ਕਿਸ਼ਨਗੜ੍ਹ (ਬੈਂਸ)-ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਨਤਮਸਤਕ ਹੋਏ। ਇਸ ਮੌਕੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਪਬਲਿਕ ਚੈਰੀਟੇਬਲ ਟਰੱਸਟ ਬਰਾਨਸੀ ਯੂ. ਪੀ.) ਵਾਲਿਆਂ ਦੇ ਆਸ਼ੀਰਵਾਦ ਨਾਲ ਟਰੱਸਟ ਦੇ ਜ. ਸਕੱਤਰ ਐਡਵੋਕੇਟ ਸਤਪਾਲ ਵਿਰਦੀ, ਹਰਦੇਵ ਦਾਸ, ਵਰਿੰਦਰ ਦਾਸ ਬੱਬੂ (ਦੋਵੇਂ ਸੇਵਾਦਾਰ), ਧਰਮਵੀਰ, ਨਿਰੰਜਣ ਦਾਸ ਚੀਮਾ, ਸੇਵਾਮੁਕਤ ਡੀ. ਐੱਸ. ਪੀ. ਚੌਧਰੀ ਰਾਮ ਪ੍ਰਕਾਸ਼, ਜੋਗਿੰਦਰ ਪਾਲ ਜੁਆਇੰਟ ਸਕੱਤਰ ਸੇਵਾ-ਮੁਕਤ ਆਈ. ਆਰ. ਐੱਸ., ਪ੍ਰੀਤਮ ਦਾਸ, ਨਿਰਮਲ ਸਿੰਘ, ਪਾਖਰ ਚੰਦ, ਮਨਦੀਪ ਦਾਸ, ਕੇ. ਐੱਲ. ਸਰੋਆ ਆਦਿ ਟਰੱਸਟੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਾਲ ਆਏ ਆਗੂਆਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਥੇ ਦੱਸ ਦੇਈਏ ਕਿ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਅੱਜ ਪਹਿਲੀ ਵਾਰ ਸੱਚਖੰਡ ਬੱਲਾਂ ਵਿਖੇ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਸਭ ਤੋਂ ਪਹਿਲਾਂ ਸੰਤ ਨਿਰੰਜਣ ਦਾਸ ਮਹਾਰਾਜ ਜੀ ਨੂੰ ਨਤਮਸਤਕ ਹੋਣ ਸਮੇਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਉਪਰੰਤ ਟਰੱਸਟ ਦੇ ਜ. ਸਕੱਤਰ ਐਡਵੋਕੇਟ ਸਤਪਾਲ ਵਿਰਦੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਡੇਰੇ ਦੀ ਸਥਾਪਨਾ, ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਦੀ ਉਸਾਰੀ, ਡੇਰੇ ਵੱਲੋਂ ਸਮਾਜ ਭਲਾਈ ਦੇ ਨਾਲ-ਨਾਲ ਵਿੱਦਿਅਕ ਤੇ ਸਿਹਤ ਸੇਵਾਵਾਂ ਤੇ ਵਿਸ਼ਵ ਭਰ ’ਚ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਮਹਾਨ ਪ੍ਰਸਾਰਥਾਂ ਤੋਂ ਜਾਣੂ ਕਰਵਾਇਆ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡੇਰੇ ਪੁਹੰਚ ਕੇ ਤੇ ਸੰਤਾਂ-ਮਹਾਪੁਰਸ਼ਾਂ ਦੇ ਪ੍ਰਵਚਨ ਸੁਣਨ ਉਪਰੰਤ ਮਨ ਨੂੰ ਬਹੁਤ ਸ਼ਾਂਤੀ ਤੇ ਸਕੂਨ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਂ ਰਹਿੰਦੀ ਦੁਨੀਆ ਤੱਕ ਸੂਰਜ ਵਾਂਗ ਚਮਕਦਾ ਰਹੇਗਾ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਉਚੇਚੇ ਤੌਰ ’ਤੇ ਆਖਿਆ ਕਿ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਤੇ ਇਸ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਜੋ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ-ਪ੍ਰਸਾਰ, ਸਮਾਜ ਭਲਾਈ, ਸਿਹਤ ਸੇਵਾਵਾਂ ਤੇ ਵਿੱਦਿਅਕ ਖੇਤਰ ’ਚ ਨਿਸ਼ਕਾਮ ਸੇਵਾਵਾਂ ਨਿਭਾਈਆ ਜਾਂਦੀਆ ਹਨ, ਉਨ੍ਹਾਂ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਡੇਰੇ ਦੇ ਨਾਲ ਲੱਗਦੀ 101 ਏਕੜ ਜ਼ਮੀਨ ਵੀ ਸਰਕਾਰ ਖ਼ਰੀਦ ਕੇ ਦੇਵੇ ਅਤੇ ਡੇਰਾ ਟਰੱਸਟ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਰੱਖਣ ਲਈ ਉਨ੍ਹਾਂ ਅੱਗੇ ਪੁਰਜ਼ੋਰ ਮੰਗ ਰੱਖੀ। ਉਪਰੰਤ ਨਵਜੋਤ ਸਿੰਘ ਸਿੱਧੂ ਦੇ ਨਾਲ ਆਏ ਹੋਏ ਸਮੂਹ ਆਗੂਆਂ ਨੂੰ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਤੇ ਟਰੱਸਟ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ. ਪੀ., ਕੈਬਨਿਟ ਮੰਤਰੀ ਅਰੁਣਾ ਚੌਧਰੀ, ਸਾਬਕਾ ਕੈਬਨਿਟ ਮੰਤਰੀ ਸੰਤੋਸ਼ ਚੌਧਰੀ (ਹੁਸ਼ਿਆਰਪੁਰ), ਸੰਗਤ ਸਿੰਘ ਗਿਲਜੀਆਂ ਕਾਰਜਕਾਰੀ ਪ੍ਰਧਾਨ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ, ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ, ਵਿਧਾਇਕ ਸੁਸੀਲ ਰਿੰਕੂ, ਨੱਥੂ ਰਾਮ, ਲਖਵਿੰਦਰ ਸਿੰਘ ਲੱਖਾ, ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲ, ਸੁਰਿੰਦਰ ਸਿੰਘ ਐਮਾਕਾਜ਼ੀ (ਡਾਇਰੈਕਟਰ ਮੰਡੀ ਬੋਰਡ) ਆਦਿ ਹਾਜ਼ਿਰ ਸਨ।
ਹੈਰਾਨੀਜਨਕ : ਪੰਜਾਬ 'ਚ ਜੋ 'ਪਿੰਡ' ਹੈ ਹੀ ਨਹੀਂ, ਉਸ ਦੀ ਪੰਚਾਇਤ ਨੂੰ 5 ਸਾਲਾਂ ਤੋਂ ਜਾਰੀ ਕੀਤੇ ਜਾ ਰਹੇ ਫੰਡ
NEXT STORY