ਡੇਰਾਬੱਸੀ (ਅਨਿਲ ) : ਕੋਰੋਨਾ ਵਾਇਰਸ ਕਾਰਨ ਹਾਟਸਪਾਟ ਬਣੇ ਡੇਰਾਬੱਸੀ ਦੇ ਨਜ਼ਦੀਕੀ ਪਿੰਡ ਜਵਾਹਰਪੁਰ ਵਿਚ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ, ਜਿਸ ਦੀ ਦੇਖ-ਰੇਖ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ। ਪਿੰਡ ਨੂੰ ਪ੍ਰਸ਼ਾਸਨ ਦੁਆਰਾ ਸੀਲ ਕੀਤਾ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਬਲਾਕ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਖੇ ਕਵਿਡ-19 ਦੇ ਕਾਫੀ ਕੇਸ ਪਾਜ਼ੇਟਿਵ ਹੋਣ ਕਰ ਕੇ ਇਹ ਪਿੰਡ ਪਿਛਲੇ ਕਾਫੀ ਦਿਨਾਂ ਤੋਂ ਸੀਲ ਕੀਤਾ ਹੋਇਆ ਹੈ ਪਰ ਹੁਣ ਕਣਕ ਦੀ ਵਾਢੀ ਦਾ ਸੀਜ਼ਨ ਆ ਗਿਆ ਹੈ।
ਵਾਢੀ ਲਈ ਕੀਤਾ ਸੱਤ ਮੈਂਬਰੀ ਕਮੇਟੀ ਦਾ ਗਠਨ
ਇਸ ਕਰ ਕੇ ਪਿੰਡ ਜਵਾਹਰਪੁਰ ਦੇ ਕਿਸਾਨਾਂ ਦੀ ਕਣਕ ਦੀ ਵਾਢੀ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਨਿਯਮਾਂ ਅਨੁਸਾਰ ਕਰਨ ਲਈ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਵੱਲੋਂ ਇਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸੁਖਚੈਨ ਸਿੰਘ ਬੀ. ਡੀ. ਪੀ. ਓ. ਡੇਰਾਬੱਸੀ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਕਮੇਟੀ ਵਿਚ ਸਤਵਿੰਦਰ ਸਿੰਘ ਐੱਸ. ਐੱਚ. ਓ. ਡੇਰਾਬੱਸੀ, ਜੈ ਦੀਪ ਸਿੰਘ ਏ. ਡੀ. ਓ., ਕੁਲਦੀਪ ਸਿੰਘ ਪਟਵਾਰੀ, ਜਤਿੰਦਰ ਸਿੰਘ ਪੰਚਾਇਤ ਸਕੱਤਰ, ਗੁਰਵਿੰਦਰ ਸਿੰਘ ਪੁੱਤਰ ਪਾਲ ਸਿੰਘ ਪੰਚ, ਚਰਨ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਜਵਾਹਰਪੁਰ ਅਤੇ ਗੁਰਦਾਸ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਜਵਾਹਰਪੁਰ ਨੂੰ ਬਤੌਰ ਕਮੇਟੀ ਮੈਂਬਰ ਬਣਾਇਆ ਗਿਆ ਹੈ।
ਕਟਾਈ ਕਰ ਕੇ ਇਸ ਫ਼ਸਲ ਨੂੰ ਅਲੱਗ ਤੋਂ ਸ਼ੈਲਰ 'ਚ ਰੱਖਿਆ ਜਾਵੇ
ਇਸ ਕਮੇਟੀ ਵੱਲੋਂ ਪਿੰਡ ਜਵਾਹਰਪੁਰ ਵਿਖੇ ਮੀਟਿੰਗ ਕੀਤੀ ਗਈ। ਕਮੇਟੀ ਦੁਆਰਾ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਪਿੰਡ ਜਵਾਹਰਪੁਰ ਦੇ ਕਿਸਾਨਾਂ ਦੀ ਕਣਕ ਦੀ ਫਸਲ ਦੀ ਕਟਾਈ ਕਰ ਕੇ ਇਸ ਫ਼ਸਲ ਨੂੰ ਅਲੱਗ ਤੋਂ ਸ਼ੈਲਰ ਵਿਚ ਰੱਖਿਆ ਜਾਵੇਗਾ। ਸ਼ੈਲਰ ਨੂੰ ਪ੍ਰਸ਼ਾਸਨ ਦੁਆਰਾ ਪਹਿਲਾਂ ਹੀ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ। ਫ਼ਸਲ ਦੀ ਕਟਾਈ ਪਿੰਡ ਦੀਆਂ ਦੋ ਕੰਬਾਈਨਾਂ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਹੋਰ ਮਸ਼ੀਨ ਨੂੰ ਪਿੰਡ ਵਿਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਵੀਰਵਾਰ ਨੂੰ ਫ਼ਸਲ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ। ਕਟਾਈ ਸਮੇਂ ਮੂੰਹ 'ਤੇ ਮਾਸਕ ਲਗਾਉਣਾ ਅਤੇ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਪਟਿਆਲਾ 'ਚ ਕੋਰੋਨਾ ਦੀ ਦਹਿਸ਼ਤ : 15 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY