ਜਲੰਧਰ - ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ, ਕਿਉਂਕਿ ਇਥੇ ਧਰਮ, ਇਤਿਹਾਸ ਅਤੇ ਮੌਸਮ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਅਤੇ ਨਵੰਬਰ ਮਹੀਨੇ 'ਚ ਠੰਢ ਦੀ ਦਸਤਕ ਦੇ ਨਾਲ ਤਿਉਹਾਰਾਂ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ, ਜੋ ਪੰਜਾਬ 'ਚ ਨਹੀਂ ਸਗੋਂ ਪੂਰੇ ਭਾਰਤ 'ਚ ਬੜੀ ਸ਼ਰਧਾ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਜਾਣ ਵਾਲਾ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ 'ਚ ਕੌਮੀ ਏਕਤਾ ਅਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਰੌਸ਼ਨੀਆਂ ਦੇ ਇਸ ਤਿਉਹਾਰ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ।
ਦੀਵਾਲੀ ਦਾ ਤਿਉਹਾਰ ਹਿੰਦੂ ਧਰਮ 'ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਅਯੁੱਧਿਆ ਤੋਂ ਵਾਪਸ ਆਉਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਘਰ ਵਾਪਸ ਆਉਣ 'ਤੇ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਦੀਵਾਲੀ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ 'ਚੋਂ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। ਉਨ੍ਹਾਂ ਦੇ ਘਰ ਆਉਣ ਦੀ ਖੁਸ਼ੀ 'ਚ ਚਾਰੇ ਪਾਸੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। 20ਵੀਂ ਸਦੀ ਦੇ ਅੰਤ 'ਚ ਕੁਝ ਸਿੱਖ ਵਿਦਵਾਨਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਾਲ 2003 'ਚ ਇਸ ਦਿਨ ਨੂੰ 'ਬੰਦੀ ਛੋੜ ਦਿਵਸ' ਦੇ ਨਾਂ ਵਜੋਂ ਮਾਨਤਾ ਦਿੱਤੀ ਗਈ। ਦੀਵਾਲੀ ਦੇ ਤਿਉਹਾਰ ਮੌਕੇ ਲਕਛਮੀ ਮਾਤਾ ਦੀ ਪੂਜਾ ਵਿਸ਼ੇਸ਼ ਤੌਰ 'ਤੇ ਕੀਤੀ ਜਾਂਦੀ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਇਸ ਰਾਤ ਲਕਛਮੀ ਮਾਤਾ ਭਗਤਾਂ ਦੇ ਘਰਾਂ 'ਚ ਜ਼ਰੂਰ ਪ੍ਰਵੇਸ਼ ਕਰਦੀ ਹੈ, ਜਿਸ ਕਰਕੇ ਕਈ ਲੋਕ ਘਰਾਂ ਦੇ ਦਰਵਾਜ਼ੇ ਖੋਲ ਕੇ ਰੱਖਦੇ ਹਨ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਭਗਤੀ ਦੇ ਨਾਲ-ਨਾਲ ਸ਼ਕਤੀ ਦੇ ਮਾਰਗ 'ਤੇ ਤੋਰੀ ਸਿੱਖ ਕੌਮ ਦੇ 'ਬੰਦੀ ਛੋਡ ਦਿਵਸ' ਪ੍ਰਤੀ ਉਤਸ਼ਾਹ ਨੂੰ ਹਕੂਮਤਾਂ ਦਾ ਜ਼ੁਲਮ ਕਦੇ ਘਟਾ ਨਹੀਂ ਸਕਿਆ। ਸਿੱਖ ਹਰ ਵਰ੍ਹੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜ ਕੇ ਦੀਵਾਲੀ ਮੌਕੇ ਇੰਨ੍ਹੇ ਸ਼ਾਨਦਾਰ ਤਰੀਕੇ ਨਾਲ 'ਬੰਦੀ ਛੋਡ ਦਿਵਸ' ਮਨਾਉਂਦੇ ਹਨ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ 'ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ' ਕਹਾਵਤ ਨਾਲ ਵਿਸ਼ਵ ਪ੍ਰਸਿੱਧ ਦਰਜਾ ਪ੍ਰਾਪਤ ਕਰ ਗਈ। ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ ਇੰਨ੍ਹੇ ਜ਼ਿਆਦਾ ਸ਼ਾਨਦਾਰ ਤਰੀਕੇ ਦੀ ਦੀਪਮਾਲਾ ਨਾਲ ਸਜਾਇਆ ਜਾਂਦਾ ਹੈ ਕਿ ਪਵਿੱਤਰ ਸਰੋਵਾਰ 'ਚ ਬਣਦਾ ਰੌਸ਼ਨੀਆਂ ਦਾ ਦ੍ਰਿਸ਼ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਹੈ। ਰੌਸ਼ਨੀਆਂ ਦੇ ਨਾਲ-ਨਾਲ ਇਸ ਮੌਕੇ ਕੀਤੀ ਜਾਂਦੀ ਆਤਿਸ਼ਬਾਜ਼ੀ ਬੜਾ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ।
ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਜਗਤ ਪ੍ਰਸਿੱਧ ਹੈ। ਇਸ ਮੌਕੇ ਇਥੇ ਲੱਖਾਂ ਦਾ ਵਪਾਰ ਹੁੰਦਾ ਹੈ। ਦੀਵਾਲੀ ਤੋਂ ਪਹਿਲਾਂ ਲੋਕ, ਦੁਕਾਨਦਾਰ ਤੇ ਕਾਰਖਾਨੇਦਾਰ ਘਰਾਂ, ਦੁਕਾਨਾਂ ਤੇ ਫੈਕਟਰੀਆਂ ਦੀ ਸਫਾਈ ਅਤੇ ਨਵਾਂ ਰੰਗ ਰੋਗਨ ਕਰਵਾਇਆ ਜਾਂਦਾ ਹੈ। ਨਗਰ ਨਿਵਾਸੀ ਆਪਣੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਨੂੰ ਮਠਿਆਈਆਂ ਅਤੇ ਤੋਹਫੇ ਭੇਟ ਕਰਦੇ ਹਨ। ਦੀਵਾਲੀ ਦੇ ਮੌਕੇ ਸ਼ਹਿਰ 'ਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਦੁਕਾਨਦਾਰ ਤੇ ਹਲਵਾਈ ਆਪੋ-ਆਪਣੀਆਂ ਦੁਕਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਉਂਦੇ ਹਨ। ਦੀਵਾਲੀ ਦੇ ਮੌਕੇ ਗੁਰਦੁਆਰੇ, ਮੰਦਰ ਤੇ ਨਿੱਜੀ ਇਮਾਰਤਾਂ 'ਤੇ ਰੋਸ਼ਨੀਆਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।
ਦੱਸ ਦੇਈਏ ਕਿ ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਵਲੋਂ ਆਤਿਸ਼ਬਾਜ਼ੀ ਵੇਚਣ ਅਤੇ ਚਲਾਉਣ ਵਾਲਿਆ 'ਤੇ ਪਾਬੰਦੀ ਲਗਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਲੋਕ ਖੁਸ਼ੀਆਂ ਮਨਾਉਣ ਲਈ ਰਾਤ ਨੂੰ ਘਰਾਂ ਦੀਆਂ ਛੱਤਾਂ 'ਤੇ ਜਾ ਕੇ ਆਤਿਸ਼ਬਾਜ਼ੀ, ਹਵਾਈਆਂ, ਅਨਾਰ, ਫੁਲਝੜੀਆਂ, ਪਟਾਕੇ ਆਦਿ ਚਲਾਉਂਦੇ ਹਨ। ਦੀਵਾਲੀ ਦਾ ਮਾੜਾ ਪੱਖ ਇਸ ਰਾਤ ਖੇਡੇ ਜਾਂਦੇ ਜੂਏ ਦਾ ਹੈ । ਲੋਕ ਪੈਸੇ ਦੀ ਹਵਸ 'ਚ ਇਸ ਦਿਨ ਜੂਆ ਖੇਡਦੇ ਹਨ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ, ਜੋ ਧਰਮ ਦੇ ਖਿਲਾਫ ਹੈ। ਸਾਨੂੰ ਇਹੋ ਜਿਹੀਆਂ ਸਮਾਜ ਵਿਰੋਧੀ ਗਤੀ ਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।
ਭਾਈ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਥ ਦੇ ਸਾਂਝੇ ਸਮਾਗਮ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
NEXT STORY