘ ਧਮਾਣਾ, ਮਾ. ਗੁਰਨੈਬ ਸਿੰਘ ਜੇਤੇਵਾਲ, ਅਮਰੀਕ ਸਿੰਘ ਸਮੀਰੋਵਾਲ, ਸੁਰਿੰਦਰ ਪੰਨੂ, ਛੋਟੂ ਰਾਮ ਜੱਟਪੁਰ, ਰਾਮ ਦਾਸ ਔਲਖ, ਯੋਗੀ ਰਾਮ, ਸੁਰਜੀਤ ਸਿੰਘ ਮੂਸਾਪੁਰ, ਰਾਮ ਰਤਨ ਬਾਹਮਣਮਾਜਰਾ, ਰਾਮ ਕਿਸ਼ਨ ਲਾਲਪੁਰ, ਸੁਭਾਸ਼ ਖੇੜੀ, ਸੰਤਾ ਸਿੰਘ ਧਮਾਣਾ, ਰਾਮ ਲਾਲ ਧਮਾਣਾ, ਸੋਮ ਸਿੰਘ ਰੌਲੀ, ਅਵਤਾਰ ਸਿੰਘ ਮੂਸਾਪੁਰ, ਹਰੇ ਰਾਮ ਬਾਹਮਣ ਮਾਜਰਾ ਆਦਿ ਹਾਜ਼ਰ ਸਨ।
ਵਿਧਵਾ ਨੂੰ ਲੜਕੇ ਸਣੇ ਘਰੋਂ ਕੱਢਣ ਦੇ ਦੋਸ਼ 'ਚ 2 ਕਾਬੂ
NEXT STORY