ਰੂਪਨਗਰ(ਵਿਜੇ)— ਗੁਰਦੁਆਰਾ ਸਿੰਘ ਸਭਾ ਦੇ ਰਸਤੇ 'ਤੇ ਗੰਦੇ ਪਾਣੀ ਦੀ ਲੀਕੇਜ ਕਰਕੇ ਸੋਮਵਾਰ ਨੂੰ ਪੂਰਾ ਦਿਨ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਕਤ ਰਸਤੇ 'ਤੇ ਨਾਲਾ ਬਲਾਕ ਹੋ ਜਾਣ ਤੋਂ ਬਾਅਦ ਪੂਰਾ ਦਿਨ ਗੰਦਾ ਪਾਣੀ ਬੇਲਾ ਚੌਕ ਤੱਕ ਵਹਿੰਦਾ ਰਿਹਾ ਅਤੇ ਵਾਹਨਾਂ ਨਾਲ ਪੈਣ ਵਾਲੇ ਛਿੱਟਿਆਂ ਤੋਂ ਦੁਕਾਨਦਾਰ ਤੇ ਪੈਦਲ ਰਾਹਗੀਰ ਪਰੇਸ਼ਾਨ ਹੁੰਦੇ ਦੇਖੇ ਗਏ। ਮੌਕੇ 'ਤੇ ਪਹੁੰਚੇ ਦੁਕਾਨਦਾਰਾਂ ਇੰਦਰਪਾਲ, ਮਨਜੀਤ ਸਿੰਘ, ਦੀਵਾਨ ਬੱਗਾ, ਬੱਬੀ, ਜੱਸੀ ਆਦਿ ਨੇ ਦੱਸਿਆ ਕਿ ਨਾਲੇ ਦੀ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ, ਜਿਸ ਕਾਰਨ ਬਲਾਕ ਹੋਣ ਨਾਲ ਪਾਣੀ ਰਸਤੇ 'ਤੇ ਆਉਣ ਲੱਗਾ ਹੈ, ਜਦਕਿ ਨਗਰ ਕੌਂਸਲ ਦੇ ਦੋ ਮੁਲਾਜ਼ਮ ਖਾਨਾਪੂਰਤੀ ਦੇ ਤੌਰ 'ਤੇ ਸਰੀਏ ਦੀ ਮਦਦ ਨਾਲ ਬਲਾਕੇਜ ਨੂੰ ਦੂਰ ਕਰਨ ਵਿਚ ਲੱਗੇ ਰਹੇ ਪਰ ਸਫਲ ਨਹੀਂ ਹੋ ਸਕੇ। ਦੂਜੇ ਪਾਸੇ, ਬਦਬੂ ਵਾਲੇ ਵਾਤਾਵਰਣ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਸੰਬੰਧ 'ਚ ਦੁਕਾਨਦਾਰਾਂ ਨੇ ਨਗਰ ਪ੍ਰਸ਼ਾਸਨ ਤੋਂ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ। ਵਰਣਨਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਨੇੜੇ ਨਾਲਾ ਲੰਬੇ ਸਮੇਂ ਤੋਂ ਬੰਦ ਪਿਆ ਹੈ ਤੇ ਹੁਣ ਉਸ ਵਿਚ ਗੰਦਗੀ ਸੁੱਟੀ ਜਾ ਰਹੀ ਹੈ। ਉਕਤ ਸਮੱਸਿਆ ਸੰਬੰਧੀ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
23 ਸਤੰਬਰ ਨੂੰ 'ਗੱਦੀ ਦਿਵਸ' ਮਨਾਏਗਾ ਡੇਰਾ ਸੱਚਾ ਸੌਦਾ, ਪ੍ਰਸ਼ਾਸਨ ਅਲਰਟ
NEXT STORY