ਡੇਰਾ ਬਾਬਾ ਨਾਨਕ (ਵਤਨ) : ਤੇਜ਼ ਬਰਸਾਤ ਨੇ ਡੇਰਾ ਬਾਬਾ ਨਾਨਕ ਵਿਖੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ 'ਚ ਰੁਕਾਵਟ ਪੈਦਾ ਕਰ ਦਿੱਤੀ ਹੈ ਅਤੇ ਸਾਰੇ ਸਵਾਗਤੀ ਸਮਾਗਮਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਡੇਰਾ ਬਾਬਾ ਨਾਨਕ 'ਚ ਪਈ ਤੇਜ਼ ਬਰਸਾਤ ਕਾਰਣ ਪ੍ਰਸ਼ਾਸਨ ਵਲੋਂ ਬਣਾਈ ਗਈ ਪਾਰਕਿੰਗ 'ਚ ਚਿੱਕੜ ਹੀ ਚਿੱਕੜ ਹੋ ਗਿਆ ਹੈ, ਜਿਸ ਕਾਰਣ ਪ੍ਰਸ਼ਾਸਨ ਅਤੇ ਪੁਲਸ ਨੂੰ ਆਪਣੇ ਵਾਹਨਾਂ ਨੂੰ ਕੱਢਣ 'ਚ ਹੀ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਟੈਂਟ ਸਿਟੀ 'ਚ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਟੈਂਟ ਸਿਟੀ 'ਚ ਵਿਛਾਏ ਮੈਟ ਪੂਰੀ ਤਰ੍ਹਾਂ ਨਾਲ ਗਿੱਲੇ ਹੋ ਗਏ ਹਨ, ਜਿਨ੍ਹਾਂ ਨੂੰ ਸਾਫ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ ਪਰ ਬੱਦਲਾਂ ਦੇ ਮੁੜ ਆ ਜਾਣ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾਣ ਵਾਲੇ 'ਡੇਰਾ ਬਾਬਾ ਨਾਨਕ ਉਤਸਵ' ਦਾ ਆਨੰਦ ਕਿਰਕਿਰਾ ਵੀ ਹੋ ਸਕਦਾ ਹੈ।

ਪ੍ਰਸ਼ਾਸਨ ਵਲੋਂ 'ਡੇਰਾ ਬਾਬਾ ਨਾਨਕ ਉਤਸਵ' ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਮੁੱਖ ਪੰਡਾਲ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਦਿੱਤਾ ਗਿਆ ਹੈ। ਇਸ ਦੀ ਸਜਾਵਟ ਕੀਤੀ ਜਾ ਰਹੀ ਹੈ ਅਤੇ ਫਲੈਕਸ ਬੋਰਡ ਲਾਏ ਜਾ ਰਹੇ ਹਨ। ਵੱਖ-ਵੱਖ ਸਮਾਗਮਾਂ ਲਈ ਵੱਖ-ਵੱਖ ਪੰਡਾਲਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਬਾਹਰਲੇ ਪ੍ਰਬੰਧਾਂ ਨੂੰ ਮੀਂਹ ਕਾਰਣ ਰੋਕ ਦਿੱਤਾ ਗਿਆ ਹੈ ਜਦਕਿ ਪੰਡਾਲ ਦੇ ਅੰਦਰ ਤਿਆਰੀਆਂ ਵਾਲੇ ਸਮਾਗਮਾਂ ਸਬੰਧੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਾਮ ਨੂੰ ਇਨ੍ਹਾਂ ਪ੍ਰਬੰਧਾਂ ਨੂੰ ਹਰ ਹਾਲ 'ਚ ਤਿਆਰ ਕਰ ਦਿੱਤਾ ਜਾਵੇਗਾ।
ਡੇਰਾ ਬਾਬਾ ਨਾਨਕ 'ਚ ਪਿਛਲੇ ਇਕ ਮਹੀਨੇ ਤੋਂ ਪ੍ਰਸ਼ਾਸਨ ਵਲੋਂ ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਕਸਬੇ 'ਚ ਬਾਹਰਲੇ ਵਾਹਨਾਂ ਦੀ ਆਮਦ ਬੰਦ ਕਰ ਦਿੱਤੀ ਜਾਵੇਗੀ ਤਾਂ ਜੋ ਕਸਬੇ 'ਚ ਜਾਮ ਵਰਗੀ ਸਥਿਤੀ ਨਾ ਬਣੇ ਪਰ ਪੁਲਸ ਮੁਲਾਜ਼ਮਾਂ ਦੀਆਂ ਆਪਣੀਆਂ ਗੱਡੀਆਂ ਹੀ ਕਸਬੇ 'ਚ ਟ੍ਰੈਫਿਕ ਜਾਮ ਦਾ ਕਾਰਣ ਬਣ ਰਹੀਆਂ ਹਨ। ਵੇਖਣ 'ਚ ਇਹ ਵੀ ਆਇਆ ਕਿ ਪੁਲਸ ਮੁਲਾਜ਼ਮ ਪੁਲਸ ਦੀਆਂ ਬੱਸਾਂ ਦੀ ਬਜਾਏ ਆਪਣੇ ਨਿਜੀ ਵਾਹਨਾਂ 'ਤੇ ਡਿਊਟੀ ਦੇਣ ਆਏ ਹਨ ਅਤੇ ਹਜ਼ਾਰਾਂ ਹੀ ਪੁਲਸ ਮੁਲਾਜ਼ਮਾਂ ਦੀ ਇਥੇ ਡਿਊਟੀ ਹੋਣ ਕਾਰਣ ਹਰ ਪਾਸੇ ਪੁਲਸ ਮੁਲਾਜ਼ਮਾਂ ਦੇ ਹੀ ਵਾਹਨ ਕਸਬੇ ਦੀਆਂ ਸੜਕਾਂ ਅਤੇ ਆਸ-ਪਾਸ ਦੀਆਂ ਸੜਕਾਂ 'ਤੇ ਦਿਖਾਈ ਦੇ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੁਲਸ ਮੁਲਾਜ਼ਮਾਂ ਦੇ ਨਿੱਜੀ ਵਾਹਨਾਂ ਨੂੰ ਬਾਹਰਲੀਆਂ ਪਾਰਕਿੰਗਾਂ ਤੋਂ ਕਸਬੇ ਵੱਲ ਨਾ ਆਉਣ ਦੇਣ।

ਡੇਰਾ ਬਾਬਾ ਨਾਨਕ ਉਤਸਵ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਘੁਸਪੈਠ ਦੀਆਂ ਖਬਰਾਂ ਕਾਰਣ ਡੇਰਾ ਬਾਬਾ ਨਾਨਕ ਖੇਤਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸਮਾਗਮਾਂ ਵਾਲੇ ਸਥਾਨਾਂ ਨੂੰ ਦੋਹਰੀ ਸੁਰੱਖਿਆ ਮੁਹਾਈਆ ਕਰਵਾਈ ਗਈ ਹੈ। 'ਜਗ ਬਾਣੀ' ਟੀਮ ਵੱਲੋਂ ਅੱਜ ਸਮਾਗਮਾਂ ਸਬੰਧੀ ਜਾਣਕਾਰੀ ਇਕੱਤਰ ਕਰਦਿਆਂ ਵੇਖਿਆ ਗਿਆ ਕਿ ਬੀ. ਐੱਸ. ਐੱਫ. ਦੇ ਜਵਾਨ ਸਮਾਗਮਾਂ ਵਾਲੇ ਸਥਾਨ ਦੀ ਦੋਹਰੀ ਸੁਰੱਖਿਆ ਦੀ ਡਿਊਟੀ ਦੇ ਰਹੇ ਸਨ।

ਇਸ ਦੇ ਨਾਲ-ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ਼ਿਲਾਲੇਖ ਤਿਆਰ ਕਰ ਦਿੱਤਾ ਗਿਆ ਹੈ ਜੋ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਟਰੱਸਟ ਵਲੋਂ ਇਸ ਸ਼ਿਲਾਲੇਖ ਉਪਰ 9 ਫੁੱਟ ਉਚਾ ੴ ਦਾ ਚਿੰਨ ਬਣਾਇਆ ਗਿਆ ਹੈ।
8 ਨਵੰਬਰ ਦੇ ਪ੍ਰੋਗਰਾਮ ਕੀਤੇ ਮੁਲਤਵੀ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅੱਜ ਸਾਰਾ ਦਿਨ ਪੰਡਾਲ ਅੰਦਰ ਬਣੇ ਮੀਟਿੰਗ ਹਾਲ ਵਿਚ ਡੇਰਾ ਬਾਬਾ ਨਾਨਕ ਲੋਕ ਉਤਸਵ ਦੇ ਸਮਾਗਮਾਂ ਦੀਆਂ ਤਿਆਰੀਆਂ ਦੀ ਸਮੀਖਿਆ 'ਚ ਲੱਗੇ ਰਹੇ ਤੇ ਮੀਂਹ ਕਾਰਨ ਪ੍ਰੋਗਰਾਮ ਦੇ ਪ੍ਰਬੰਧਾਂ 'ਚ ਆਈ ਪਰੇਸ਼ਾਨੀ 'ਤੇ ਵਿਚਾਰ ਵਟਾਂਦਰਾ ਕਰਦੇ ਰਹੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਿੱਥੇ ਸਮੇਂ 'ਤੇ ਮਿੱਥੇ ਪ੍ਰੋਗਰਾਮ ਹੋਣਗੇ ਤੇ ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਵਿਚ ਕਿਸੇ ਵੀ ਤਰ੍ਹਾਂ ਦੀ ਅੜਚਣ ਨਹੀਂ ਆਵੇਗੀ। ਪ੍ਰਬੰਧਕਾਂ ਵਲੋਂ ਡੇਰਾ ਬਾਬਾ ਨਾਨਕ ਲੋਕ ਉਤਸਵ ਦੇ 8 ਨਵੰਬਰ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ ਤੇ ਇਸ ਦੀ ਪੁਸ਼ਟੀ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਗਬਾਣੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਂਹ ਕਾਰਨ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਾਰੀਆਂ ਜਗਾਵਾਂ 'ਤੇ ਪਾਣੀ ਖਲੋ ਗਿਆ ਹੈ। ਪਾਰਕਿੰਗ ਵਾਲੀ ਥਾਂ 'ਤੇ ਦਲਦਲ ਜਿਹੀ ਬਣ ਗਈ ਹੈ ਤੇ ਉਥੇ ਵਾਹਨ ਖੜੇ ਕਰਨੇ ਮੁਸ਼ਕਲ ਹੋ ਜਾਣੇ ਹਨ ਤੇ ਸੰਗਤਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ ਸ਼ੁੱਕਰਵਾਰ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।
ਪਾਕਿਸਤਾਨ ਜਾਣ ਲਈ 'ਸਿੱਧੂ' ਨੇ ਤੀਜੀ ਵਾਰ ਮੰਗੀ ਇਜਾਜ਼ਤ, ਦਿੱਤੀ ਚਿਤਾਵਨੀ
NEXT STORY