ਅੰਮ੍ਰਿਤਸਰ, (ਨੀਰਜ)- ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਪਟਵਾਰੀਆਂ ਦੇ ਪ੍ਰਾਈਵੇਟ ਕਰਿੰਦਿਆਂ ਨੂੰ ਬਾਹਰ ਕੱਢੇ ਜਾਣ ਦਾ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਜਿਥੇ ਸਮੂਹ ਪਟਵਾਰੀਆਂ ਨੇ ਆਪਣੇ ਪ੍ਰਾਈਵੇਟ ਕਰਿੰਦਿਆਂ ਨੂੰ ਬਾਹਰ ਕੱਢ ਦਿੱਤਾ ਹੈ, ਉਥੇ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਪਟਵਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਦਿ ਰੈਵੇਨਿਊ ਪਟਵਾਰ ਯੂਨੀਅਨ ਨੇ 27 ਨਵੰਬਰ ਤੋਂ ਸਾਰੇ ਐਡੀਸ਼ਨਲ ਪਟਵਾਰ ਸਰਕਲਾਂ ਨੂੰ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ। ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੈਦੋਲੇਹਲ, ਜਨਰਲ ਸਕੱਤਰ ਚਾਨਣ ਸਿੰਘ ਖਹਿਰਾ ਤੇ ਸਮੂਹ ਤਹਿਸੀਲਾਂ ਦੇ ਮੁਖੀਆਂ ਨੇ ਅੱਜ ਬੈਠਕ ਦੌਰਾਨ ਐਲਾਨ ਕੀਤਾ ਕਿ ਸਾਰੇ ਪਟਵਾਰੀ 27 ਨਵੰਬਰ ਨੂੰ ਆਪਣੇ ਐਡੀਸ਼ਨਲ ਸਰਕਲ ਛੱਡ ਦੇਣਗੇ ਅਤੇ ਇਕ ਪਟਵਾਰੀ ਸਿਰਫ ਇਕ ਪਟਵਾਰ ਸਰਕਲ 'ਤੇ ਹੀ ਕੰਮ ਕਰੇਗਾ।
ਪਟਵਾਰ ਸਰਕਲਾਂ 'ਤੇ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਲਾ ਅੰਮ੍ਰਿਤਸਰ ਵਿਚ 109 ਤੋਂ ਵੱਧ ਪਟਵਾਰ ਸਰਕਲ ਲਾਵਾਰਸ ਹੋ ਜਾਣਗੇ ਅਤੇ ਲਗਭਗ 500 ਤੋਂ ਵੱਧ ਪਿੰਡਾਂ ਦਾ ਜ਼ਮੀਨੀ ਰਿਕਾਰਡ ਲਾਵਾਰਸ ਹੋ ਜਾਵੇਗਾ ਕਿਉਂਕਿ ਜ਼ਿਲਾ ਪ੍ਰਸ਼ਾਸਨ ਕੋਲ ਇਨ੍ਹਾਂ ਐਡੀਸ਼ਨਲ ਸਰਕਲਾਂ 'ਤੇ ਤਾਇਨਾਤ ਕਰਨ ਲਈ ਪਟਵਾਰੀ ਨਹੀਂ ਰਹਿਣਗੇ। ਸੂਬਾਈ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਟਵਾਰੀਆਂ ਨੂੰ ਆਪਣੇ ਮਾਲ ਵਿਭਾਗ ਦੇ ਕੰਮ ਦੇ ਨਾਲ-ਨਾਲ ਹੋਰ ਸਰਕਾਰੀ ਡਿਊਟੀਆਂ ਜਿਵੇਂ ਚੋਣ ਡਿਊਟੀ, ਨੀਲੇ ਕਾਰਡ, ਬੁਢਾਪਾ ਅਤੇ ਪੈਨਸ਼ਨਾਂ ਦੇ ਕੰਮ ਵਿਚ ਤਾਇਨਾਤ ਕਰ ਦਿੱਤਾ ਜਾਂਦਾ ਹੈ। ਇਕ ਪਟਵਾਰੀ ਮੁਸ਼ਕਲ ਨਾਲ ਹੀ ਆਪਣੇ ਪਟਵਾਰ ਸਰਕਲ ਦਾ ਕੰਮ ਕਰਦਾ ਹੈ, ਜੇਕਰ ਪਟਵਾਰੀਆਂ ਨੇ 1-2 ਪ੍ਰਾਈਵੇਟ ਕਰਮਚਾਰੀ ਰੱਖੇ ਹੋਏ ਹਨ ਤਾਂ ਉਹ ਸਰਕਾਰ ਦਾ ਕੰਮ ਕਰਨ ਲਈ ਰੱਖੇ ਹੋਏ ਹਨ, ਨਾ ਕਿ ਆਪਣਾ ਕੋਈ ਪ੍ਰਾਈਵੇਟ ਕੰਮ ਕਰਨ ਲਈ। ਸਿਰਫ ਪਟਵਾਰੀ ਹੀ ਨਹੀਂ ਸਗੋਂ ਹੋਰ ਸਰਕਾਰੀ ਵਿਭਾਗਾਂ ਵਿਚ ਵੀ ਇਹੀ ਹਾਲ ਹੈ ਕਿਉਂਕਿ ਸਰਕਾਰ ਖਾਲੀ ਪੋਸਟਾਂ ਨੂੰ ਭਰ ਨਹੀਂ ਰਹੀ ਤੇ 1-1 ਪਟਵਾਰੀ ਨੂੰ 4-4 ਪਟਵਾਰ ਸਰਕਲਾਂ 'ਤੇ ਕੰਮ ਕਰਨਾ ਪੈ ਰਿਹਾ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਟਵਾਰੀਆਂ ਦੇ ਸਰਕਲਾਂ ਨੂੰ ਛੋਟਾ ਕੀਤਾ ਜਾਵੇ ਪਰ ਉਹ ਵੀ ਨਹੀਂ ਕੀਤਾ ਜਾ ਰਿਹਾ। ਹੁਣ ਜਿਵੇਂ-ਕਿਵੇਂ 15 ਦਸੰਬਰ ਤੱਕ ਪਟਵਾਰੀਆਂ ਨੂੰ ਚੋਣ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਪਟਵਾਰੀ ਇਕ ਹੀ ਕੰਮ ਕਰ ਸਕਦੇ ਹਨ ਜਾਂ ਤਾਂ ਚੋਣ ਡਿਊਟੀ ਕਰ ਲੈਣ ਜਾਂ ਫਿਰ ਮਾਲ ਵਿਭਾਗ ਦਾ ਕੰਮ।
..ਜਦ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ ਨੌਜਵਾਨ ਪੁਲਸ ਨੂੰ ਚਕਮਾ ਦੇ ਕੇ ਹੋਇਆ ਰਫੂ-ਚੱਕਰ
NEXT STORY