ਚੰਡੀਗੜ੍ਹ (ਬਿਊਰੋ)-ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ਼) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਨਾਈਟ ਡੌਮੀਨੇਸ਼ਨ ਆਪਰੇਸ਼ਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਹੱਦੀ ਜ਼ਿਲ੍ਹਿਆਂ ’ਚ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ। ਡੀ. ਜੀ. ਪੀ. ਨੇ ਸਰਹੱਦੀ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਨੂੰ ਸੈਕਟਰਾਂ ’ਚ ਵੰਡਣ ਅਤੇ ਹਰ ਸੈਕਟਰ ਲਈ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਜਾਵੇ, ਜੋ ਨਿੱਜੀ ਤੌਰ ’ਤੇ ਨਾਈਟ ਡੌਮੀਨੇਸ਼ਨ ਆਪਰੇਸ਼ਨ ਦੌਰਾਨ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀਜ਼ ਗਜ਼ਟਿਡ ਅਧਿਕਾਰੀਆਂ ਦੇ ਡਿਊਟੀ ਰੋਸਟਰ ਨੂੰ ਦੇਖਣਗੇ ਅਤੇ ਨਾਈਟ ਡੌਮੀਨੇਸ਼ਨ ਆਪਰੇਸ਼ਨਾਂ ਦੀ ਨਿਗਰਾਨੀ ਲਈ ਉਨ੍ਹਾ ਦੀ ਡਿਊਟੀ ਲਗਾਉਣਗੇ।
ਡੀ.ਜੀ.ਪੀ. ਸਹੋਤਾ ਨੇ ਕਿਹਾ ਕਿ ਸੈਕਿੰਡ ਲਾਈਨ ਆਫ਼ ਡਿਫੈਂਸ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ’ਤੇ ਰਾਤ ਨੂੰ ਸਾਰੇ ਨਾਕੇ ਇਕ ਗੈਰ-ਗਜ਼ਟਿਡ ਅਧਿਕਾਰੀ ਦੀ ਨਿਗਰਾਨੀ ਹੇਠ ਲਗਾਏ ਜਾਣਗੇ, ਜਦਕਿ ਵਾਹਨਾਂ ਦੀ ਜਾਂਚ ਲਈ ਸਹਾਇਕ ਸੜਕਾਂ ’ਤੇ ਵਾਧੂ ਨਾਕੇ ਵੀ ਲਗਾਏ ਜਾਣ। ਡੀ.ਜੀ.ਪੀ. ਨੇ ਨਿਰਦੇਸ਼ ਦਿੱਤੇ, “ਅੰਤਰ-ਰਾਜੀ ਨਾਕਿਆਂ ਖਾਸ ਕਰਕੇ ਜੰਮੂ-ਕਸ਼ਮੀਰ ਸਰਹੱਦ ’ਤੇ ਲਗਾਏ ਜਾਣ ਵਾਲੇ ਨਾਕਿਆਂ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਐੱਸ.ਐੱਸ.ਪੀਜ਼ ਨੂੰ ਨਾਕਿਆਂ ਅਤੇ ਗਸ਼ਤ ਨੂੰ ਦਰਸਾਉਂਦੀ ਹਫਤਾਵਾਰੀ ਤਾਇਨਾਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਜਿਸ ਨੂੰ ਰੇਂਜ ਆਈ.ਜੀ.ਪੀ. ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਅਜਿਹੀਆਂ ਹਫਤਾਵਾਰੀ ਯੋਜਨਾਵਾਂ ਮੌਜੂਦਾ ਅੰਦਰੂਨੀ ਸੁਰੱਖਿਆ ਦੀ ਸਥਿਤੀ ਦੇ ਆਧਾਰ ’ਤੇ ਹੋਣਗੀਆਂ। ਡੀ.ਜੀ.ਪੀ. ਸਹੋਤਾ ਨੇ ਐੱਸ.ਐੱਸ.ਪੀਜ਼ ਨੂੰ ਕਿਹਾ ਕਿ ਉਹ ਸੰਵੇਦਨਸ਼ੀਲ ਖੇਤਰਾਂ ’ਚ ਡਰੋਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਹਲਚਲ ’ਤੇ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਐੱਸ.ਐੱਸ.ਪੀਜ਼ ਨੂੰ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ਦੀ ਕਵਰੇਜ ਲਈ ਸਾਰੇ ਪੀ.ਸੀ.ਆਰ./ਆਰ.ਆਰ.ਪੀ.ਐੱਸ. ਵਾਹਨਾਂ ਅਤੇ ਬੁਲੇਟ ਪਰੂਫ ਸਮੱਗਰੀ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ।
CM ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ, ਕਿਹਾ- 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇ ਝੋਨੇ ਦੀ ਖਰੀਦ
NEXT STORY