ਮਲੋਟ, (ਜੱਜ)- ਸ਼ਹਿਰ ’ਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਇਸ ਸਮੱਸਿਆ ਸਬੰਧੀ ਲੋਕ ਵਾਰ-ਵਾਰ ਪ੍ਰਸ਼ਾਸਨ ਦਾ ਦਰਵਾਜ਼ਾ ਖਟਖਟਾਉਂਦੇ ਹਨ ਪਰ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ।
ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ’ਚੋਂ ਜਗਾਉਣ ਲਈ ਅੱਜ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੀ ਅਗਵਾਈ ’ਚ ਜਰਨੈਲੀ ਸਡ਼ਕ ’ਤੇ ਜਾਮ ਲਾ ਕੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਰੀਬ ਇਕ ਘੰਟੇ ਤੋਂ ਵੱਧ ਸਮਾਂ ਬੀਤਣ ’ਤੇ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਅਤੇ ਧਰਨੇ ਵਾਲੀ ਜਗ੍ਹਾ ’ਤੇ ਡੀ. ਐੱਸ. ਪੀ. ਮਲੋਟ ਭੁਪਿੰਦਰ ਸਿੰਘ ਰੰਧਾਵਾ ਪਹੁੰਚੇ। ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਟੇਲ ਨਗਰ ਅਤੇ ਗੁਰੂ ਨਾਨਕ ਨਗਰੀ ਵਿਚ ਕਰੀਬ ਹਰ ਗਲੀ ਵਿਚ ਸੀਵਰੇਜ ਜਾਮ ਹੈ ਅਤੇ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। ਇਸੇ ਤਰ੍ਹਾਂ ਵਾਟਰ ਵਰਕਸ ਤੋਂ ਪੀਣ ਵਾਲਾ ਪਾਣੀ ਵੀ ਕਈ-ਕਈ ਦਿਨ ਬਾਅਦ ਛੱਡਿਆ ਜਾਂਦਾ ਹੈ। ਡੀ. ਐੱਸ. ਪੀ. ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਸ ਸਮੱਸਿਆ ਨੂੰ ਐੱਸ. ਡੀ. ਐੱਮ. ਮਲੋਟ ਗੋਪਾਲ ਸਿੰਘ ਦੇ ਧਿਆਨ ਵਿਚ ਲਿਆ ਕੇ ਸਮੱਸਿਆ ਦਾ ਹੱਲ ਕਰਵਾਉਣਗੇ। ਮੰਗ-ਪੱਤਰ ਹਾਸਲ ਕਰਨ ਉਪਰੰਤ ਡੀ. ਐੱਸ. ਪੀ. ਦੇ ਵਿਸ਼ਵਾਸ ਦਿਵਾਉਣ ’ਤੇ ਲੋਕਾਂ ਨੇ ਧਰਨਾ ਚੁੱਕ ਲਿਆ। ਡੀ. ਐੱਸ. ਪੀ. ਨੇ ਖੁਦ ਲੋਕਾਂ ਨਾਲ ਮੌਕੇ ’ਤੇ ਜਾ ਕੇ ਗਲੀਆਂ ਦਾ ਦੌਰਾ ਕੀਤਾ। ਇਸ ਸਮੇਂ ਪਰਮਜੀਤ ਸਿੰਘ ਗਿੱਲ, ਪਰਮਜੀਤ ਸਿੰਘ ਕੈਪਟਨ, ਅਮਨ ਬੱਬਰ ਆਦਿ ਆਗੂਆਂ ਸਮੇਤ ਗੁਰਮੀਤ, ਮੋਹਿਤ, ਚੌਧਰੀ ਮਹਿੰਦਰ ਕੁਮਾਰ, ਸੰਦੀਪ ਸੰਜੂ, ਸੁਮਨ ਸ਼ਰਮਾ, ਬਲਕਾਰ ਸਿੰਘ, ਪ੍ਰਵੀਨ ਕੁਮਾਰ, ਰਮਨ ਕੁਮਾਰ, ਪ੍ਰੇਮ ਕੁਮਾਰ ਨਿੱਕਾ, ਬਲਕਰਨ ਸਿੰਘ, ਅਮਨ ਜਟਾਣਾ ਆਦਿ ਮੌਜੂਦ ਸਨ।
ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੀ. ਪੀ. ਐੱਫ. ਕਰਮਚਾਰੀਆਂ ਵੱਲੋਂ ਨਾਅਰੇਬਾਜ਼ੀ
NEXT STORY