ਫਾਜ਼ਿਲਕਾ (ਨਾਗਪਾਲ, ਲੀਲਾਧਰ)—ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕੀਤੀ, ਜਿਸ ਦੌਰਾਨ ਜਿਥੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਕੀਤਾ ਗਿਆ, ਉਥੇ ਉਨ੍ਹਾਂ ਨਵੇਂ ਹੋਣ ਵਾਲੇ ਕਾਰਜਾਂ ਸਬੰਧੀ ਵੀ ਵਿਚਾਰ-ਚਰਚਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜੋ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਦੇ ਤਰੁੰਤ ਵਰਤੋਂ ਸਰਟੀਫਿਕੇਟ ਜਮ੍ਹਾ ਕਰਵਾਏ ਜਾਣ ਅਤੇ ਜੋ ਕੰਮ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਲਈ ਆਏ ਐੱਸ. ਆਈ. ਮਾਰਕਾ ਸਾਮਾਨ ਦੀ ਵਰਤੋਂ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਮਾਲ ਵਿਭਾਗ ਦੀ ਮੀਟਿੰਗ ਦੌਰਾਨ ਪੈਂਡਿੰਗ ਪਈਆਂ ਦਰਖਾਸਤਾਂ ਅਤੇ ਰਜਿਸਟਰੀਆਂ ਦਾ ਲੇਖਾ-ਜੋਖਾ ਕਰਦਿਆਂ ਕਿਹਾ ਕਿ 31 ਮਾਰਚ ਤੱਕ ਸ਼ਡਿਊਲ ਮੁਤਾਬਕ ਕਾਰਜਾਂ ਦੀ ਪੜਤਾਲ ਮੁਕੰਮਲ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਾਈਨਿੰਗ ਵਾਲੀਆਂ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ 'ਚ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਸਮੇਂ-ਸਮੇਂ 'ਤੇ ਰਿਪੋਰਟ ਭੇਜੀ ਜਾਵੇ ਤਾਂ ਜੋ ਕੰਮਾਂ ਦੀ ਸਮੀਖਿਆ ਕੀਤੀ ਜਾ ਸਕੇ। ਉਨ੍ਹਾਂ ਪੰਜਾਬ ਪਾਵਰ ਕਾਰਪੋਰੇਸ਼ਨ, ਪੀ. ਡਬਲਯੂ. ਡੀ, ਪੰਜਾਬ ਮੰਡੀ ਬੋਰਡ, ਪਸ਼ੂ ਪਾਲਣ ਵਿਭਾਗ, ਵਾਟਰ ਸਪਲਾਈ, ਵਾਟਰ ਵਰਕਸ ਅਤੇ ਭੂਮੀ ਵਿਭਾਗ, ਰੋਜ਼ਗਾਰ ਦਫਤਰ ਆਦਿ ਵਿਭਾਗਾਂ ਅਧੀਨ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਹੁਕਮ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਵਿਕਾਸ ਦੇ ਕੰਮਾਂ 'ਚ ਲੱਗ ਰਿਹਾ ਮਟੀਰੀਅਲ ਚੰਗੀ ਕਿਸਮ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਸਾਮਾਨ ਦੀ ਵਰਤੋਂ ਕਰਨੀ ਹੈ, ਉਸ 'ਤੇ ਆਈ. ਐੱਸ. ਆਈ. ਦਾ ਮਾਰਕਾ ਜ਼ਰੂਰ ਲੱਗਾ ਹੋਣਾ ਚਾਹੀਦਾ ਹੈ। ਉਨ੍ਹਾਂ ਸਲੇਮਸ਼ਾਹ ਵਿਖੇ ਬਣੀ ਗਊਸ਼ਾਲਾ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਹਾਜ਼ਰ ਅਧਿਕਾਰੀਆਂ ਦੇ ਸੁਝਾਓ ਲਏ ਅਤੇ ਗਊਵੰਸ਼ ਦੀ ਰੱਖਿਆ ਲਈ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਰ ਤਰ੍ਹਾਂ ਦੀਆਂ ਲੋਕ ਭਲਾਈ ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਲੈਣ ਤੋਂ ਕੋਈ ਵੀ ਯੋਗ ਅਤੇ ਲੋੜਵੰਦ ਵਿਅਕਤੀ ਵਾਂਝਾ ਨਾ ਰਹਿਣ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਦੇ ਕੰਮਾਂ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਇਕ-ਦੂਸਰੇ ਨਾਲ ਤਾਲਮੇਲ ਬਣਾ ਕੇ ਰੱਖਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁਧਲ, ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ, ਐੱਸ. ਡੀ. ਐੱਮ. ਅਬੋਹਰ ਮੈਡਮ ਪੂਨਮ ਸਿੰਘ, ਜ਼ਿਲਾ ਮਾਲ ਅਫਸਰ ਪਰਮਜੀਤ ਕੌਰ ਸੰਧੂ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਰਣਦੀਪ ਸਿੰਘ, ਜ਼ਿਲਾ ਸਮਾਜਕ ਸੁਰੱਖਿਆ ਅਫਸਰ ਮੁਕੇਸ਼ ਗੌਤਮ, ਲੀਡ ਬੈਂਕ ਮੈਨੇਜਰ ਪਰਮਜੀਤ ਕੋਚਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ।
ਪ੍ਰਧਾਨਗੀ ਦੇ ਅਹੁਦੇ ਲਈ ਰਾਜਪਾਲ ਸ਼ਰਮਾ ਤੇ ਨਸੀਬ ਬਾਵਾ ਐਡਵੋਕੇਟ ਆਹਮੋ-ਸਾਹਮਣੇ
NEXT STORY