ਚੰਡੀਗੜ੍ਹ (ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਵਲੋਂ 'ਲਾਈਟ ਐਂਡ ਸਾਊਂਡ' ਸ਼ੋਅ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲਿਆਂ 'ਚ 26 ਥਾਵਾਂ 'ਤੇ ਕਰਵਾਏ ਜਾਣਗੇ। ਆਧੁਨਿਕ ਤਕਨੀਕ ਨਾਲ ਲੈਸ ਸਮਾਰੋਹ 4 ਮਹੀਨੇ ਅਧਿਆਤਮਿਕਤਾ ਦਾ ਪ੍ਰਵਾਹ ਕਰਨਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ 7 ਅਕਤੂਬਰ ਤੋਂ ਹੋ ਰਹੀ ਹੈ।
ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ 'ਚ 7 ਤੋਂ 9 ਅਕਤੂਬਰ ਤੱਕ ਡਿਜੀਟਲ ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ, ਜੋ ਸਵੇਰੇ 6.30 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਖੁੱਲ੍ਹਾ ਰਹੇਗਾ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੇ ਸ਼ੋਅ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਸਮਾਰੋਹਾਂ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ 'ਚ ਕਰਨਗੇ।
ਪਹਿਲੇ ਅਤੇ ਆਖਰੀ ਦਿਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਪ੍ਰਕਾਸ਼ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਚੱਲੇਗਾ। ਬੁਲਾਰੇ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ 'ਚ 1 ਤੋਂ 12 ਨਵੰਬਰ ਤੱਕ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਕਰਵਾਏ ਜਾਣਗੇ। 12 ਨਵੰਬਰ ਤੱਕ ਲਗਾਤਾਰ 9 ਦਿਨ ਗੁਰੂ ਸਾਹਿਬ ਦੇ ਜੀਵਨ 'ਤੇ ਪ੍ਰਕਾਸ਼ ਪਾਇਆ ਜਾਵੇਗਾ।
ਸੰਗਰੂਰ 'ਚ ਪੁਲਸ ਮੁਲਾਜ਼ਮਾਂ ਦੀ ਗੁੰਡਾਗਰਦੀ, ਪੰਚ-ਸਰਪੰਚ ਨੂੰ ਕੁੱਟਣ ਦੇ ਲੱਗੇ ਦੋਸ਼ (ਵੀਡੀਓ)
NEXT STORY